ਬਟਾਲਾ, (ਸੈਂਡੀ)– ਅੱਜ ਸਿਵਲ ਹਸਪਤਾਲ ਬਟਾਲਾ ਵਿਖੇ 108 ਐਂਬੂਲੈਂਸ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੰਪਨੀ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਗੁਰਦਾਸਪੁਰ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ 108 ਐਂਬੂਲੈਂਸ ਚਿਕਿਤਸਾ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ ਕੰਪਨੀ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਹੱਕ ਨਾ ਮਿਲਣ ਕਾਰਨ ਸਟੇਟ ਕਮੇਟੀ ਦੇ ਫ਼ੈਸਲੇ ਅਨੁਸਾਰ ਪੂਰੇ ਪੰਜਾਬ ਵਿਚ 11 ਜੁਲਾਈ ਦਿਨ ਬੁੱਧਵਾਰ ਨੂੰ ਇਕ ਰੋਜ਼ਾ ਹਡ਼ਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕਾਫ਼ੀ ਲੰਮੇ ਸਮੇਂ ਤੋਂ ਅਸੀਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਾਂ ਪਰ ਸਾਨੂੰ ਕੰਪਨੀ ਵੱਲੋਂ ਕੋਈ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਅਤੇ ਕੰਪਨੀ ਸਾਡਾ ਸ਼ੋਸ਼ਣ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਸੀਂ ਇੰਡੀਆ ਪ੍ਰਧਾਨ ਬਿਕਰਮਜੀਤ ਸਿੰਘ ਸੈਣੀ ਦੇ ਹੁਕਮਾਂ ਮੁਤਾਬਕ ਸਾਰੇ ਐਂਬੂਲੈਂਸ ਕਰਮਚਾਰੀ ਇਕ ਰੋਜ਼ਾ ਹਡ਼ਤਾਲ ਕਰਾਂਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਕੰਪਨੀ ਦੀ ਹੋਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ 24 ਘੰਟੇ ਤੁਹਾਡੀ ਸੇਵਾ ਵਿਚ ਹਾਜ਼ਰ ਰਹਿੰਦੇ ਹਾਂ, ਤੁਸੀਂ ਸਾਡੀ ਇਕ ਰੋਜ਼ਾ ਹੜਤਾਲ ਦੌਰਾਨ ਸਾਡਾ ਸਾਥ ਦਿਓ, ਤਾਂ ਜੋ ਅਸੀਂ ਫਿਰ ਤੋਂ ਵਧੀਆ ਤਰੀਕੇ ਨਾਲ ਦਿਨ-ਰਾਤ ਸੇਵਾ ਕਰ ਸਕੀਏ। ਇਸ ਮੌਕੇ ਜਨਰਲ ਸੈਕਟਰੀ ਰੁਪਿੰਦਰ ਸਿੰਘ, ਸਕੱਤਰ ਜਗਜੀਤ ਸਿੰਘ, ਮਨਜੀਤ ਸਿੰਘ, ਜੋਬਨਪ੍ਰੀਤ ਸਿੰਘ, ਵਿਨੋਦ, ਰੋਹਿਤ ਸ਼ਰਮਾ, ਬਟਾਲਾ ਤੋਂ ਕੈਸ਼ੀਅਰ ਬਲਰਾਜ ਸਿੰਘ, ਪਵਨ ਕੁਮਾਰ, ਰਾਜਬੀਰ ਸਿੰਘ, ਸਰਦੂਲ ਸਿੰਘ, ਜੋਗਿੰਦਰ ਸਿੰਘ ਆਦਿ ਮੌਜੂਦ ਸਨ।
ਗਲੀਆਂ ’ਚ ਭਰੇ ਪਾਣੀ ਤੋਂ ਦੁਖੀ ਲੋਕਾਂ ਕੀਤਾ ਹਾਈਵੇ ਜਾਮ
NEXT STORY