ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) -ਪਿਛਲੇਂ 10 ਮਹੀਨਿਆਂ ਤੋਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਆਂਗਨਵਾੜੀ ਸੈਂਟਰਾਂ 'ਚ ਹਰੇਕ ਤਰ੍ਹਾਂ ਦਾ ਰਾਸ਼ਨ ਮੁੱਕਿਆ ਹੋਣ ਕਰਕੇ ਇਨ੍ਹਾਂ ਆਂਗਨਵਾੜੀ ਸੈਂਟਰਾਂ 'ਚ ਆਉਣ ਵਾਲੇ 20 ਹਜ਼ਾਰ ਦੇ ਕਰੀਬ ਨਿੱਕੇ ਨਿਆਣੇ ਤੇ 5 ਹਜ਼ਾਰ ਦੇ ਲਗਭਗ ਦੁੱਧ ਪਿਲਾਉਦੀਆਂ ਮਾਵਾਂ ਤੇ ਗਰਭਵਤੀ ਮਾਵਾਂ ਪ੍ਰਭਾਵਿਤ ਹੋ ਰਹੀਆਂ ਹਨ ਕਿਉਂਕਿ ਇਨ੍ਹਾਂ ਨੂੰ ਖਾਣ ਲਈ ਸੈਂਟਰਾਂ 'ਚੋਂ ਕੁਝ ਨਹੀਂ ਮਿਲ ਰਿਹਾ। ਮਾਨਯੋਗ ਸੁਪਰੀਮ ਕੋਰਟ ਦੇ ਨਿਰਦੇਸ਼ ਹਨ ਕਿ ਸੈਂਟਰਾਂ 'ਚ ਆਉਣ ਵਾਲੇ ਬੱਚਿਆਂ ਨੂੰ ਸਾਲ ਵਿਚ ਘੱਟੋ-ਘੱਟ 300 ਦਿਨ ਰਾਸ਼ਨ ਮਿਲਣਾ ਚਾਹੀਦਾ ਹੈ ਪਰ ਇਥੇ ਪੰਜਾਬ ਸਰਕਾਰ ਦਾ ਦੀਵਾਲਾ ਨਿਕਲਿਆ ਪਿਆ ਹੈ ਤੇ ਹਾਲ ਐਨਾ ਮਾੜਾ ਹੈ ਕਿ ਸਾਰਾ ਸਾਲ ਹੀ ਆਂਗਨਵਾੜੀ ਸੈਂਟਰਾਂ 'ਚ ਰਾਸ਼ਨ ਨਹੀਂ ਭੇਜਿਆ। ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦਾ ਇਕ ਵਫ਼ਦ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਜ਼ਿਲਾ ਪ੍ਰੋਗਰਾਮ ਅਫ਼ਸਰ ਜਗਮੇਲ ਸਿੰਘ ਨੂੰ ਮਿਲਿਆ ਤੇ ਇਕ ਮੰਗ ਪੱਤਰ ਦੇ ਕੇ ਨੋਟਿਸ ਦਿੱਤਾ ਕਿ ਜੇਕਰ ਇਕ ਹਫ਼ਤੇ ਤੱਕ ਆਂਗਨਵਾੜੀ ਸੈਂਟਰਾਂ 'ਚ ਰਾਸ਼ਨ ਨਾ ਆਇਆ ਤਾਂ 12 ਦਸੰਬਰ ਨੂੰ ਉਹਨਾਂ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ । ਆਗੂਆਂ ਨੇ ਦੱਸਿਆ ਕਿ ਜ਼ਿਲੇ ਦੇ 842 ਆਂਗਨਵਾੜੀ ਸੈਂਟਰਾਂ 'ਚ ਜਨਵਰੀ 2017 ਤੱਕ ਰਾਸ਼ਨ ਸੀ। ਕਾਂਗਰਸ ਸਰਕਾਰ ਨੇ ਤਾਂ ਆਪਣੇ ਰਾਜ ਭਾਗ 'ਚ ਅਜੇ ਤੱਕ ਨਿੱਕੇ ਪੈਸੇ ਦਾ ਰਾਸ਼ਨ ਖਰੀਦ ਕੇ ਨਹੀਂ ਭੇਜਿਆ। ਜ਼ਿਲਾ ਪ੍ਰੋਗਰਾਮ ਅਫਸਰ ਜਗਮੇਲ ਸਿੰਘ ਵਫ਼ਦ ਨੂੰ ਵਿਸ਼ਵਾਸ਼ ਦਿਵਾਇਆ ਕਿ 10 ਦਿਨਾਂ ਤੱਕ ਰਾਸ਼ਨ ਖਰੀਦ ਕੇ ਸਾਰੇ ਆਂਗਨਵਾੜੀ ਸੈਂਟਰਾਂ 'ਚ ਭੇਜ ਦਿੱਤਾ ਜਾਵੇਗਾ। ਵਿਭਾਗ ਵੱਲੋਂ ਲਗਭਗ 1 ਕਰੋੜ ਰੁਪਏ ਦਾ ਰਾਸ਼ਨ ਜਿਸ 'ਚ ਸੁੱਕਾ ਦੁੱਧ, ਪੰਜੀਰੀ, ਘਿਓ, ਕਣਕ, ਚਾਵਲ ਆਦਿ ਸ਼ਾਮਿਲ ਹੈ , ਖਰੀਦਿਆ ਜਾਣਾ ਹੈ। ਇਸ ਮੌਕੇ ਯੂਨੀਅਨ ਦੀ ਜ਼ਿਲਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ, ਇੰਦਰਾਪਲ ਕੌਰ ਤੇ ਸ਼ਿੰਦਰਪਾਲ ਕੌਰ ਝੀਂਡਵਾਲਾ ਮੌਜੂਦ ਸਨ।
ਝਬਾਲ 'ਚ ਬਾਈਕਰ ਤੇ ਕਾਰ ਗਿਰੋਹ ਸਰਗਰਮ
NEXT STORY