ਜਲਾਲਾਬਾਦ (ਬਜਾਜ,ਟੀਨੂੰ,ਦੀਪਕ) - ਆਲ ਇੰਡੀਆ ਆਂਗਣਵਾੜੀ ਵਰਕਰਜ਼/ਹੈਲਪਰਜ਼ ਯੂਨੀਅਨ ਪੰਜਾਬ (ਏਟਕ) ਦੀ ਮੀਟਿੰਗ ਜ਼ਿਲਾ ਪ੍ਰਧਾਨ ਵੀਰਾ ਖੰਨਾ ਦੀ ਪ੍ਰਧਾਨਗੀ ਹੇਠ ਸਥਾਨਕ ਸੁਤੰਤਰ ਭਵਨ ਵਿਖੇ ਹੋਈ, ਜਿਸ ਵਿਚ ਸੂਬਾ ਪ੍ਰਧਾਨ ਸਰੋਜ ਛੱਪੜੀਵਾਲਾ ਅਤੇ ਸੂਬਾ ਜਨਰਲ ਸਕੱਤਰ ਸੁਨੀਲ ਕੌਰ ਬੇਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਦੇ ਆਲਾ ਅਧਿਕਾਰੀਆਂ ਨਾਲ 8 ਨਵੰਬਰ ਨੂੰ ਮੀਟਿੰਗ ਹੋਈ ਸੀ, ਜਿਸ ਵਿਚ ਯੂਨੀਅਨ ਵੱਲੋਂ ਕਿਹਾ ਗਿਆ ਸੀ ਕਿ ਪ੍ਰੀ ਨਰਸਰੀ ਕਲਾਸਾਂ ਚਲਾਉਣ ਲਈ ਕੋਈ ਪਾਲਿਸੀ ਨਹੀਂ ਬਣਾਈ ਗਈ। ਆਂਗਣਵਾੜੀ ਸੈਂਟਰਾਂ ਵਿਚ ਵੀ 3 ਤੋਂ 6 ਸਾਲ ਦੇ ਬੱਚੇ ਆਉਂਦੇ ਹਨ। ਪ੍ਰਾਇਮਰੀ ਸਕੂਲਾਂ ਵਿਚ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਨਾਲ ਆਂਗਣਵਾੜੀ ਸੈਂਟਰ ਬੰਦ ਹੋ ਜਾਣਗੇ। ਇਸ ਲਈ ਇਹ ਪ੍ਰੀ ਪ੍ਰਾਇਮਰੀ ਕਲਾਸਾਂ ਆਂਗਣਵਾੜੀ ਸੈਂਟਰਾਂ ਵਿਚ ਹੀ ਚਲਾਈਆਂ ਜਾਣ ਕਿਉਂਕਿ ਸਕੂਲਾਂ ਵਿਚ ਪ੍ਰੀ ਨਰਸਰੀ ਕਲਾਸਾਂ ਚਲਾਉਣ ਲਈ ਯੋਗ ਪ੍ਰਬੰਧ ਨਹੀਂ ਹਨ। ਵੱਡੇ ਪਿੰਡਾਂ ਵਿਚ 10 ਤੋਂ ਵੀ ਜ਼ਿਆਦਾ ਆਂਗਣਵਾੜੀ ਸੈਂਟਰ ਹਨ। ਇੰਨੇ ਵੱਡੇ ਪੱਧਰ 'ਤੇ ਆਂਗਣਵਾੜੀ ਸੈਂਟਰਾਂ ਨੂੰ ਪ੍ਰਾਇਮਰੀ ਸਕੂਲਾਂ ਵਿਚ ਯੋਗ ਇਮਾਰਤਾਂ ਨਾ ਹੋਣ ਕਰ ਕੇ ਸ਼ਿਫਟ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ 2 ਕਿਲੋਮੀਟਰ ਦੂਰੀ 'ਤੇ ਬੱਚਿਆਂ ਨੂੰ ਲੈ ਕੇ ਜਾਣ ਦਾ ਕੋਈ ਪ੍ਰਬੰਧ ਹੈ ਜਦਕਿ ਆਂਗਣਵਾੜੀ ਵਰਕਰਾਂ ਪੜ੍ਹੀਆਂ-ਲਿਖੀਆਂ ਹਨ ਅਤੇ ਮੈਰਿਟ ਦੇ ਆਧਾਰ 'ਤੇ ਹੀ ਭਰਤੀ ਹੁੰਦੀਆਂ ਹਨ। ਪ੍ਰੀ ਨਰਸਰੀ ਕਲਾਸਾਂ ਦੇ ਬੱਚਿਆਂ ਨੂੰ ਵਰਕਰਾਂ ਪੜ੍ਹਾ ਸਕਦੀਆਂ ਹਨ ਅਤੇ ਇਨ੍ਹਾਂ ਵਰਕਰਾਂ ਨੂੰ ਹੀ ਪ੍ਰੀ ਨਰਸਰੀ ਕਲਾਸਾਂ ਦਿੱਤੀਆਂ ਜਾਣ।
ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਪ੍ਰੀ ਨਰਸਰੀ ਕਲਾਸਾਂ ਲਈ ਪੈਨਲ ਤਿਆਰ ਕਰ ਕੇ ਮੀਟਿੰਗ ਬੁਲਾਈ ਜਾਵੇਗੀ, ਜਿਸ ਕਾਰਨ ਜਥੇਬੰਦੀ ਨੇ ਜੋ ਵਿਧਾਇਕਾਂ ਦੀਆਂ ਕੋਠੀਆਂ ਦਾ ਘਿਰਾਓ ਕਰ ਕੇ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਉਹ ਐਕਸ਼ਨ ਹੁਣ ਅਗਲੇ 20 ਦਿਨਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਤਹਿਤ ਜਲਦੀ ਤੋਂ ਜਲਦੀ ਪੈਨਲ ਤਿਆਰ ਕਰ ਕੇ ਯੂਨੀਅਨ ਨਾਲ ਮੀਟਿੰਗ ਬੁਲਾਈ ਜਾਵੇ। ਮੀਟਿੰਗ ਵਿਚ ਕ੍ਰਿਸ਼ਨਾ ਬਸਤੀ ਭੂੰਮਣ ਸ਼ਾਹ, ਰਾਜ ਲਮੋਚੜ, ਰੂਪਾ ਜਲਾਲਾਬਾਦ ਆਦਿ ਹਾਜ਼ਰ ਸਨ।
ਸੁਨਾਮ ਨਹੀਂ, ਸੁਨਾਮ ਊਧਮ ਸਿੰਘ ਵਾਲਾ ਕਹੀਏੇ! ਜਨਾਬ
NEXT STORY