ਜਲੰਧਰ/ਅੰਮ੍ਰਿਤਸਰ, (ਧਵਨ)- ਅਮਰੀਕਾ ਤੋਂ ਪੰਜਾਬ ਆ ਕੇ ਹੁਣ ਤਕ ਅਮਰਬੀਰ ਸੰਧੂ 6100 ਕੰਨਿਆਦਾਨ ਕਰਵਾ ਚੁੱਕੇ ਹਨ। ਸਮਾਜ ਦੇ ਗਰੀਬ ਤੇ ਬੇਸਹਾਰਾ ਪਰਿਵਾਰਾਂ ਨਾਲ ਜੁੜੀਆਂ ਲੜਕੀਆਂ ਦੇ ਪਰਿਵਾਰ ਵਾਲੇ ਅਮਰਬੀਰ ਸੰਧੂ ਦੇ ਅੰਮ੍ਰਿਤਸਰ ਸਥਿਤ ਦਫਤਰ ਵਿਚ ਆਪਣੀਆਂ ਲੜਕੀਆਂ ਲਈ ਰਜਿਸਟਰੇਸ਼ਨ ਕਰਵਾਉਂਦੇ ਹਨ।
ਅਮਰਬੀਰ ਸਿੰਘ ਸੰਧੂ ਅੰਮ੍ਰਿਤਸਰ ਦੇ ਸੀਨੀਅਰ ਕਾਂਗਰਸੀ ਆਗੂ ਕਰਮਜੀਤ ਸਿੰਘ ਰਿੰਟੂ ਦੇ ਭਰਾ ਹਨ, ਜੋ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਵਸੇ ਹੋਏ ਹਨ। ਅਮਰੀਕਾ ਵਿਚ ਵਸੇ ਹੋਣ ਦੇ ਬਾਵਜੂਦ ਉਨ੍ਹਾਂ ਦਾ ਆਪਣੀ ਮਿੱਟੀ ਨਾਲ ਪੂਰਾ ਮੋਹ ਹੈ। ਆਪਣੀ ਆਮਦਨ ਵਿਚੋਂ ਉਹ ਗਰੀਬ ਲੜਕੀਆਂ ਦਾ ਵਿਆਹ ਕਰਵਾਉਂਦੇ ਹਨ। ਹਰ ਸਾਲ 100 ਵਿਆਹ ਕਰਵਾਏ ਜਾਂਦੇ ਹਨ ਤੇ ਹਰ ਮਹੀਨੇ ਵੀ 7-7 ਲੜਕੀਆਂ ਦੇ ਵਿਆਹ ਕਰਵਾਉਣ ਦਾ ਕੰਮ ਵੀ ਚਲਦਾ ਰਹਿੰਦਾ ਹੈ। ਸੂਬਾ ਪੱਧਰੀ ਸਮਾਗਮ ਵਿਚ ਹਿੱਸਾ ਲੈਣ ਲਈ ਅਮਰਬੀਰ ਸੰਧੂ ਖਾਸ ਤੌਰ 'ਤੇ ਹਰ ਸਾਲ ਅੰਮ੍ਰਿਤਸਰ ਆਉਂਦੇ ਹਨ। ਇਸ ਵਾਰ 100 ਮੁਟਿਆਰਾਂ ਦਾ ਵਿਆਹ 28 ਜਨਵਰੀ ਐਤਵਾਰ ਨੂੰ ਰੱਖਿਆ ਗਿਆ ਹੈ ਤੇ ਹਰੇਕ ਮੁਟਿਆਰ ਨੂੰ 11-11 ਹਜ਼ਾਰ ਰੁਪਏ ਦਾ ਸ਼ਗਨ ਵੀ ਵੱਖਰੇ ਤੌਰ 'ਤੇ ਦਿੱਤਾ ਜਾਵੇਗਾ। ਗਰੀਬ ਤੇ ਬੇਸਹਾਰਾ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਕਰਵਾਉਣ 'ਤੇ ਹਰ ਸਾਲ ਲੱਖਾਂ ਰੁਪਏ ਖਰਚ ਹੋ ਜਾਂਦੇ ਹਨ ਪਰ ਰਿੰਟੂ ਪਰਿਵਾਰ ਦੀ ਖਾਸੀਅਤ ਹੈ ਕਿ ਉਨ੍ਹਾਂ ਕਿਸੇ ਹੋਰ ਕੋਲੋਂ ਇਸ ਦੇ ਲਈ ਇਕ ਪੈਸਾ ਵੀ ਨਹੀਂ ਲਿਆ।
ਅਮਰਬੀਰ ਸੰਧੂ ਨੇ ਦੱਸਿਆ ਕਿ ਉਹ ਪੰਜਾਬੀ ਸਮਾਜ ਨੂੰ ਆਪਣੀ ਮਾਤ ਭੂਮੀ ਨੂੰ ਕਦੀ ਵੀ ਨਹੀਂ ਭੁੱਲ ਸਕਦੇ। ਉਨ੍ਹਾਂ ਕਿਹਾ ਕਿ ਸਮਾਜ ਵਿਚ ਸਰਦੇ ਪੁੱਜਦੇ ਅਤੇ ਗਰੀਬ ਪਰਿਵਾਰਾਂ ਵਿਚ ਕਾਫੀ ਫਰਕ ਹੈ। ਮਹਿੰਗਾਈ ਕਾਰਨ ਗਰੀਬ ਤੇ ਲਤਾੜਿਆ ਵਰਗ ਆਪਣੇ ਬੱਚਿਆਂ ਦਾ ਵਿਆਹ ਤਾਂ ਛੱਡੋ, ਰੱਜਵੀਂ ਰੋਟੀ ਖਾਣ ਤੋਂ ਵੀ ਅਸਮਰੱਥ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਜ਼ਮਾਨੇ ਵਿਚ ਜੇਕਰ ਉਹ ਅਜਿਹੇ ਪਰਿਵਾਰਾਂ ਦੀ ਮਦਦ ਕਰ ਰਹੇ ਹਨ ਤਾਂ ਇਸ ਨਾਲ ਉਨ੍ਹਾਂ ਨੂੰ ਦਿਲੀ ਸੰਤੁਸ਼ਟੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਚ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਉਹ ਆਪਣਾ ਫਰਜ਼ ਸਮਝਦੇ ਹਨ। ਇਸਦੇ ਪਿੱਛੇ ਕੋਈ ਰਾਜਨੀਤੀ ਨਹੀਂ ਹੈ। 2005 ਤੋਂ ਲਗਾਤਾਰ ਉਹ ਇਹ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਗਰੀਬ ਪਰਿਵਾਰ ਆਪਣੀ ਲੜਕੀ ਦੇ ਵਿਆਹ ਲਈ ਉਨ੍ਹਾਂ ਦੇ ਦਫਤਰ ਵਿਚ ਆਉਂਦਾ ਹੈ ਤਾਂ ਸਬੰਧਤ ਪਰਿਵਾਰ ਦੀ ਛਾਣਬੀਣ ਕਰਨ ਤੋਂ ਬਾਅਦ ਉਸਦਾ ਨਾਂ ਦਰਜ ਕਰ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰ ਮਹੀਨੇ ਹੋਣ ਵਾਲੇ ਕੁੜੀਆਂ ਦੇ ਵਿਆਹ ਲਈ ਸਮਾਗਮ ਕੀਤੇ ਜਾਂਦੇ ਹਨ। ਸਾਡੇ ਧਰਮ ਵਿਚ ਵੀ ਕੰਨਿਆਦਾਨ ਨੂੰ ਸਭ ਤੋਂ ਵੱਡਾ ਦਾਨ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਜ ਦੇ ਹੋਰ ਸੰਗਠਨ ਵੀ ਕੰਨਿਆ ਦਾਨ ਜਿਹੇ ਪੁੰਨ ਕਾਰਜ ਲਈ ਅੱਗੇ ਆਉਣ ਤਾਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ।
ਨਗਰ ਪੰਚਾਇਤ ਦਫਤਰ ਮੂਹਰੇ ਪੁਰਾਣੇ ਮੁਲਾਜ਼ਮਾਂ ਵੱਲੋਂ ਧਰਨਾ ਜਾਰੀ
NEXT STORY