ਮਾਲੇਰਕੋਟਲਾ/ਅਮਰਗੜ੍ਹ (ਜ਼ਹੂਰ/ਸ਼ਹਾਬੂਦੀਨ/ਜੋਸ਼ੀ) : ਵਿਧਾਨ ਸਭਾ ਹਲਕਾ ਅਮਰਗੜ੍ਹ 'ਚ ਪੈਂਦੇ ਪਿੰਡ ਹਥੋਆ ਦੇ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਪਾਲਕੀ ਸਾਹਿਬ ਨੂੰ ਅਗਨ ਭੇਟ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮਾਲੇਰਕੋਟਲਾ ਤੋਂ 3 ਕਿਲੋਮੀਟਰ ਦੂਰ ਪੈਂਦੇ ਪਿੰਡ ਹਥੋਆ ਵਿਖੇ ਗੁਰਦੁਆਰਾ ਸਾਹਿਬ ਦਾ ਪਾਠੀ ਜੋਗਾ ਸਿੰਘ ਸਵੇਰੇ 4 ਵਜੇ ਜਦੋਂ ਗੁਰਦੁਆਰਾ ਸਾਹਿਬ ਦਾ ਮੁੱਖ ਗੇਟ ਖੋਲ੍ਹਣ ਲੱਗਾ ਤਾਂ ਉਸ ਦਾ ਜਿੰਦਰਾ ਟੁੱਟਿਆ ਹੋਇਆ ਸੀ ਤਾਂ ਉਨ੍ਹਾਂ ਤੁਰੰਤ ਅੰਦਰ ਜਾ ਕੇ ਵੇਖਿਆ ਤਾਂ ਪੂਰੇ ਹਾਲ ਅੰਦਰ ਧੂੰਆਂ ਸੀ, ਜਿਸ ਦੀ ਉਨ੍ਹਾਂ ਤੁਰੰਤ ਸੂਚਨਾ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਪਿੰਡ ਦੇ ਸਰਪੰਚ ਨੂੰ ਦਿੱਤੀ, ਜਿਸ 'ਤੇ ਉਨ੍ਹਾਂ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਤੇ ਅਗਨ ਭੇਟ ਹੋ ਰਹੇ ਪਾਵਨ ਸਰੂਪਾਂ ਨੂੰ ਸੰਭਾਲਿਆ। ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ 'ਤੇ ਪੁੱਜੇ ਆਈ.ਜੀ. ਪਟਿਆਲਾ ਅਮਰਜੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ 'ਚ ਪੁਲਸ ਪ੍ਰਸ਼ਾਸਨ ਫੋਰੈਂਸਿਕ ਮਾਹਰਾਂ ਦੀ ਮਦਦ ਵੀ ਲੈ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਦੋਸ਼ੀਆਂ ਨੂੰ ਛੇਤੀ ਹੀ ਬੇਨਕਾਬ ਕਰਨਗੇ।
ਇਸ ਮੌਕੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਘਟਨਾ ਨੂੰ ਮੰਦਭਾਗੀ ਕਰਾਰ ਦਿੰਦਿਆਂ ਸਰਕਾਰ ਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਘਟਨਾ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਸਖਤ ਸਜ਼ਾਵਾਂ ਦੇਣ ਦਾ ਯਤਨ ਕੀਤਾ ਜਾਵੇ। ਉਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਸਤਿਕਾਰ ਕਮੇਟੀ ਦੇ ਆਗੂਆਂ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਘਟਨਾ ਅਤਿ ਮੰਦਭਾਗੀ ਹੈ, ਜਿਸ ਦੀ ਹਰ ਵਿਅਕਤੀ ਘੋਰ ਨਿੰਦਾ ਕਰਦਾ ਹੈ। ਉਨ੍ਹਾਂ ਸਿਵਲ ਤੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਬੇਅਦਬੀ ਘਟਨਾਵਾਂ ਨੂੰ ਗੰਭੀਰਤਾ ਨਾਲ ਲਵੇ ਤਾਂ ਸੂਬੇ ਅੰਦਰ ਕਿਸੇ ਵੀ ਧਾਰਮਕ ਗ੍ਰੰਥ ਦੀ ਬੇਅਦਬੀ ਦੀਆਂ ਘਟਨਾਵਾਂ ਰੁਕ ਸਕਦੀਆਂ ਹਨ ਪਰ ਉਨ੍ਹਾਂ ਕਿਹਾ ਕਿ ਪੁਲਸ ਆਪਣਾ ਕੰਮ ਕਰੇ ਤੇ ਹੁਣ ਅਸੀਂ ਅਪਣਾ ਕੰਮ ਕਰ ਰਹੇ ਹਾਂ।
ਸੀ. ਸੀ. ਟੀ. ਵੀ. ਕੈਮਰੇ ਖਰਾਬ :
ਪੁਲਸ ਤੇ ਸਿਵਲ ਪ੍ਰਸ਼ਾਸਨ ਨੇ ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਘਾਲਣਾ ਚਾਹਿਆ ਤਾਂ ਪਤਾ ਚੱਲਿਆ ਕਿ ਗੁਰਦੁਅਰਾ ਸਾਹਿਬ ਦੇ ਸੀ.ਸੀ.ਟੀ.ਵੀ ਕੈਮਰੇ ਪਿਛਲੇ ਲੰਮੇ ਸਮੇਂ ਤੋਂ ਖਰਾਬ ਪਏ ਹਨ, ਜਿਨ੍ਹਾਂ ਦੀ ਮੁਰੰਮਤ ਤੇ ਸਾਂਭ-ਸੰਭਾਲ ਕਰਨ 'ਚ ਪ੍ਰਬੰਧਕ ਕਮੇਟੀ ਅਸਫਲ ਵਿਖਾਈ ਦਿੱਤੀ। ਚੇਤੇ ਰਹੇ ਕਿ ਜਦੋਂ ਵੀ ਕਿਤੇ ਵੱਡੀ ਘਟਨਾ ਜਾਂ ਧਾਰਮਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਵੇਖਣ 'ਚ ਆਉਂਦਾ ਹੈ ਕਿ ਘਟਨਾ ਸਥਾਨ ਨੇੜੇ ਲੱਗੇ ਸੀ. ਸੀ. ਟੀ. ਵੀ ਕੈਮਰੇ ਖਰਾਬ ਹੀ ਪਾਏ ਜਾਂਦੇ ਹਨ।
ਗੁਰਦੁਆਰਾ ਸਾਹਿਬ ਵਿਚ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਿੰਡ ਹਥੋਆ ਦੇ ਸਰਪੰਚ ਮੁਹੰਮਦ ਸਮਸ਼ਾਦ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਹਾਦਰ ਸਿੰਘ ਤੇ ਸਾਬਕਾ ਸਰਪੰਚ ਮਲਕੀਤ ਸਿੰਘ ਹਥੋਆ ਨੇ ਸਮੂਹ ਪਿੰਡ ਵਾਸੀਆਂ ਨਾਲ ਹਮਮਸ਼ਵਰਾ ਹੋ ਕੇ ਪੁਲਸ ਤੇ ਸਿਵਲ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਕਿ ਇਸ ਮਾਮਲੇ ਦਾ ਛੇਤੀ ਹੱਲ ਕੀਤਾ ਜਾਵੇ ਤਾਂ ਜੋ ਇਲਾਕੇ ਦੇ ਬਾਹਰੀ ਲੋਕ ਇਸ ਘਟਨਾ ਨਾਲ ਕੋਈ ਸਿਆਸੀ ਜਾਂ ਸਮਾਜੀ ਲਾਭ ਨਾ ਲੈ ਸਕਣ।
ਪਿੰਡ ਵਾਸੀਆਂ ਕੀਤਾ ਚੋਣਾਂ ਦਾ ਬਾਈਕਾਟ :
ਉਧਰ ਨੌਜਵਾਨ ਭਾਰਤ ਸਭਾ ਦੇ ਆਗੂ ਬਿੱਕਰ ਸਿੰਘ ਹਥੋਆ, ਸੁਖਵਿੰਦਰ ਸਿੰਘ ਸੋਨੀ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਪ੍ਰਿਤਪਾਲ ਸਿੰਘ ਨੇ ਕਿਹਾ ਕਿ ਬੇਅਦਬੀ ਦੀ ਘਟਨਾ ਨੂੰ ਲੈ ਕੇ ਪਿੰਡ ਵਾਸੀ ਦੇ ਹਿਰਦਿਆਂ ਵਿਚ ਗਹਿਰੀ ਸੱਟ ਵੱਜੀ ਹੈ ਜਿਸ ਕਾਰਨ ਉਹ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਲੋਕ ਸਭਾ ਚੋਣਾਂ ਵਿਚ ਬਾਈਕਾਟ ਕਰਨਗੇ ਤੇ ਆਪਣੇ ਘਰਾਂ ਅੱਗੇ ਕਾਲੇ ਝੰਡੇ ਲਾ ਕੇ ਰੋਸ ਪ੍ਰਗਟ ਕਰਨਗੇ। ਇਸ ਸਮੇਂ ਹਾਲਾਤ ਦਾ ਜਾਇਜ਼ਾ ਲੈਣ ਲਈ ਐਡੀਸ਼ਨਲ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਸੀਨੀਅਰ ਪੁਲਸ ਕਪਤਾਨ ਸੰਗਰੂਰ ਡਾ. ਸੰਦੀਪ ਗਰਗ ਭਾਰੀ ਪੁਲਸ ਬਲ ਅਤੇ ਸਿਵਲ ਅਧਿਕਾਰੀਆਂ ਨਾਲ ਹਾਜ਼ਰ ਸਨ।
ਦੋਸ਼ੀ ਨਤੀਜੇ ਭੁਗਤਣ ਲਈ ਤਿਆਰ ਰਹਿਣ : ਕੈਪਟਨ
ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਦੀ ਘਟਨਾ ਦੇ ਜ਼ਿੰਮੇਵਾਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਇਕ ਵਾਰੀ ਫਿਰ ਫੁੱਟਪਾਊ ਸ਼ਕਤੀਆਂ ਸੂਬੇ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਵਿਚ ਹਨ। ਇਨ੍ਹਾਂ ਨੂੰ ਘਿਨਾਉਣੇ ਕਾਰੇ ਲਈ ਸਖਤ ਨਤੀਜੇ ਭੁਗਤਣੇ ਪੈਣਗੇ। ਕੈਪਟਨ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਨੂੰ ਹਿਲਾ ਕੇ ਰੱਖ ਦੇਣ ਵਾਲੀਆਂ ਘਟਨਾਵਾਂ ਦੀ ਲੜੀ ਦਾ ਹੀ ਇਹ ਘਿਨਾਉਣਾ ਕਾਰਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਓਹੀ ਸ਼ਕਤੀਆਂ ਲੋਕ ਸਭਾ ਚੋਣਾਂ ਨੂੰ ਜਿੱਤਣ ਲਈ ਨਿਰਾਸ਼ਾਜਨਕ ਕੋਸ਼ਿਸ਼ਾਂ ਕਰ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਿੱਟ ਨੇ ਬਰਗਾੜੀ ਅਤੇ ਬਹਿਬਲ ਕਲਾਂ ਦਾ ਘਿਨਾਉਣਾ ਕਾਰਾ ਕਰਨ ਦੇ ਜ਼ਿੰਮੇਵਾਰਾਂ ਦੀ ਢਿੰਬਰੀ ਕੱਸ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੁੱਝ ਦਿਨਾਂ ਵਿਚ ਹੀ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਐਸ.ਆਈ. ਟੀ. ਵਿਚ ਵਾਪਸ ਆ ਜਾਵੇਗਾ ਅਤੇ ਬੇਅਦਬੀ ਦੇ ਮਾਮਲਿਆਂ ਦੇ ਦੋਸ਼ੀਆਂ ਨੂੰ ਨੱਥ ਪਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਆਉਂਦੇ ਦਿਨਾਂ ਦੌਰਾਨ ਹੋਰ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਰੋਕਣ ਲਈ ਸੂਬੇ ਭਰ ਦੇ ਧਾਰਮਿਕ ਸਥਾਨਾਂ ਦੇ ਦੁਆਲੇ ਪੁਲਸ ਨੂੰ ਸਖਤ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।
ਲੋਕ ਸਭਾ ਚੋਣਾਂ ਤੋਂ ਪਹਿਲਾਂ 'ਆਪ' ਨੂੰ ਵੱਡਾ ਝਟਕਾ, ਹੋਇਆ ਇਕ ਹੋਰ ਧਮਾਕਾ
NEXT STORY