ਤਲਵਾੜਾ (ਜੋਸ਼ੀ) : ਵਿਦੇਸ਼ ਭੇਜਣ ਦੇ ਨਾਮ 'ਤੇ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਧੋਖਾਧੜੀ ਹੋਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਤਲਵਾੜਾ ਪੁਲਸ ਨੇ ਪਿੰਡ ਗੇਰਾ ਦੇ ਨਿਵਾਸੀ ਰਾਜ ਮੱਲ ਦੀ ਸ਼ਿਕਾਇਤ 'ਤੇ ਉਸ ਦੀ ਨੂੰਹ ਅਮਨਦੀਪ ਕੌਰ ਵਿਰੁੱਧ ਧੋਖਾਧੜੀ ਅਤੇ ਸਾਜ਼ਿਸ਼ ਤਹਿਤ ਤਲਾਕ ਲੈਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ. ਓ. ਤਲਵਾੜਾ ਸਤਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਾਜ ਮੱਲ ਅਨੁਸਾਰ ਉਨ੍ਹਾਂ ਨੇ ਆਪਣੀ ਨੂੰਹ ਅਮਨਦੀਪ ਕੌਰ ਨੂੰ ਕਰੀਬ 20,13,798 ਰੁਪਏ ਖਰਚ ਕੇ 5 ਅਪ੍ਰੈਲ 2021 ਨੂੰ ਸਟੱਡੀ ਵੀਜ਼ੇ 'ਤੇ ਕੈਨੇਡਾ ਭੇਜਿਆ ਸੀ। ਕੈਨੇਡਾ ਪਹੁੰਚਣ ਤੋਂ ਕੁਝ ਸਮੇਂ ਬਾਅਦ ਹੀ ਅਮਨਦੀਪ ਕੌਰ ਨੇ ਆਪਣੇ ਪਤੀ ਮਨਦੀਪ ਕੁਮਾਰ ਅਤੇ ਸਹੁਰੇ ਪਰਿਵਾਰ ਨਾਲ ਸੰਪਰਕ ਤੋੜ ਲਿਆ। ਜਦੋਂ ਪਰਿਵਾਰ ਨੇ ਲੜਕੀ ਦੇ ਮਾਪਿਆਂ ਰਾਹੀਂ ਦਬਾਅ ਪਾਇਆ ਤਾਂ ਉਸ ਨੇ ਆਪਣੇ ਪਤੀ ਨੂੰ ਸਪਾਊਸ ਵੀਜ਼ਾ ਭੇਜ ਦਿੱਤਾ।
ਮਨਦੀਪ ਕੁਮਾਰ 23 ਜਨਵਰੀ 2023 ਨੂੰ ਕੈਨੇਡਾ ਪਹੁੰਚਿਆ ਪਰ ਅਮਨਦੀਪ ਕੌਰ ਨਾ ਤਾਂ ਉਸ ਨੂੰ ਏਅਰਪੋਰਟ ਲੈਣ ਆਈ ਅਤੇ ਨਾ ਹੀ ਉਸ ਦਾ ਫ਼ੋਨ ਚੁੱਕਿਆ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਕੈਨੇਡਾ ਵਿਚ ਮਨਦੀਪ ਕੁਮਾਰ ਦੇ ਪਹੁੰਚਣ ਤੋਂ ਅਗਲੇ ਹੀ ਦਿਨ ਅਮਨਦੀਪ ਕੌਰ ਨੇ ਉਸ ਨੂੰ ਵਟਸਐਪ ਰਾਹੀਂ ਵਕੀਲ ਦਾ ਕਾਰਡ ਅਤੇ ਤਲਾਕ ਦੇ ਕਾਗਜ਼ ਭੇਜ ਦਿੱਤੇ। ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਤਲਾਕ ਦੇ ਪੇਪਰਾਂ 'ਤੇ ਦਸਤਖਤ ਨਾ ਕੀਤੇ ਤਾਂ ਉਹ ਪੁਲਸ ਸ਼ਿਕਾਇਤ ਕਰਕੇ ਉਸ ਨੂੰ ਡਿਪੋਰਟ ਕਰਵਾ ਦੇਵੇਗੀ। ਇਸ ਦਬਾਅ ਹੇਠ ਦੋਵਾਂ ਦਾ 17 ਅਗਸਤ 2023 ਨੂੰ ਤਲਾਕ ਹੋ ਗਿਆ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ.ਐਸ.ਪੀ. ਸਬ ਡਵੀਜ਼ਨ ਦਸੂਹਾ ਬਲਵਿੰਦਰ ਸਿੰਘ ਵੱਲੋਂ ਪੜਤਾਲ ਕੀਤੀ ਗਈ। ਪੜਤਾਲੀਆ ਰਿਪੋਰਟ ਵਿਚ ਪਾਇਆ ਗਿਆ ਕਿ ਅਮਨਦੀਪ ਕੌਰ ਨੇ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਸਹੁਰੇ ਪਰਿਵਾਰ ਦੇ ਪੈਸੇ 'ਤੇ ਕੈਨੇਡਾ ਜਾ ਕੇ ਆਪਣੇ ਪਤੀ ਨਾਲ ਧੋਖਾ ਕੀਤਾ। ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਤੇ ਬਿਆਨਾਂ ਦੇ ਅਧਾਰ 'ਤੇ ਅਮਨਦੀਪ ਕੌਰ ਨੂੰ ਦੋਸ਼ੀ ਪਾਇਆ ਗਿਆ। ਤਲਵਾੜਾ ਪੁਲਸ ਨੇ ਐਸ. ਐਸ.ਪੀ.ਸੰਦੀਪ ਕੁਮਾਰ ਮਲਿਕ ਦੇ ਹੁਕਮਾਂ ਤਹਿਤ ਅਮਨਦੀਪ ਕੌਰ ਪੁੱਤਰੀ ਅਵਤਾਰ ਸਿੰਘ ਵਾਸੀ ਪਿੰਡ ਦੁਲਮੀਵਾਲ, ਹਾਲ ਵਾਸੀ ਨਿਊ ਮਾਡਲ ਟਾਊਨ ਦਸੂਹਾ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੱਸ ਸਟੈਂਡ 'ਤੇ ਮਹਿਲਾ ਨਾਲ ਠੱਗੀ, ਸੋਨੇ ਦੀਆਂ ਵਾਲੀਆਂ ਤੇ ਨਕਦੀ ਦੇ ਨਾਲ-ਨਾਲ ਆਧਾਰ ਕਾਰਡ ਵੀ ਲੈ ਗਏ ਚੋਰ
NEXT STORY