ਜਲੰਧਰ (ਜਤਿੰਦਰ ਚੋਪੜਾ)- ਸਰਬ ਭਾਰਤੀ ਕਾਂਗਰਸ ਦੇ ਜਨਰਲ ਸਕੱਤਰ ਅਤੇ ਮੀਡੀਆ ਅਤੇ ਸੰਚਾਰ ਵਿਭਾਗ ਦੇ ਕੌਮੀ ਇੰਚਾਰਜ ਰਣਦੀਪ ਸੂਰਜੇਵਾਲਾ ਨੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ’ਤੇ ਵੱਡਾ ਹਮਲਾ ਬੋਲਦਿਆਂ ਸ਼ੁੱਕਰਵਾਰ ਕਿਹਾ ਕਿ ਪੰਜਾਬ ਦੀਆਂ ਚੋਣਾਂ ’ਚ ‘ਆਪ’ ਅਤੇ ਭਾਜਪਾ ਦੀ ਮਿਲੀਭੁਗਤ ਦਾ ਪਰਦਾਫਾਸ਼ ਹੋ ਗਿਆ ਹੈ। ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਕੇਜਰੀਵਾਲ ਦੀ ਪਿੱਠ ’ਤੇ ਨਰਿੰਦਰ ਮੋਦੀ ਦਾ ਹੱਥ ਹੈ। ਅੱਜ ਪਰਾਕ੍ਰਮ, ਬਹਾਦਰੀ ਅਤੇ ਸੰਘਰਸ਼ ਦੀ ਧਰਤੀ ਪੰਜਾਬ ਨੂੰ ਠੱਗਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਦਾ ਜਵਾਬ ਲੋਕ 20 ਫਰਵਰੀ ਨੂੰ ਵੋਟ ਦੀ ਚੋਟ ਨਾਲ ਦੇਣਗੇ। ਪੰਜਾਬ ’ਚ ਚੰਨੀ ਦਾ ਜਾਦੂ ਵੀ ਚਲੇਗਾ, ਪੰਜਾਬ ਅਤੇ ਪੰਜਾਬੀਅਤ ਦਾ ਜਾਦੂ ਉਸ ਤੋਂ ਵੀ ਵੱਧ ਚਲੇਗਾ। ਕਾਂਗਰਸ ਪੂਰਨ ਬਹੁਮਤ ਨਾਲ ਪਰਤੇਗੀ।
ਸੂਰਜੇਵਾਲਾ ਨੇ ਕਿਹਾ ਕਿ 16 ਫਰਵਰੀ ਨੂੰ ਕੁਮਾਰ ਵਿਸ਼ਵਾਸ ਨੇ ਕੇਜਰੀਵਾਲ ’ਤੇ ਦੋਸ਼ ਲਾਇਆ ਸੀ ਕਿ ਉਹ ਕਥਿਤ ਤੌਰ ’ਤੇ ਵੱਖਵਾਦੀ ਅਤੇ ਖ਼ਾਲਿਸਤਾਨੀ ਤਾਕਤਾਂ ਦੀ ਹਮਾਇਤ ਲੈ ਰਹੇ ਸਨ। 17 ਫਰਵਰੀ ਨੂੰ ਵਿਸ਼ਵਾਸ ਨੇ ਮੁੜ ਕੇਜਰੀਵਾਲ ਨੂੰ ਚੁਨੌਤੀ ਦਿੰਦੇ ਹੋਏ ਕਿਹਾ ਕਿ ਜੇ ਤੁਹਾਨੂੰ ਮੇਰੀ ਗੱਲ ਗਲਤ ਲੱਗਦੀ ਹੈ ਤਾਂ ਉਹ ਕਿਸੇ ਵੀ ਟੀ. ਵੀ. ਚੈਨਲ, ਅਖ਼ਬਾਰ, ਚੌਂਕ ’ਤੇ ਇਸ ਗੱਲ ਦੇ ਸਬੂਤ ਦੇਣ ਲਈ ਤਿਆਰ ਹਨ ਪਰ ਇਨ੍ਹਾਂ ਸਭ ਗੱਲਾਂ ਤੋਂ ਘਬਰਾਈ ਹੋਈ ਆਮ ਆਦਮੀ ਪਾਰਟੀ ਦੇ ਹੱਕ ’ਚ 17 ਫਰਵਰੀ ਦੀ ਸ਼ਾਮ ਨੂੰ ਭਾਜਪਾ ਹਮਾਇਤੀ ਚੋਣ ਕਮਿਸ਼ਨ ਆ ਕੇ ਖੜਾ ਹੋ ਗਿਆ ਅਤੇ ਹੁਕਮ ਜਾਰੀ ਕੀਤਾ ਕਿ ਵਿਸ਼ਵਾਸ ਦੇ ਵੀਡੀਓ ਨੂੰ ਕੋਈ ਵੀ ਚੈਨਲ ਜਾਂ ਅਖ਼ਬਾਰ ਵਿਖਾ ਜਾਂ ਪ੍ਰਕਾਸ਼ਿਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਨੇ ਤਿੱਖਾ ਵਿਰੋਧ ਕੀਤਾ ਅਤੇ ਚੋਣ ਕਮਿਸ਼ਨ ਨੂੰ ਕਿਹਾ ਕਿ ਤੁਹਾਨੂੰ ਇਹ ਅਧਿਕਾਰ ਹੀ ਨਹੀਂ ਤਾਂ ਫਿਰ ਕਾਹਲੀ-ਕਾਹਲੀ ’ਚ ਵੀਰਵਾਰ ਰਾਤ ਚੋਣ ਕਮਿਸ਼ਨ ਨੂੰ ਆਪਣਾ ਹੁਕਮ ਵਾਪਸ ਲੈਣਾ ਪਿਆ ਪਰ ਕੇਜਰੀਵਾਲ ਜਿਸ ਢੰਗ ਨਾਲ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਪਿੱਠ ਵਿਖਾ ਕੇ ਭੱਜੇ ਹਨ, ਤੋਂ ਉਨ੍ਹਾਂ ਦਾ ਇਰਾਦਾ, ਚਰਿੱਤਰ ਅਤੇ ਚਿਹਰਾ ਤਿੰਨਾਂ ’ਤੇ ਸ਼ੱਕ ਪੈਦਾ ਹੁੰਦਾ ਹੈ। ਸੂਰਜੇਵਾਲਾ ਨੇ ਕਿਹਾ ਕਿ ਜੇ ਕਿਸੇ ਹੋਰ ਵਿਅਕਤੀ ’ਤੇ ਖ਼ਾਲਿਸਤਾਨੀ ਅਨਸਰਾਂ, ਆਈ. ਐੱਸ. ਆਈ. ਦੀ ਹਮਾਇਤ ਲੈਣ ਦੇ ਦੋਸ਼ ਲੱਗਣ ਅਤੇ ਦੋਸ਼ ਲਾਉਣ ਵਾਲਾ ਕਹੇ ਕਿ ਉਹ ਸਬੂਤ ਦੇਵੇਗਾ ਤਾਂ ਐੱਨ. ਆਈ. ਏ. ਅਤੇ ਸੀ. ਬੀ. ਆਈ, ਤੁਰੰਤ ਮੁਕੱਦਮਾ ਦਰਜ ਕਰ ਲਏਗੀ ਪਰ ਕੇਜਰੀਵਾਲ ਵਿਰੁੱਧ ਮੋਦੀ ਨੇ ਕੋਈ ਕਾਰਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ: ਸੁਨੀਲ ਜਾਖੜ ਦਾ 'ਆਪ' 'ਤੇ ਵੱਡਾ ਹਮਲਾ, ਕਿਹਾ-ਕੇਜਰੀਵਾਲ ਹਿੰਦੂ ਨੂੰ ਡਰਿਆ ਤੇ ਸਹਿਮਿਆ ਹੋਇਆ ਨਾ ਸਮਝਣ
ਪੰਜਾਬ ’ਚ ਚੰਨੀ ਦਾ ਜਾਦੂ ਵੀ ਚੱਲੇਗਾ, ਪੰਜਾਬ ਅਤੇ ਪੰਜਾਬੀਅਤ ਦਾ ਜਾਦੂ ਉਸ ਤੋਂ ਵੀ ਵੱਧ ਚਲੇਗਾ ਤੇ ਕਾਂਗਰਸ ਪੂਰਨ ਬਹੁਮਤ ਲੈ ਕੇ ਪਰਤੇਗੀ
ਉਨ੍ਹਾਂ ਕਿਹਾ ਕਿ ਕੀ ਅਜਿਹਾ ਇਸ ਲਈ ਤਾਂ ਨਹੀਂ ਕਿ ਪ੍ਰਧਾਨ ਮੰਤਰੀ ਮੋਦੀ ਜਦੋਂ 3 ਕਾਲੇ ਖੇਤੀਬਾੜੀ ਕਾਨੂੰਨ ਲੈ ਕੇ ਆਏ ਤਾਂ ਦੇਸ਼ ’ਚ ਕੇਜਰੀਵਾਲ ਇਕੋ-ਇਕ ਅਜਿਹੇ ਸਭ ਤੋਂ ਪਹਿਲੇ ਮੁੱਖ ਮੰਤਰੀ ਸਨ, ਜਿਨ੍ਹਾਂ ਨੇ ਕਾਨੂੰਨ ਨੂੰ ਦਿੱਲੀ ’ਚ ਨੋਟੀਫਾਈ ਕੀਤਾ? ਕੀ ਇਸ ਲਈ ਤਾਂ ਨਹੀਂ ਕਿ ਮੋਦੀ ਨੂੰ ਪਤਾ ਹੈ ਕਿ ਪੰਜਾਬ ’ਚ ਉਨ੍ਹਾਂ ਦੀ ਹਾਰ ਹੋ ਜਾਣੀ ਹੈ ਇਸ ਲਈ ਉਹ ਆਪਣੀ ਬੀ ਟੀਮ ਕੇਜਰੀਵਾਲ ਨੂੰ ਕਾਂਗਰਸ ਨਾਲ ਲੜਾਉਣ ਲਈ ਲਿਆਏ ਹਨ? ਉਨ੍ਹਾਂ ਕਿਹਾ ਕਿ ਜਦੋਂ ਕੇਜਰੀਵਾਲ ਨੇ ਕਿਹਾ ਕਿ ਸਤਿੰਦਰ ਜੈਨ ’ਤੇ ਰੇਡ ਹੋਵੇਗੀ ਤਾਂ ਇਹ ਰੇਡ ਨਹੀਂ ਹੋਈ। ਚੰਨੀ ਜਿਨ੍ਹਾਂ ’ਤੇ ਕੇਸ ਹੀ ਦਰਜ ਨਹੀਂ ਸੀ, ਉਨ੍ਹਾਂ ’ਤੇ ਰੇਡ ਹੋ ਗਈ। ਕਾਂਗਰਸ ਦੇ ਮੀਡੀਆ ਇੰਚਾਰਜ ਨੇ ਕਿਹਾ ਕਿ ਜੇ ਕੋਈ ਦੇਸ਼ ਨੂੰ ਤੋੜਣ ਵਾਲੀਆਂ ਖਾਲਿਸਤਾਨੀ ਅਤੇ ਵੱਖਵਾਦੀ ਤਾਕਤਾਂ ਨਾਲ ਗੰਢ-ਸੰਢ ਕਰ ਲਏ ਤਾਂ ਅਜਿਹੇ ਸਿਆਸਤਦਾਨ ਜਾਂ ਅਜਿਹੀ ਪਾਰਟੀ ਤੋਂ ਜਵਾਬ ਮੰਗਣਾ ਸਭ ਦਾ ਫਰਜ਼ ਹੈ। ਇਹ ਮੈਂ ਨਹੀਂ ਕਹਿ ਰਿਹਾ ਸਗੋਂ ਕੇਜਰੀਵਾਲ ਦੀ ਪਾਰਟੀ ਦੇ ਸੰਸਥਾਪਕ ਅਤੇ ਉਨ੍ਹਾਂ ਦੇ ਸਾਥੀ ਕੁਮਾਰ ਵਿਸ਼ਵਾਸ ਨੇ ਇਹ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਮਾਹੌਲ ਅਸੀਂ ਸਭ ਨੇ ਵੇਖਿਆ ਹੈ। ਕੇਜਰੀਵਾਲ ਉਦੋਂ ਪੈਦਾ ਵੀ ਨਹੀਂ ਹੋਏ ਸਨ। ਅਸੀਂ ਵੇਖਿਆ ਕਿ ਕਿਸ ਤਰ੍ਹਾਂ ਪੰਜਾਬ ’ਚ ਸ਼ਾਮ ਨੂੰ 3-4 ਵਜੇ ਹੀ ਦੁਕਾਨਾਂ ਬੰਦ ਹੋ ਜਾਂਦੀਆਂ ਸਨ। ਲੋਕ ਆਪਣੇ ਘਰਾਂ ’ਚੋਂ ਬਾਹਰ ਨਹੀਂ ਨਿਕਲਦੇ ਸਨ। ਇਸੇ ਸ਼ਹਿਰ ਅੰਦਰ ਇਕ ਪ੍ਰਸਿੱਧ ਪੱਤਰ ਸਮੂਹ ਦੇ ਮਾਲਿਕ ਨੂੰ ਸ਼ਹੀਦ ਕੀਤਾ ਗਿਆ। ਅਨੇਕਾਂ ਹੋਰਨਾਂ ਨਿਰਦੋਸ਼ ਲੋਕਾਂ ਦੀ ਹੱਤਿਆ ਹੋਈ। ਜੇ ਕੋਈ ਵਿਅਕਤੀ ਵੱਖਵਾਦੀਆਂ ਜਾਂ ਖਾਲਿਸਤਾਨੀਆਂ ਨਾਲ ਮਿਲ ਕੇ ਚੋਣਾਂ ’ਚ ਸੱਤਾ ਪ੍ਰਾਪਤੀ ਦਾ ਸੁਪਨਾ ਦੇਖਦਾ ਹੈ ਤਾਂ ਇਸ ਗੰਭੀਰ ਮੁੱਦੇ ਦਾ ਜਵਾਬ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ 111 ਦਿਨ ’ਚ ਸਾਬਤ ਕਰ ਦਿੱਤਾ ਕਿ ਰਾਜ ਮਹਿਲ ਤੋਂ ਝੌਂਪੜੀ ਤੱਕ ਜਦੋਂ ਤੁਸੀਂ ਸ਼ਾਸਨ ਨੂੰ ਖਿੱਚ ਕੇ ਲੈ ਜਾਂਦੇ ਹੋ ਤਾਂ ਲੋਕਾਂ ਦੀ ਜ਼ਿੰਦਗੀ ’ਚ ਕਿਸ ਤਰ੍ਹਾਂ ਦੀ ਤਬਦੀਲੀ ਆਉਂਦੀ ਹੈ। ਚੰਨੀ ਨੇ ਗਰੀਬ ਲੋਕਾਂ ਦੇ 200 ਯੂਨਿਟ ਮੁਆਫ਼ ਕੀਤੇ, 7 ਕਿਲੋਵਾਟ ਤੱਕ 3 ਰੁਪਏ ਯੁਨਿਟ ਮੁਆਫ਼ ਕੀਤੇ, ਕੱਚੇ ਮਕਾਨਾਂ ਨੂੰ ਪੱਕੀ ਛੱਤ ਦੇਣ ਦਾ ਇਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ। ਕਦੇ ਕਿਸੇ ਨੇ ਸੁਣਿਆ ਹੈ ਕਿ ਰਾਤ 2 ਵਜੇ ਮੰਤਰੀ ਮੰਡਲ ਦੀ ਬੈਠਕ ਹੁੰਦੀ ਹੈ। ਇਸ ਨੌਜਵਾਨ ਮੁੱਖ ਮੰਤਰੀ ਨੇ ਸੀਮਿਤ ਸਮੇਂ ’ਚ ਨਵਾਂ ਖਾਕਾ, ਨਵਾਂ ਵਿਜ਼ਨ ਦਿੱਤਾ ਹੈ। ਇਸ ਕਾਰਨ ਸਾਨੂੰ ਭਰੋਸਾ ਹੈ ਕਿ ਆਉਂਦੇ 5 ਸਾਲ ’ਚ ਅਸੀਂ ਪੰਜਾਬ ਨੂੰ ਨਵੀਆਂ ਸਿਖਰਾਂ ’ਤੇ ਪਹੁੰਚਾ ਦੇਆਂਗੇ।
ਮੁੱਖ ਮੰਤਰੀ ਚੰਨੀ ਦੇ ‘ਭਈਆ’ ਵਾਲੇ ਬਿਆਨ ’ਤੇ ਪੈਦਾ ਹੋਏ ਵਿਵਾਦ ਨੂੰ ਲੈ ਕੇ ਸੂਰਜੇਵਾਲਾ ਨੇ ਕਿਹਾ ਕਿ ਬਿਹਾਰ, ਯੂ. ਪੀ., ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ ’ਚ ਸਾਡੇ ਭਰਾ-ਭੈਣ ਸਾਡੀ ਖੇਤੀਬਾੜੀ, ਵਪਾਰ, ਕਾਰੋਬਾਰ ਅਤੇ ਇੰਡਸਟਰੀ ’ਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹਨ। ਇਕ ਗਰੀਬ ਘਰ ’ਚ ਪੈਦਾ ਹੋਏ ਚਰਨਜੀਤ ਸਿੰਘ ਚੰਨੀ ਉਨ੍ਹਾਂ ਦਾ ਅਪਮਾਨ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਇਸ ਮੌਕੇ ’ਤੇ ਮੀਡੀਆ ਆਬਜ਼ਰਵਰ ਆਨੰਦ ਮਾਧਵ, ਡਾ. ਜਸਲੀਨ ਸੇਠੀ, ਹਰਜਿੰਦਰ ਸਿੰਘ ਲਾਡਾ ਅਤੇ ਹੋਰ ਵੀ ਮੌਜੂਦ ਸਨ।
ਕੇਜਰੀਵਾਲ ਨੇ 2017 ਦੀਆਂ ਚੋਣਾਂ ’ਚ ਵੀ 80 ਸੀਟਾਂ ਦਾ ਦਾਅਵਾ ਕੀਤਾ ਸੀ ਪਰ ਮਿਲੀਆਂ ਸਿਰਫ਼ 20
ਸੁਰਜੇਵਾਲਾ ਨੇ ਕਿਹਾ ਕਿ 2017 ਦੀਆਂ ਚੋਣਾਂ ’ਚ ਵੀ ਕੇਜਰੀਵਾਲ ਨੇ 80 ਸੀਟਾਂ ਮਿਲਣ ਦਾ ਦਾਅਵਾ ਕੀਤਾ ਸੀ ਪਰ ਇਸ ਵਾਰ ਉਨ੍ਹਾਂ 10 ਸੀਟਾਂ ਘੱਟ ਕਰ ਦਿੱਤੀਆਂ ਹਨ। ਪਿਛਲੀ ਵਾਰ ਕੇਜਰੀਵਾਲ ਕਹਿ ਰਹੇ ਸਨ ਕਿ ਬਿਕਰਮ ਸਿੰਘ ਮਜੀਠੀਆ ਡਰੱਗਸ ਘਪਲੇ ’ਚ ਸ਼ਾਮਲ ਹਨ ਅਤੇ ਅਕਾਲੀ ਦਲ ਦੀ ਐਂਟੀ ਇਨਕੰਬੈਂਸੀ ਹੈ, 80 ਸੀਟਾਂ ਮਿਲਣਗੀਆਂ ਪਰ ਮਿਲੀਆਂ ਸਿਰਫ਼ 20 ਸੀਟਾਂ। ‘ਆਪ ’ ਨੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਇਸ ਕਾਰਨ 20 ’ਚੋਂ 11 ਵਿਧਾਇਕ ਪਾਰਟੀ ਛੱਡ ਗਏ। ਪਿਛਲੀ ਵਾਰ ਉਨ੍ਹਾਂ ਦੇ ਸਹਿਯੋਗੀ ਫੂਲਕਾ, ਡਾ. ਧਰਮਵੀਰ ਗਾਂਧੀ, ਸੁਖਪਾਲ ਸਿੰਘ ਖਹਿਰਾ, ਸੁੱਚਾ ਸਿੰਘ ਛੋਟੇਪੁਰ, ਨਿਰਮਲ ਸਿੰਘ ਖਾਲਸਾ ਅਤੇ ਗੁਰਪ੍ਰੀਤ ਸਿੰਘ ਘੁੱਗੀ ਨੂੰ ਦੁੱਧ ’ਚੋਂ ਮੱਖੀ ਵਾਂਗ ਬਾਹਰ ਕੱਢ ਦਿੱਤਾ ਗਿਆ। ਕੁਮਾਰ ਵਿਸ਼ਵਾਸ, ਆਸ਼ੀਸ਼ ਖੇਤਾਨ, ਆਸ਼ੂਤੋਸ਼, ਯੋਗੇਂਦਰ ਯਾਦਵ ਨੂੰ ਵੀ ਕੱਢ ਦਿੱਤਾ ਗਿਆ।
ਕੈਪਟਨ ਅਮਰਿੰਦਰ ਬੇਅਦਬੀ ਕਰਨ ਵਾਲੀਆਂ ਤਾਕਤਾਂ ਨਾਲ ਮਿਲ ਗਏ
ਸੂਰਜੇਵਾਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਬਜ਼ੁਰਗ ਹਨ ਪਰ ਬਜ਼ੁਰਗ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਪੰਜਾਬ ਦਾ ਧਿਆਨ ਰੱਖਣ। ਪੰਜਾਬ ਅਤੇ ਕਾਂਗਰਸ ਉਨ੍ਹਾਂ ਦਾ ਵੀ ਪਰਿਵਾਰ ਸੀ। ਕਾਂਗਰਸ ਨੇ ਉਨ੍ਹਾਂ ਨੂੰ ਦੋ ਵਾਰ ਮੁੱਖ ਮੰਤਰੀ ਅਤੇ 3 ਵਾਰ ਸੂਬਾ ਕਾਂਗਰਸ ਦਾ ਪ੍ਰਧਾਨ ਬਣਾਇਆ। ਜੇ ਉਹ ਬੇਅਦਬੀ ਕਰਨ ਵਾਲੀਆਂ ਤਾਕਤਾਂ ਨਾਲ ਮਿਲ ਜਾਣਗੇ ਅਤੇ ਡਰੱਗ ਅਤੇ ਮਾਈਨਿੰਗ ਮਾਫ਼ੀਆ ’ਤੇ ਕੰਟਰੋਲ ਨਹੀਂ ਕਰ ਸਕਣਗੇ, ਜੇ ਪੰਜਾਬ ਦੇ ਸਭ ਚੁਣੇ ਹੋਏ ਪ੍ਰਤੀਨਿਧੀ ਉਨ੍ਹਾਂ ਵਿਰੁੱਧ ਹੋ ਜਾਣਗੇ ਤਾਂ ਸੰਭਾਵਿਤ ਤੌਰ ’ਤੇ ਬਦਲਣਾ ਹੀ ਪੈਣਾ ਸੀ। ਜਿਹੜੇ ਵਿਅਕਤੀ ਇਹ ਕਹਿੰਦੇ ਸਨ ਕਿ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਮਿਲੇ ਹੋਏ ਹਨ, ਇਹ ਗੱਲ ਹੁਣ ਸਭ ਦੇ ਸਾਹਮਣੇ ਆ ਗਈ ਹੈ।
ਇਹ ਵੀ ਪੜ੍ਹੋ: ਸੁਰੱਖਿਆ ਦਾ ਮੁੱਦਾ ਚੋਣਾਂ ’ਚ ਵੋਟਰਾਂ ਨੂੰ ਪ੍ਰਭਾਵਿਤ ਕਰੇਗਾ: ਸੁਖਜਿੰਦਰ ਰੰਧਾਵਾ
ਬੇਅਦਬੀ ਦੀਆਂ ਘਟਨਾਵਾਂ ਲਈ ਫਾਸਟ ਟਰੈਕ ਅਦਾਲਤ ਬਣੇਗੀ
ਸੂਰਜੇਵਾਲਾ ਨੇ ਕਿਹਾ ਕਿ ਬੇਅਦਬੀ ਕਾਂਡ ’ਚ ਜਿਸ ਤਰ੍ਹਾਂ ਸਖਤ ਕਾਰਵਾਈ ਚੰਨੀ ਸਰਕਾਰ ਨੇ ਕੀਤੀ ਹੈ, ਉਹ ਸਭ ਦੇ ਸਾਹਮਣੇ ਹੈ। ਜਦੋਂ ਕਮੀ ਰਹੀ ਸੀ, ਉਸ ਦਾ ਨਤੀਜਾ ਉਨ੍ਹਾਂ ਭੁਗਤਿਆ ਹੈ। ਇਸ ਕਾਰਨ ਲੀਡਰਸ਼ਿਪ ਬਦਲਣੀ ਪਈ। ਕਾਂਗਰਸ ਸਰਕਾਰ ਨੇ ਬੇਅਦਬੀ ਮਾਮਲ ’ਚ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਸੀ। ਸਭ ਨੂੰ ਲੱਗਦਾ ਸੀ ਕਿ ਅਕਾਲੀ ਦਲ ਅਤੇ ਹੋਰ ਲੋਕ ਜੋ ਬੇਅਦਬੀ ਦੀਆਂ ਘਟਨਾਵਾਂ ’ਚ ਸ਼ਾਮਲ ਸਨ, ਵਿਰੁੱਧ ਤੇਜ਼ੀ ਨਾਲ ਕਾਰਵਾਈ ਹੋਣੀ ਚਾਹੀਦੀ ਸੀ ਪਰ ਉਹ ਨਹੀਂ ਹੋਈ। ਪੰਜਾਬ ’ਚ ਸਰਕਾਰ ਬਦਲੀ ਅਤੇ ਸਰਕਾਰ ਦੇ ਬਦਲਦਿਆਂ ਹੀ ਢੁਕਵੀਂ ਕਾਰਵਾਈ ਕੀਤੀ ਗਈ। ਪੰਜਾਬ ਦੇ ਲੋਕ ਕਾਂਗਰਸ ਨੂੰ ਜਿਵੇਂ ਹੀ ਆਸ਼ੀਰਵਾਦ ਦੇਣਗੇ ਤਾਂ ਸਾਡਾ ਸੰਕਲਪ ਹੈ ਕਿ ਅਸੀਂ 90 ਤੋਂ 180 ਦਿਨਾਂ ਅੰਦਰ ਟਰਾਇਲ ਪੂਰਾ ਕਰ ਕੇ ਸਪੈਸ਼ਲ ਕੋਰਟ ਗਠਿਤ ਕਰਾਂਗੇ ਅਤੇ ਰੋਜ਼ਾਨਾ ਮੁਕੱਦਮਾ ਚਲਾ ਕੇ ਦੋਸ਼ੀਆਂ ਨੂੰ ਸੀਖਾਂ ਪਿਛੇ ਸੁੱਟਾਂਗੇ।
ਮੋਦੀ 382 ਦਿਨ ਦੇ ਕਿਸਾਨ ਅੰਦੋਲਨ ਦੀ ਪੰਜਾਬ ਨਾਲ ਕੱਢ ਰਹੇ ਹਨ ਦੁਸ਼ਮਣੀ
ਸੂਰਜੇਵਾਲਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਅਤੇ ਹਰਿਆਣਾ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਨਫ਼ਰਤ ਕਰਦੀ ਹੈ ਕਿਉਂਕਿ ਅਸੀਂ ਮੋਦੀ ਸਰਕਾਰ ਨੂੰ ਕਿਸਾਨਾਂ, ਗਰੀਬਾਂ ਅਤੇ ਆੜ੍ਹਤੀਆਂ ਦੀ ਡਿਓਢੀ ’ਤੇ ਝੁਕਾ ਕੇ ਵਿਖਾ ਦਿੱਤਾ। ਇਸ ਲਈ ਉਹ ਸਾਡੇ ਕੋਲੋਂ ਬਦਲਾ ਲੈ ਰਹੇ ਹਨ। ਪਿੱਛਲੇ 75 ਸਾਲ ਤੋਂ ਬੀ. ਐੱਸ. ਐੱਫ਼. ਦਾ ਜੋ ਘੇਰਾ ਸੀ ਅੱਜ ਉਸ ਨੂੰ ਵਧਾਉਣ ਦਾ ਕੀ ਤੁੱਕ ਹੈ? ਕਿਉਂ ਉਹ ਹਰ ਪੰਜਾਬੀ ਅਤੇ ਹਰ ਹਰਿਆਣਵੀ ਨੂੰ ਅੱਤਵਾਦੀ, ਨਕਸਲਵਾਦੀ ਅਤੇ ਗੁੰਡਾ ਮੰਨਦੇ ਹਨ? ਮੋਦੀ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੇ ਹਨ। ਇਸੇ ਲਈ ਉਹ ਪੰਜਾਬ ’ਚ ਆਪਣੀ ਸੁਰੱਖਿਆ ਨਾ ਹੋ ਸੱਕਣ ਵਾਲੀਆਂ ਗੱਲਾਂ ਕਹਿੰਦੇ ਹਨ।
ਕਾਂਗਰਸ ਚੋਣ ਸਿਆਸਤ ਨਹੀਂ ਕਰ ਰਹੀ
ਸੂਰਜੇਵਾਲਾ ਨੇ ਕਿਹਾ ਕਿ ਕਾਂਗਰਸ ਇਨ੍ਹਾਂ ਦੋਸ਼ਾਂ ’ਤੇ ਚੋਣ ਸਿਆਸਤ ਨਹੀਂ ਕਰ ਰਹੀ। ਕੁਮਾਰ ਵਿਸ਼ਵਾਸ ਵੱਲੋਂ ਚੋਣਾਂ ਦੇ ਐਨ ਮੌਕੇ ’ਤੇ ਦਿੱਤੇ ਗਏ ਬਿਆਨ ਤੋਂ 2 ਗੱਲਾਂ ਸਭ ਦੇ ਸਾਹਮਣੇ ਆਉਂਦੀਆਂ ਹਨ। ਇਕ ਤਾਂ ਇਹ ਕਿ ਵਿਸ਼ਵਾਸ ਕਾਂਗਰਸ, ਭਾਜਪਾ ਜਾਂ ਅਕਾਲੀ ਦਲ ਦੇ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਸੰਸਥਾਪਕ ਅਤੇ ਕੇਜਰੀਵਾਲ ਦੇ ਸਹਿਯੋਗੀ ਹਨ। ਦੂਜਾ ਇਹ ਕਿ ਉਹ ਇਹ ਵੀ ਕਹਿ ਰਹੇ ਹਨ ਕਿ ਉਹ ਸਬੂਤ ਪੇਸ਼ ਕਰ ਦੇਣਗੇ। ਜੋ ਵਿਸ਼ਵਾਸ ਗਲਤ ਕਹਿ ਰਹੇ ਹਨ ਅਤੇ ਕੇਜਰੀਵਾਲ ਨਿਰਦੋਸ਼ ਹਨ ਤਾਂ ਕੇਜਰੀਵਾਲ ਵਿਸ਼ਵਾਸ ਵਿਰੁੱਧ ਮੁਕੱਦਮਾਂ ਦਰਜ ਕਰਵਾਉਣ ਜਾਂ ਵਿਸ਼ਵਾਸ ਨੂੰ ਚੁਨੌਤੀ ਦੇਣ ਕਿ ਆਓ, ਸਾਹਮਣੇ ਬੈਠਿਏ। ਉਹ ਦੇਸ਼ ਅਤੇ ਪੰਜਾਬ ਦੇ ਲੋਕਾਂ ਸਾਹਮਣੇ ਸਬੂਤ ਰੱਖਣ। ਜੋ ਗਲਤ ਹੋਵੇਗਾ, ਉਹ ਸਾਬਤ ਹੋ ਜਾਏਗਾ।
ਬਿਹਾਰ, ਯੂ. ਪੀ. ਤੇ ਹੋਰਨਾਂ ਸੂਬਿਆਂ ਦੇ ਲੋਕ ਸਾਡੀ ਤਰੱਕੀ ਅਤੇ ਵਿਕਾਸ ਦਾ ਹਨ ਪਹੀਆ
ਮੁੱਖ ਮੰਤਰੀ ਚੰਨੀ ਦੇ ‘ਭਈਆ’ ਵਾਲੇ ਬਿਆਨ ’ਤੇ ਪੈਦਾ ਹੋਏ ਵਿਵਾਦ ਨੂੰ ਲੈ ਕੇ ਸੂਰਜੇਵਾਲਾ ਨੇ ਕਿਹਾ ਕਿ ਬਿਹਾਰ, ਯੂ. ਪੀ., ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ ’ਚ ਸਾਡੇ ਭਰਾ-ਭੈਣ ਸਾਡੀ ਖੇਤੀਬਾੜੀ, ਵਪਾਰ, ਕਾਰੋਬਾਰ ਅਤੇ ਇੰਡਸਟਰੀ ’ਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹਨ। ਇਕ ਗਰੀਬ ਘਰ ’ਚ ਪੈਦਾ ਹੋਏ ਚਰਨਜੀਤ ਸਿੰਘ ਚੰਨੀ ਉਨ੍ਹਾਂ ਦਾ ਅਪਮਾਨ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਕਈ ਅਜਿਹੇ ਪੇਡ ਵਾਲੰਟੀਅਰਾਂ ਨੂੰ ਚੋਣਾਂ ’ਚ ਲਿਆਉਣ ਦੇ ਨਾਲ-ਨਾਲ ਕੁਝ ਅਜਿਹੇ ਲੋਕ ਇਥੇ ਸੁਪਨਾ ਵੇਖ ਰਹੇ ਹਨ ਕਿ ਉਹ ਪੰਜਾਬ ਦੇ ਲੋਕਾਂ ਨੂੰ ਬਾਹਰ ਕਢਣਗੇ ਅਤੇ ਇਥੇ ਸੱਤਾ ’ਤੇ ਕਾਬਜ਼ ਹੋ ਜਾਣਗੇ। ਮੁੱਖ ਮੰਤਰੀ ਚੰਨੀ ਦਾ ਇਸ਼ਾਰਾ ਜਿਨ੍ਹਾਂ ਲੋਕਾਂ ਵੱਲ ਸੀ, ਉਹ ਸਮਝ ਵੀ ਗਏ ਹਨ। ਦੂਜੇ ਸੂਬਿਆਂ ਦੇ ਲੋਕ ਸਾਡੀ ਤਰੱਕੀ ਅਤੇ ਵਿਕਾਸ ਦਾ ਪਹੀਆ ਹਨ।
ਅਨੁਸ਼ਾਸਨਹੀਣਤਾ ਦਾ ਲਿਆ ਹੈ ਗੰਭੀਰ ਨੋਟਿਸ
ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਕਾਂਗਰਸ ਦੀ ਐੱਮ. ਪੀ. ਪ੍ਰਨੀਤ ਕੌਰ ਭਾਜਪਾ ਦਾ ਪ੍ਰਚਾਰ ਕਰ ਰਹੇ ਹਨ। ਰਾਣਾ ਗੁਰਜੀਤ ਸਿੰਘ ਦਾ ਬੇਟਾ ਆਜ਼ਾਦ ਚੋਣ ਲੜ ਰਿਹਾ ਹੈ। ਚੰਨੀ ਦੇ ਭਰਾ ਵੀ ਆਜ਼ਾਦ ਚੋਣ ਲੜ ਰਹੇ ਹਨ। ਇਨ੍ਹਾਂ ਸਭ ਅਨੁਸ਼ਾਸਨਹੀਣਤਾ ਵਾਲੇ ਮਾਮਲਿਆਂ ਦਾ ਪਾਰਟੀ ਨੇ ਗੰਭਾਰ ਨੋਟਿਸ ਲਿਆ ਹੈ। ਪਾਰਟੀ ਇਕ-ਇਕ ਕਰ ਕੇ ਕਾਰਵਾਈ ਕਰੇਗੀ। ਕਿਸੇ ਵੀ ਸਾਥੀ ਵਿਰੁੱਧ ਸਾਨੂੰ ਕਾਰਵਾਈ ਕਰਨੀ ਪਏ ਤਾਂ ਦੁੱਖ ਹੁੰਦਾ ਹੈ ਕਿਉਂਕਿ ਉਹ ਸਾਡੇ ਹੀ ਪਰਿਵਾਰ ਦੀ ਹਿੱਸਾ ਹਨ ਪਰ ਕਈ ਵਾਰ ਅਨੁਸ਼ਾਸਨ ਨੂੰ ਪਰਿਵਾਰ ਦੇ ਮੈਂਬਰਾਂ ਵਿਰੁੱਧ ਵੀ ਲਾਗੂ ਕਰਨਾ ਪੈਂਦਾ ਹੈ।
ਰਣਦੀਪ ਸੂਰਜੇਵਾਲਾ ਨੇ ਕੇਜਰੀਵਾਲ ਨੂੰ ਇਹ ਕੀਤੇ ਸਵਾਲ
1. ਕੀ ਸੱਤਾ ਪ੍ਰਾਪਤੀ ਲਈ ਵੱਖਵਾਦੀ ਸੰਗਠਨਾਂ ਅਤੇ ਖ਼ਾਲਿਸਤਾਨੀ ਤਾਕਤਾਂ ਨਾਲ ਜੁੜੀਆਂ ਤਾਕਤਾਂ ਦਾ ਸਾਥ ਲਿਆ?
2. ਪੰਜਾਬ ਨੂੰ ਦੇਸ਼ ਤੋਂ ਵੱਖ ਕਰ ਕੇ ਪ੍ਰਧਾਨ ਮੰਤਰੀ ਬਨਣ ਦਾ ਸੁਪਨਾ ਲਿਆ?
3. ਚੋਰ ਦਰਵਾਜ਼ੇ ਰਾਹੀਂ ਖੁਦ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ?
4. ਕੀ ਜਵਾਬ ਦੇਣ ਤੋਂ ਘਬਰਾ ਕੇ ਪ੍ਰੈੱਸ ਕਾਨਫਰੰਸ ਰੱਦ ਕੀਤੀ?
5. ਕੀ ਝੂਠ ਬੋਲ ਕੇ ਫਿਰ ਮੁਆਫ਼ੀ ਮੰਗ ਲੈਣਾ ਠੀਕ ਹੈ?
6. ਕੀ ਖੇਤੀਬਾੜੀ ਕਾਨੂੰਨ ਲਾਗੂ ਕਰਨ ਲਈ ਪਹਿਲਾਂ ਨੋਟੀਫਿਕੇਸ਼ਨ ਦਿੱਲੀ ’ਚ ਜਾਰੀ ਕੀਤਾ ਸੀ।
7. ਨੇਤਾਵਾਂ ਨੂੰ ਚੁਣਨਾ ਅਤੇ ਫਿਰ ਉਨ੍ਹਾਂ ਨੂੰ ਭਜਾ ਦੇਣਾ ਕੀ ‘ਆਪ’ ਦੀ ਰਵਾਇਤ ਹੈ?
8. ਸਾਥੀਆਂ ਨੂੰ ਪਾਰਟੀ ’ਚੋਂ ਕਢਵਾਉਣ ਵਾਲੇ ’ਤੇ ਪੰਜਾਬੀ ਕਿਉਂ ਭਰੋਸਾ ਕਰਨ?
9. ਭਾਈਚਾਰੇ ਦੀਆਂ ਗੱਲਾਂ ’ਤੇ ਇਕ ਵੀ ਸਿੱਖ ਅਤੇ ਹਿੰਦੂ ਖੱਤਰੀ ਮੰਤਰੀ ਕਿਉਂ ਨਹੀਂ?
10. ਦਿੱਲੀ ਵਿਚ ਇਕ ਵੀ ਮਹਿਲਾ ਮੰਤਰੀ ਨਹੀਂ। ਮਹਿਲਾ ਕਲਿਆਣ ਕਿੱਥੇ ਹੈ?
11. ਲੋਕਪਾਲ ਦਾ ਨਾਅਰਾ ਦੇ ਕੇ ਦਿੱਲੀ ’ਚ ਲਾਗੂ ਕਿਉਂ ਨਹੀਂ ਕੀਤਾ ?
12. ਦਿੱਲੀ ਮਾਡਲ ਦਿੱਲੀ ’ਚ ਹੀ ਲਾਗੂ ਕਿਉਂ ਨਹੀਂ ਕੀਤਾ ?
13.ਆਂਗਨਵਾੜੀ ਵਰਕਰਾਂ ਦੀ ਬੇਇੱਜਤੀ ਕੀ ਦਿੱਲੀ ਮਾਡਲ ਹੈ?
14. ਪਰਾਲੀ ਸਾੜਨ ਨੂੰ ਲੈ ਕੇ ਸੱਚ ਅਤੇ ਹਕੀਕਤ ਕੀ ਹੈ?
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਨਰਲ ਆਬਜ਼ਰਵਰਾਂ ਵੱਲੋਂ ਪੈਰਾ ਮਿਲਟਰੀ ਫੋਰਸ ਤੇ ਪੁਲਸ ਅਧਿਕਾਰੀਆਂ ਨੂੰ ਵੋਟਾਂ ਦੇ ਮੱਦੇਨਜ਼ਰ ਨਿਰਦੇਸ਼ ਜਾਰੀ
NEXT STORY