ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਮਰਾਲਾ ਤੋਂ ਕਾਂਗਰਸ ਦੇ 4 ਵਾਰ ਵਿਧਾਇਕ ਰਹਿ ਚੁੱਕੇ ਅਤੇ 5 ਵਾਰ ਚੋਣ ਲੜ ਚੁੱਕੇ ਸਿਆਸਤ ਦੇ ਮਹਾਂਰਥੀ ਅਮਰੀਕ ਸਿੰਘ ਢਿੱਲੋਂ ਨੇ ਅੱਜ ਆਪਣੀ ਜਗ੍ਹਾ ਹਲਕੇ ਤੋਂ ਨਵਾਂ ਚਿਹਰਾ ਚੋਣ ਮੈਦਾਨ ’ਚ ਉਤਾਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਉਨ੍ਹਾਂ ਦਾ ਪੋਤਰਾ ਕਰਨਵੀਰ ਸਿੰਘ ਢਿੱਲੋਂ ਲੜੇਗਾ। ਅੱਜ ਮਾਛੀਵਾੜਾ ਵਿਖੇ ਪਿੰਡਾਂ ਦੀਆਂ ਪੰਚਾਇਤਾਂ ਲਈ ਕਰਵਾਏ ਗਏ ਇੱਕ ਸਮਾਰੋਹ ਦੌਰਾਨ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੋਤਰਾ ਕਰਨਵੀਰ ਸਿੰਘ ਢਿੱਲੋਂ, ਜਿਸ ਨੂੰ ਸੂਬਾ ਸਰਕਾਰ ਪੰਜਾਬ ਸਟੇਟ ਟਰਾਂਮਿਸ਼ਨ ਕਾਰਪੋਰੇਸ਼ਨ ਦਾ ਡਾਇਰੈਕਟਰ/ਪ੍ਰਬੰਧਕ ਨਿਯੁਕਤ ਕੀਤਾ ਹੈ, ਉਹ ਇਸ ਵਾਰ ਚੋਣ ਮੈਦਾਨ ’ਚ ਉਤਰੇਗਾ।
ਵਿਧਾਇਕ ਢਿੱਲੋਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਮਾਣ ਤੇ ਸਤਿਕਾਰ ਦੇ ਕੇ 4 ਵਾਰ ਵਿਧਾਇਕ ਬਣਾਇਆ, ਉਸੇ ਤਰ੍ਹਾਂ ਉਨ੍ਹਾਂ ਦੇ ਪੋਤਰੇ ਨੂੰ ਵੀ ਪਿਆਰ ਬਖ਼ਸਦਿਆਂ ਵਿਧਾਇਕ ਚੁਣਨਗੇ। ਨੌਜਵਾਨ ਆਗੂ ਕਰਨਵੀਰ ਸਿੰਘ ਢਿੱਲੋਂ ਜੋ ਕਿ ਨਗਰ ਕੌਂਸਲ ਸਮਰਾਲਾ ਦੇ ਪ੍ਰਧਾਨ ਵੀ ਹਨ ਅਤੇ ਪਿਛਲੇ ਕਈ ਮਹੀਨਿਆਂ ਤੋਂ ਉਹ ਹਲਕਾ ਸਮਰਾਲਾ ਦੀ ਸਿਆਸਤ ’ਚ ਪੂਰੀ ਤਰ੍ਹਾਂ ਸਰਗਰਮ ਦਿਖਾਈ ਦਿੱਤੇ। ਆਪਣੇ ਦਾਦਾ ਵਿਧਾਇਕ ਢਿੱਲੋਂ ਦੀ ਉਂਗਲ ਫੜ੍ਹ ਸਿਆਸਤ ’ਚ ਆਇਆ ਕਰਨਵੀਰ ਸਿੰਘ ਢਿੱਲੋਂ ਪਿਛਲੇ 1 ਮਹੀਨੇ ਤੋਂ ਇਲਾਕੇ ਦੇ ਖੇਡ ਕਲੱਬਾਂ ਨਾਲ ਰਾਬਤਾ ਕਾਇਮ ਕਰ ਨੌਜਵਾਨਾਂ ਨੂੰ ਆਪਣੇ ਜੋੜਨ ’ਚ ਲੱਗੇ ਹੋਏ ਹਨ। ਉੱਥੇ ਕਾਂਗਰਸ ਪਾਰਟੀ ਦੇ ਹਰੇਕ ਸਮਾਗਮ ਵਿਚ ਮੋਹਰੀ ਭੂਮਿਕਾ ਅਦਾ ਕਰ ਰਹੇ ਹਨ। ਬੇਸ਼ੱਕ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਤੋਂ ਇਨਕਾਰ ਕਰਦਿਆਂ ਆਪਣੇ ਪੋਤਰੇ ਨੂੰ ਸਿਆਸਤ ਦਾ ਉੱਤਰਾਧਿਕਾਰੀ ਪੇਸ਼ ਕੀਤਾ ਹੈ, ਬਾਕੀ ਕਾਂਗਰਸ ਹਾਈਕਮਾਨ ਵੱਲੋਂ ਕਰਨਵੀਰ ਸਿੰਘ ਢਿੱਲੋਂ ਨੂੰ ਟਿਕਟ ਦੇਣ ਤੋਂ ਬਾਅਦ ਹੀ ਇਸ ਨਵੇਂ ਚਿਹਰੇ ’ਤੇ ਕਾਂਗਰਸ ਉਮੀਦਵਾਰ ਦੀ ਅਸਲੀ ਮੋਹਰ ਲੱਗੇਗੀ।
ਤਿੰਨ ਭਗੌੜੇ ਡੇਰਾ ਪ੍ਰੇਮੀਆਂ ਦਾ ਗਿ੍ਫ਼ਤਾਰੀ ਵਾਰੰਟ ਲੈ ਕੇ ਸਿਰਸਾ ਪੁੱਜੀ ‘ਸਿਟ’, ਡੇਰੇ ’ਚ ਚਲਾਇਆ ਸਰਚ ਅਭਿਆਨ
NEXT STORY