ਜਲੰਧਰ (ਬਿਊਰੋ)– ਬੀਤੇ ਦਿਨੀਂ ਪੰਜਾਬੀ ਗਾਇਕ ਗੁਰਦਾਸ ਮਾਨ ’ਤੇ ਪਰਚਾ ਦਰਜ ਹੋਇਆ ਹੈ। ਗੁਰਦਾਸ ਮਾਨ ’ਤੇ ਇਹ ਪਰਚਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ’ਚ ਦਰਜ ਹੋਇਆ ਹੈ। ਉਨ੍ਹਾਂ ’ਤੇ ਧਾਰਾ 295 ਏ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ’ਤੇ ਵੱਖ-ਵੱਖ ਆਗੂ ਤੇ ਕਲਾਕਾਰ ਆਪਣੀ ਰਾਏ ਰੱਖ ਰਹੇ ਹਨ। ਉਥੇ ਹੁਣ ਇਸ ਮਾਮਲੇ ’ਤੇ ਗਿੱਦੜੱਬਾਹਾ ਤੋਂ ਕਾਂਗਰਸ ਪਾਰਟੀ ਦੇ ਐੱਮ. ਐੱਲ. ਏ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਪੱਖ ਰੱਖਿਆ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਲਾਈਵ ਵੀਡੀਓ ਕੁਝ ਸਮਾਂ ਪਹਿਲਾਂ ਆਪਣੇ ਫੇਸਬੁੱਕ ਪੇਜ ’ਤੇ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਉਹ ਗੁਰਦਾਸ ਮਾਨ ਦੇ ਹੱਕ ’ਚ ਨਿੱਤਰੇ ਨਜ਼ਰ ਆਏ। ਵੀਡੀਓ ’ਚ ਰਾਜਾ ਵੜਿੰਗ ਕਹਿੰਦੇ ਹਨ, ‘ਮੈਂ ਗੁਰਦਾਸ ਮਾਨ ’ਤੇ ਪਰਚਾ ਦਰਜ ਹੋਣ ਦੀ ਨਿੰਦਿਆ ਕਰਦਾ ਹਾਂ। ਗੁਰਦਾਸ ਮਾਨ ਨੇ ਹਮੇਸ਼ਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਦਿੱਤਾ ਹੈ। ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਨ ’ਚ ਗੁਰਦਾਸ ਮਾਨ ਦਾ ਵੱਡਾ ਯੋਗਦਾਨ ਹੈ। ਗੁਰਦਾਸ ਮਾਨ ਅਜਿਹੇ ਸ਼ਖ਼ਸ ਹਨ, ਜੋ ਵਿਵਾਦਾਂ ਤੋਂ ਹਮੇਸ਼ਾ ਦੂਰ ਹੀ ਰਹੇ ਹਨ।’
ਇਹ ਖ਼ਬਰ ਵੀ ਪੜ੍ਹੋ : ਨਫ਼ਰਤ ਭਰੀਆਂ ਪੋਸਟਾਂ ਪਾਉਣ ਵਾਲਿਆਂ ’ਤੇ ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਦਾ ਬਿਆਨ ਆਇਆ ਸਾਹਮਣੇ
ਰਾਜਾ ਵੜਿੰਗ ਨੇ ਅੱਗੇ ਕਿਹਾ, ‘ਮੇਰਾ ਗੁਰਦਾਸ ਮਾਨ ਨਾਲ ਡੂੰਘਾ ਨਾਅਤਾ ਹੈ, ਪਿਆਰ ਹੈ ਤੇ ਮੈਂ ਉਨ੍ਹਾਂ ਦਾ ਸਤਿਕਾਰ ਬਹੁਤ ਕਰਦਾ ਹਾਂ। ਇੰਨਾ ਨੀਵਾਂ ਵਿਅਕਤੀ ਮੈਂ ਆਪਣੀ ਜ਼ਿੰਦਗੀ ’ਚ ਕਦੇ ਨਹੀਂ ਵੇਖਿਆ। ਉਨ੍ਹਾਂ ’ਚ ਨਾ ਤਾਂ ਕੋਈ ਹਉਮੇ ਹੈ ਤੇ ਨਾ ਹੀ ਹੰਕਾਰ। ਜੇਕਰ ਉਸ ਵਿਅਕਤੀ ਦਾ ਲੋਕ ਪਿੱਛਾ ਨਹੀਂ ਛੱਡ ਰਹੇ ਤਾਂ ਫਿਰ ਸਾਡੇ ਵਰਗੇ ਦਾ ਕਿਸੇ ਨੇ ਛੱਡਣਾ ਹੀ ਕੱਖ ਨਹੀਂ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਕੋਈ ਅਜਿਹੀ ਗੱਲ ਨਹੀਂ ਆਖੀ, ਜਿਸ ਕਾਰਨ ਵਿਰੋਧ ਹੋਵੇ ਪਰ ਜੇ ਵਿਰੋਧ ਹੋਇਆ ਤਾਂ ਉਨ੍ਹਾਂ ਨੇ ਮੁਆਫ਼ੀ ਵੀ ਮੰਗ ਲਈ ਹੈ। ਇਸ ਤੋਂ ਬਾਅਦ ਵੀ ਤੁਸੀਂ ਨਾ ਹਟੇ ਤਾਂ ਇਹ ਬਹੁਤ ਮਾੜੀ ਗੱਲ ਹੋਵੇਗੀ।’
ਅਖੀਰ ’ਚ ਉਨ੍ਹਾਂ ਕਿਹਾ, ‘ਸਾਨੂੰ ਤਾਂ ਗੁਰੂਆਂ ਨੇ ਇਹ ਸਿਖਾਇਆ ਹੈ ਕਿ ਮੁਆਫ਼ ਕਰਨ ਵਾਲਾ ਗਲਤੀ ਕਰਨ ਵਾਲੇ ਨਾਲੋਂ ਵੱਡਾ ਹੁੰਦਾ ਹੈ ਤੇ ਤੁਸੀਂ ਤਾਂ ਮੁਆਫ਼ੀ ਦੀ ਵੀ ਕੋਈ ਪ੍ਰਵਾਹ ਨਹੀਂ ਕਰਦੇ। ਸ਼ਾਇਦ ਤੁਹਾਡਾ ਏਜੰਡਾ ਕੋਈ ਹੋਰ ਹੈ। ਮੈਂ ਹੱਥ ਜੋੜ ਕੇ ਗੁਰਦਾਸ ਮਾਨ ਕੋਲੋਂ ਮੁਆਫ਼ੀ ਮੰਗਦਾ ਹਾਂ ਕਿ ਉਨ੍ਹਾਂ ਦੇ ਖ਼ਿਲਾਫ਼ ਪਰਚਾ ਦਰਜ ਹੋਇਆ, ਜੋ ਕਿ ਨਹੀਂ ਹੋਣਾ ਚਾਹੀਦਾ ਹੈ। ਇਹ ਬਿਲਕੁਲ ਮਾੜੀ ਗੱਲ ਹੈ। ਮੈਂ ਪੰਜਾਬ ਦੇ ਡੀ. ਜੀ. ਪੀ. ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਾਂਗਾ ਕਿ ਇਸ ਨੂੰ ਜਲਦ ਰੱਦ ਕਰਵਾਇਆ ਜਾਵੇ।’
ਨੋਟ– ਰਾਜਾ ਵੜਿੰਗ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਬਠਿੰਡਾ ਥਾਣੇ ’ਚ ਪਈਆਂ ਭਾਜੜਾਂ, ਹੈਰਾਨ ਕਰਨ ਵਾਲੀ ਹੈ ਘਟਨਾ
NEXT STORY