ਸਿੱਧਵਾਂ ਬੇਟ(ਚਾਹਲ)-ਸਥਾਨਕ ਕਸਬੇ ਦੇ ਮਹਿਤਪੁਰ ਰੋਡ 'ਤੇ ਬਣੇ ਸ਼ਮਸ਼ਾਨਘਾਟ ਅੰਦਰ ਸ਼ਰੇਆਮ ਨਾਜਾਇਜ਼ ਸ਼ਰਾਬ ਵਿਕਣ ਦੇ ਚਰਚੇ ਤਾਂ ਕਾਫੀ ਸਮੇਂ ਤੋਂ ਸੁਣਨ ਨੂੰ ਮਿਲ ਰਹੇ ਸਨ ਪਰ ਗਾਂਧੀ ਜਯੰਤੀ ਮੌਕੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ ਨੇ ਜਿਥੇ ਇਸ ਨੂੰ ਸੱਚ ਸਾਬਿਤ ਕਰ ਦਿਖਾਇਆ ਹੈ, ਉਥੇ ਜ਼ਿਲਾ ਪੁਲਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੀ ਵੀ ਹਵਾ ਕੱਢ ਕੇ ਰੱਖ ਦਿੱਤੀ ਹੈ। ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਚੁੱਕਣ ਅਤੇ ਸ਼ਰੇਆਮ ਸ਼ਰਾਬ ਵੇਚੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਵਾਲੇ ਨਗਰ ਵਿਕਾਸ ਨੌਜਵਾਨ ਸਭਾ ਸਿੱਧਵਾਂ ਬੇਟ ਦੇ ਅਹੁਦੇਦਾਰ ਹਰਪ੍ਰੀਤ ਸਿੰਘ ਸਿੱਧਵਾਂ, ਹਰਵਿੰਦਰ ਸਿੰਘ ਸਿੱਧੂ, ਜਗਦੀਪ ਸਿੰਘ ਬਾਵਾ, ਮੁਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਪ੍ਰਿੰਸ, ਜਗਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਕਤ ਸ਼ਮਸ਼ਾਨਘਾਟ ਦੀ ਸਫਾਈ ਤੇ ਸੇਵਾ-ਸੰਭਾਲ ਲਈ ਪ੍ਰਬੰਧਕਾਂ ਵਲੋਂ ਜਿਸ ਨੌਜਵਾਨ ਨੂੰ ਰੱਖਿਆ ਗਿਆ ਹੈ। ਉਹ ਆਪਣਾ ਕੰਮ ਕਰਨ ਦੀ ਬਜਾਇ ਸ਼ਰੇਆਮ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰ ਰਿਹਾ ਹੈ, ਜਿਸ ਨੂੰ ਰੋਕਣ ਲਈ ਅਸੀਂ ਕਈ ਵਾਰ ਉਸ ਨੂੰ ਚਿਤਾਵਨੀ ਦੇਣ ਦੇ ਨਾਲ-ਨਾਲ ਕਸਬੇ ਦੇ ਮੋਹਤਵਰ ਵਿਅਕਤੀਆਂ ਦੇ ਧਿਆਨ ਵਿਚ ਇਹ ਮਾਮਲਾ ਲਿਆ ਚੁੱਕੇ ਹਾਂ ਪਰ ਕੋਈ ਅਸਰ ਨਾ ਹੁੰਦਾ ਦੇਖ ਕੇ ਅਸੀਂ ਸਬੂਤਾਂ ਸਮੇਤ ਇਸ ਦਾ ਵੀਡੀਓ ਬਣਾ ਕੇ ਫੇਸਬੁੱਕ 'ਤੇ ਪਾ ਦਿੱਤੀ, ਜਿਸ ਨੂੰ ਕੁਝ ਘੰਟਿਆਂ ਅੰਦਰ ਹੀ 5 ਹਜ਼ਾਰ ਲੋਕਾਂ ਨੇ ਦੇਖ ਕੇ ਇਸ ਨੂੰ ਮੰਦਭਾਗਾ ਦੱਸਿਆ ਹੈ। ਕਲੱਬ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਸ਼ਮਸ਼ਾਨਘਾਟ ਅੰਦਰ ਸ਼ਰਾਬ ਵਿਕਣ ਨਾਲ ਜਿਥੇ ਇਸ ਅਸਥਾਨ ਦੀ ਬੇਅਦਬੀ ਤੇ ਬਦਨਾਮੀ ਹੋ ਰਹੀ ਹੈ, ਉਥੇ ਨੌਜਵਾਨ ਪੀੜ੍ਹੀ 'ਤੇ ਵੀ ਇਸ ਦਾ ਮਾੜਾ ਅਸਰ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਜਿਸ ਸਥਾਨ 'ਤੇ ਸ਼ਰੇਆਮ ਨਾਜਾਇਜ਼ ਸ਼ਰਾਬ ਵਿਕਣ ਦੇ ਦੋਸ਼ ਲੱਗ ਰਹੇ ਹਨ, ਉਸ ਤੋਂ ਕੁਝ ਦੂਰੀ 'ਤੇ ਹੀ ਸਥਾਨਕ ਪੁਲਸ ਦਾ ਅਕਸਰ ਨਾਕਾ ਲੱਗਾ ਰਹਿੰਦਾ ਹੈ, ਜਿਸ ਨੇ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੀ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਲੋਕਾਂ ਅੰਦਰ ਚਰਚਾ ਹੈ ਕਿ ਪੁਲਸ ਇਸ ਬਾਰੇ ਅਣਜਾਣ ਹੈ ਜਾਂ ਇਸ ਨੂੰ ਜੁਰਮ ਨਹੀਂ ਮੰਨਦੀ। ਇਸ ਸਬੰਧੀ ਥਾਣਾ ਮੁਖੀ ਪਰਮਜੀਤ ਸਿੰਘ ਨੇ ਕਿਹਾ ਕਿ ਜ਼ਿਲਾ ਪੁਲਸ ਮੁਖੀ ਸੁਰਜੀਤ ਸਿੰਘ ਦੇ ਹੁਕਮਾਂ 'ਤੇ ਨਸ਼ਾ ਸਮੱਗਲਰਾਂ ਖਿਲਾਫ ਸਖਤੀ ਵਰਤੀ ਜਾ ਰਹੀ ਹੈ, ਜੇਕਰ ਸ਼ਮਸ਼ਾਨਘਾਟ ਦੇ ਮੁਲਾਜ਼ਮ ਜਾਂ ਕਿਸੇ ਹੋਰ ਵਲੋਂ ਅਜਿਹਾ ਗੈਰ-ਕਾਨੂੰਨੀ ਕੰਮ ਕੀਤਾ ਜਾ ਰਿਹਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਕਲਯੁਗੀ ਪਤਨੀ ਵਲੋਂ ਆਸ਼ਿਕ ਨਾਲ ਮਿਲ ਪਤੀ ਦਾ ਕਤਲ
NEXT STORY