ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕੁਰੜ ਵਿਖੇ ਬੀਤੇ ਦਿਨ ਇਕ ਝਗੜੇ ਨੂੰ ਲੈ ਕੇ ਦਰਜ ਹੋਏ ਪਰਚੇ ਦੇ ਵਿਰੋਧ ਵਿਚ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਰੋਸ ਪ੍ਰਗਟ ਕਰਨ ਵਾਲੀ ਕਿਰਨਜੀਤ ਕੌਰ ਪਤਨੀ ਹਰਜਿੰਦਰ ਸਿੰਘ (ਫੌਜੀ) ਦਾ ਮਾਮਲਾ ਅਖ਼ੀਰਕਾਰ ਪੰਚਾਇਤ, ਪਿੰਡ ਦੇ ਪਤਵੰਤਿਆਂ ਅਤੇ ਪੁਲਸ ਦੀ ਸਾਂਝੀ ਕੋਸ਼ਿਸ਼ ਨਾਲ ਸੁਖਦਾਇਕ ਢੰਗ ਨਾਲ ਹੱਲ ਹੋ ਗਿਆ।
ਜ਼ਿਕਰਯੋਗ ਹੈ ਕਿ ਪਰਿਵਾਰਕ ਮੈਂਬਰਾਂ ਖ਼ਿਲਾਫ਼ ਪਰਚਾ ਦਰਜ ਹੋਣ ਦੇ ਰੋਸ ਵਜੋਂ ਕਿਰਨਜੀਤ ਕੌਰ ਵੱਲੋਂ ਇਹ ਕਦਮ ਚੁੱਕਿਆ ਗਿਆ ਸੀ। ਇਸ ਮੌਕੇ ਪੁਲਿਸ ਸਬ ਡਿਵੀਜ਼ਨ ਦੇ ਡੀਐਸਪੀ ਜਸਪਾਲ ਸਿੰਘ ਧਾਲੀਵਾਲ ਖੁਦ ਮੌਕੇ ‘ਤੇ ਪੁੱਜੇ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਇਨਸਾਫ਼ ਦਿਵਾਉਣ ਦਾ ਭਰੋਸਾ ਦਿੰਦਿਆਂ ਔਰਤ ਨੂੰ ਸੁਰੱਖਿਅਤ ਢੰਗ ਨਾਲ ਹੇਠਾਂ ਉਤਾਰਿਆ। ਉਨ੍ਹਾਂ ਨੇ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਗੁਰਪਾਲ ਸਿੰਘ ਨੂੰ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਵਾਉਣ ਲਈ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ।
ਅੱਜ ਪੁਲਿਸ ਥਾਣਾ ਠੁੱਲੀਵਾਲ ਵਿਖੇ ਥਾਣਾ ਮੁਖੀ ਗੁਰਪਾਲ ਸਿੰਘ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਦੋਵਾਂ ਧਿਰਾਂ ਨੂੰ ਸੱਦ ਕੇ ਗਲਤਫ਼ਹਿਮੀਆਂ ਦੂਰ ਕਰਦਿਆਂ ਮਸਲੇ ਨੂੰ ਸੂਝ-ਬੂਝ ਨਾਲ ਹੱਲ ਕਰ ਲਿਆ ਗਿਆ।
ਇਸ ਮੌਕੇ ਥਾਣਾ ਮੁਖੀ ਗੁਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਦੂਜੀ ਧਿਰ ਹਰਜਿੰਦਰ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਮੁਕੱਦਮਾ ਨੰਬਰ 96 ਦਰਜ ਕੀਤਾ ਗਿਆ ਸੀ। ਅੱਜ ਦੋਵਾਂ ਧਿਰਾਂ ਨੇ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਆਪਣੀਆਂ ਗਲਤੀਆਂ ਮੰਨਦਿਆਂ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ਸਮਝੌਤਾ ਕਰ ਲਿਆ ਹੈ ਅਤੇ ਭਵਿੱਖ ਵਿੱਚ ਭਾਈਚਾਰਕ ਸਾਂਝ ਨਾਲ ਰਹਿਣ ਦਾ ਵਚਨ ਦਿੱਤਾ ਹੈ। ਇਸ ਮੌਕੇ ਥਾਣਾ ਮੁਖੀ ਨੇ ਦੋਵਾਂ ਧਿਰਾਂ ਨੂੰ ਜੱਫੀ ਪੁਆ ਕੇ ਪਿੰਡ ਵਿਚ ਮਿਲ-ਜੁਲ ਕੇ ਸ਼ਾਂਤੀਪੂਰਨ ਢੰਗ ਨਾਲ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਸਰਪੰਚ ਸੁਖਵਿੰਦਰ ਦਾਸ (ਕੁਰੜ) ਨੇ ਥਾਣਾ ਮੁਖੀ ਗੁਰਪਾਲ ਸਿੰਘ, ਪੰਚਾਇਤ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਪਿੰਡ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾਣਗੇ ਅਤੇ ਸਾਰੀਆਂ ਗਲਤਫ਼ਹਿਮੀਆਂ ਦੂਰ ਹੋ ਚੁੱਕੀਆਂ ਹਨ।ਇਸ ਮੌਕੇ ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਸਰਾਂ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਕੁਰੜ, ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤੀ ਦੇ ਸਰਕਲ ਪ੍ਰਧਾਨ ਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਕੁਰੜ, ਜਸਪਾਲ ਸਿੰਘ ਫੌਜੀ, ਪੰਚ ਜਗਸੀਰ ਸਿੰਘ, ਪੰਚ ਹਰਜੀਤ ਸਿੰਘ, ਸਾਬਕਾ ਪੰਚ ਦਿਲਜੋਤ ਸਿੰਘ, ਚੌਕੀਦਾਰ ਮਹਿੰਦਰ ਸਿੰਘ, ਪੰਚ ਹਬੀਬ ਮੁਹੰਮਦ, ਕੈਪਟਨ ਕਰਮ ਸਿੰਘ ਅਤੇ ਹਰਪਾਲ ਸਿੰਘ ਕੁਰੜ ਸਮੇਤ ਕਈ ਪਤਵੰਤੇ ਵਿਅਕਤੀ ਹਾਜ਼ਰ ਸਨ।
'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ
NEXT STORY