ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨਾਂ ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਤੇ ਪੂਰਨ ਭਰੋਸਾ ਪ੍ਰਗਟ ਕੀਤਾ ਤੇ ਉਨ੍ਹਾਂ ਦੇ ਅਥਾਰਟੀ ਨੂੰ ਚੁਣੌਤੀ ਦੇਣ ਵਾਲੇ ਆਗੂਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਜਾਂ ਤਾਂ ਬਾਜ਼ ਆਉਣ ਜਾਂ ਫਿਰ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣ। 39 ਕਾਰਜਕਾਰੀ ਦਿਹਾਤੀ ਤੇ ਸ਼ਹਿਰੀ ਅਕਾਲੀ ਜ਼ਿਲ੍ਹਾ ਪ੍ਰਧਾਨਾਂ ਨੇ ਸਰਬਸੰਮਤੀ ਨਾਲ ਇਹ ਐਲਾਨ ਪਾਰਟੀ ਦੇ ਮੁੱਖ ਦਫਤਰ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਕੀਤਾ। ਤਿੰਨ ਜ਼ਿਲ੍ਹਾ ਪ੍ਰਧਾਨ ਵਿਦੇਸ਼ ਗਏ ਹੋਏ ਹਨ, ਜਦਕਿ ਇਕ ਬੀਮਾਰ ਹੈ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਆਗੂਆਂ ਤੇ ਜ਼ਿਲ੍ਹਾ ਪ੍ਰਧਾਨਾਂ ਇਕਬਾਲ ਸਿੰਘ ਝੂੰਦਾਂ, ਵਿਰਸਾ ਸਿੰਘ ਵਲਟੋਹਾ ਅਤੇ ਮਨਤਾਰ ਸਿੰਘ ਬਰਾੜ ਨੇ ਦੱਸਿਆ ਕਿ ਸਾਰੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨਾਂ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਤੇ ਲੀਡਰਸ਼ਿਪ ’ਤੇ ਪੂਰਨ ਭਰੋਸਾ ਹੈ ਤੇ ਉਹ ਪਾਰਟੀ ਦੇ ਪ੍ਰਧਾਨ ਸਨ ਤੇ ਹਮੇਸ਼ਾ ਰਹਿਣਗੇ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਵਾਲਮੀਕਿ ਭਾਈਚਾਰੇ ਦੇ ਇਕ ਧੜੇ ਨੇ ਭਲਕੇ ਪੰਜਾਬ ਬੰਦ ਦੀ ਕਾਲ ਲਈ ਵਾਪਸ
ਇਨ੍ਹਾਂ ਆਗੂਆਂ ਨੇ ਬਾਦਲ ਦੀ ਲੀਡਰਸ਼ਿਪ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਆਖਿਆ ਕਿ ਉਹ ਆਪਣੇ ਮਤਭੇਦਾਂ ਬਾਰੇ ਪਾਰਟੀ ਦੀ ਢੁੱਕਵੀਂ ਫਾਰਮ ’ਤੇ ਗੱਲਬਾਤ ਕਰਨ ਅਤੇ ਪਾਰਟੀ ਦਾ ਅਨੁਸ਼ਾਸਨ ਭੰਗ ਨਾ ਕਰਨ। ਉਨ੍ਹਾਂ ਕਿਹਾ ਕਿ ਕੋਈ ਵੀ ਜੋ ਪਾਰਟੀ ਦਾ ਅਨੁਸ਼ਾਸਨ ਭੰਗ ਕਰਦਾ ਹੈ, ਉਹ ਪਾਰਟੀ ਦਾ ਸ਼ੁੱਭਚਿੰਤਕ ਨਹੀਂ ਹੋ ਸਕਦਾ ਅਤੇ ਪਾਰਟੀ ਹੁਣ ਤੋਂ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕਰੇਗੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਝੂੰਦਾਂ ਕੇਮਟੀ ਨੇ ਪਾਰਟੀ ਲੀਡਰਸ਼ਿਪ ’ਤੇ ਚਰਚਾ ਵੀ ਨਹੀਂ ਕੀਤੀ, ਜਦਕਿ ਕੋਰ ਕਮੇਟੀ ਮੈਂਬਰਾਂ ਨੇ ਕਿਹਾ ਕਿ ਖੇਤਰੀ ਪਾਰਟੀਆਂ ਨੂੰ ਅਸਥਿਰ ਕਰਨ ਵਾਸਤੇ ਸਾਜ਼ਿਸ਼ ਘੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਸਾਜ਼ਿਸ਼ ਤਹਿਤ ਖੇਤਰੀ ਪਾਰਟੀਆਂ ਦੇ ਆਗੂਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਭ ਦਾ ਮਕਸਦ ਖੇਤਰੀ ਪਾਰਟੀਆਂ ਨੂੰ ਤੋੜ ਕੇ ਭਾਜਪਾ ਦੀ ਸਰਦਾਰੀ ਦਾ ਪ੍ਰਚਾਰ ਕਰਨਾ ਹੈ, ਜੋ ਮਹਾਰਾਸ਼ਟਰ ’ਚ ਵੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : ਹੁਣ ਸਸਤੀ ਮਿਲੇਗੀ ਰੇਤ-ਬੱਜਰੀ ! ਪੰਜਾਬ ਕੈਬਨਿਟ ਨੇ ਮਾਈਨਿੰਗ ਨੀਤੀ ’ਚ ਕੀਤੀ ਸੋਧ
ਇਨ੍ਹਾਂ ਆਗੂਆਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਜਪਾ ਪੰਜਾਬ ’ਚ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਿਚ ਸਫਲ ਨਹੀਂ ਹੋ ਸਕਦੀ ਤੇ ਕਿਹਾ ਕਿ ਅਕਾਲੀ ਦਲ ਕਦੇ ਵੀ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰੇਗਾ। ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਾਰਜਕਾਰੀ ਜ਼ਿਲ੍ਹਾ ਪ੍ਰਧਾਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਖੇਤਰੀ ਇੱਛਾਵਾਂ ਦੀ ਰਾਖੀ ਵਾਸਤੇ ਡਟ ਕੇ ਪਹਿਰਾ ਦਿੱਤਾ ਹੈ ਤੇ ਹਮੇਸ਼ਾ ਦਿੰਦਾ ਰਹੇਗਾ। ਉਨ੍ਹਾਂ ਕਿਹਾ ਕਿ ਸਾਡਾ ਇਕੋ-ਇਕ ਏਜੰਡਾ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਹੈ। ਇਨ੍ਹਾਂ ਆਗੂਆਂ ਨੇ ਸੰਘੀ ਢਾਂਚੇ ਦੇ ਨਾਲ-ਨਾਲ ਪੰਜਾਬ ਦੀਆਂ ਲਟਕਦੀਆਂ ਮੰਗਾਂ ਪ੍ਰਤੀ ਵੀ ਵਚਨਬੱਧਤਾ ਪ੍ਰਗਟ ਕੀਤੀ। ਇਸ ਦੌਰਾਨ ਇਕਬਾਲ ਸਿੰਘ ਝੂੰਦਾਂ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਾਲੀ ਪਾਰਟੀ ਦੀ ਸਬ ਕਮੇਟੀ ਨੇ 42 ਸੁਝਾਅ ਦਿੱਤੇ ਸਨ ਅਤੇ ਇਹ ਸਮੇਂ ਸਮੇਂ ਸਿਰ ਲਾਗੂ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਬੀਤੇ ਸਮੇਂ ਵਿਚ ਗਲਤੀਆਂ ਹੋਈਆਂ ਪਰ ਅਸੀਂ ਇਨ੍ਹਾਂ ਨੂੰ ਦਰੁੱਸਤ ਕਰਾਂਗੇ। ਉਨ੍ਹਾਂ ਕਿਹਾ ਕਿ ਤੁਸੀਂ ਵੇਖੋਗੇ ਕਿ ਆਉਂਦੇ ਦਿਨਾਂ ’ਚ ਅਕਾਲੀ ਦਲ ’ਚ ਵੱਡੀਆਂ ਤਬਦੀਲੀਆਂ ਹੋਣਗੀਆਂ।
ਨਹੀਂ ਮਿਲਿਆ ਨਾਲੇ 'ਚ ਡਿੱਗਾ ਬੱਚਾ, ਉਥੇ ਮਿੱਲਾਂ ਦੀ ਪ੍ਰਾਪਰਟੀ ਵੇਚ ਕੀਤਾ ਜਾਵੇਗਾ ਕਿਸਾਨਾਂ ਦਾ ਭੁਗਤਾਨ, ਪੜ੍ਹੋ TOP 10
NEXT STORY