ਅੰਮ੍ਰਿਤਸਰ (ਰਮਨ/ਇੰਦਰਜੀਤ) - ਜੂਨ ਮਹੀਨੇ ਗਰਮੀ ਵਿਚ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਜਿੱਥੇ ਲੋਕ ਛੁੱਟੀਆਂ ਵਿਚ ਪਹਾੜੀ ਇਲਾਕਿਆਂ ਵੱਲ ਰੁਖ ਕਰ ਰਹੇ ਹਨ, ਉਥੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਗਰਮੀ ਅਤੇ ਬਿਜਲੀ ਕੱਟਾਂ ਨਾਲ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਪਿਆ ਹੈ। ਸ਼ੁੱਕਰਵਾਰ ਨੂੰ ਮੌਸਮ ਵਿਭਾਗ ਅਨੁਸਾਰ 43.08 ਡਿਗਰੀ ਤਾਪਮਾਨ ਨੋਟ ਕੀਤਾ ਗਿਆ। ਸ਼ਹਿਰ ਵਿਚ 24 ਘੰਟੇ ਬਿਜਲੀ ਸਬੰਧੀ ਸੈਂਕੜੇ ਸ਼ਿਕਾਇਤਾਂ ਪਾਵਰਕਾਮ ਦੇ ਨੋਡਲ ਸ਼ਿਕਾਇਤ ਕੇਂਦਰਾਂ ਵਿਚ ਆ ਰਹੀਆਂ ਹਨ। ਇਸ ਨਾਲ 1912 ਸ਼ਿਕਾਇਤ ਨੰਬਰ ’ਤੇ ਫੋਨ ਬਹੁਤ ਮੁਸ਼ਕਲ ਨਾਲ ਮਿਲ ਰਹੇ ਹਨ। ਗਰਮੀ ਕਾਰਨ ਦੁਪਹਿਰ ਵੇਲੇ ਸੜਕਾਂ ਵਿਚ ਚੱਲਣਾ ਮੁਸ਼ਕਲ ਹੋਇਆ ਪਿਆ ਹੈ। ਸ਼ੁੱਕਰਵਾਰ ਦੁਪਹਿਰ ਨੂੰ ਸ਼ਹਿਰ ਦੇ ਕੁਝ 5 ਮਿੰਟ ਦੀ ਬਾਰਿਸ਼ ਹੋਈ, ਜਿਸ ਨਾਲ ਸੜਕਾਂ ਵਿਚ ਹੁੰਮਸ ਹੋ ਵੀ ਵੱਧ ਗਈ।
ਅੰਮ੍ਰਿਤਸਰ ਵਿਚ ਪੈ ਰਹੀ ਤੇਜ਼ ਗਰਮੀ ਕਾਰਨ ਇਕ ਹੋਰ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਦੁਰਗਿਆਨਾ ਪੁਲਸ ਚੌਕੀ ਦੇ ਇੰਚਾਰਜ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੋਲਬਾਗ ਦੇ ਅੰਦਰ ਇਕ ਵਿਅਕਤੀ ਜਿਸ ਦੀ ਉਮਰ 50-55 ਦੇ ਕਰੀਬ ਹੈ ਅਤੇ ਬੇਹੋਸ਼ ਹਾਲਤ ਵਿਚ ਪਿਆ ਹੈ। ਇਸ ਦੌਰਾਨ ਪੁਲਸ ਨੇ ਉਸਦੀ ਸਹਾਇਤਾ ਕਰਦੇ ਹੋਏ ਉਸ ਨੂੰ ਹਸਪਤਾਲ ਵਿਚ ਭੇਜਿਆ, ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਥਾਣਾ ਡੀ ਡਵੀਜ਼ਨ ਅਨੁਸਾਰ ਆਉਂਦੀ ਚੌਕੀ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪਿਛਲੇ 2 ਦਿਨ ਪਹਿਲਾਂ ਵੀ ਇੱਥੋਂ ਇੱਕ 65 ਸਾਲ ਦੇ ਵਿਅਕਤੀ ਦੀ ਗਰਮੀ ਨਾਲ ਮੌਤ ਹੋਣ ਦੀ ਸੂਚਨਾ ਸੀ। ਹਾਲਾਂਕਿ ਪੁਲਸ ਨੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।
ਮੀਂਹ ਨਾ ਪਿਆ ਤਾਂ ਬਿਜਲੀ ਸਮੱਸਿਆ ਹੋਵੇਗੀ ਗੰਭੀਰ
ਮੌਸਮ ਵਿਭਾਗ ਅਨੁਸਾਰ ਮਾਨਸੂਨ ਸਮੇਂ ਤੋਂ ਤਿੰਨ-ਚਾਰ ਦਿਨ ਪਹਿਲਾਂ ਆ ਜਾਵੇਗਾ। ਜੇਕਰ ਬਾਰਿਸ਼ਾਂ ਨਾ ਪਈ ਤਾ ਬਿਜਲੀ ਸਬੰਧੀ ਸਮੱਸਿਆ ਹੋਰ ਵੀ ਗੰਭੀਰ ਹੋ ਜਾਵੇਗੀ, ਉਥੇ ਹੀ ਦੂਸਰੇ ਪਾਸੇ ਪੈਡੀ ਸੀਜ਼ਨ ਵੀ ਚੱਲ ਰਿਹਾ ਹੈ। ਪੰਜਾਬ ਭਰ ਵਿਚ ਇਸ ਵੇਲੇ ਬਿਜਲੀ ਨੂੰ ਲੈ ਕੇ ਸੋਸ਼ਲ ਮੀਡੀਆ ਵਿਚ ਸਰਕਾਰ ਨੂੰ ਜੰਮ ਕੇ ਕੋਸਿਆ ਜਾ ਰਿਹਾ ਹੈ। ਪਾਵਰਕਾਮ ਕੋਲ ਆਏ ਦਿਨ ਕਰਮਚਾਰੀ ਸੇਵਾਮੁਕਤ ਹੁੰਦੇ ਜਾ ਰਹੇ ਹਨ ਪਰ ਉਨ੍ਹਾਂ ਦੀ ਥਾਂ ’ਤੇ ਨਵੀ ਭਰਤੀ ਨਹੀਂ ਹੋ ਰਹੀ ਹੈ, ਜਿਸ ਨੂੰ ਲੈ ਕੇ ਜਦੋਂ ਵੀ ਖਪਤਕਾਰ ਬਿਜਲੀ ਸਬੰਧੀ ਸ਼ਿਕਾਇਤ ਦਰਜ ਕਰਵਾਉਦੇ ਹਨ ਤਾਂ ਉਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਨਹੀਂ ਹੁੰਦਾ ਹੈ। ਜ਼ਿਆਦਾਤਰ ਰਾਤ ਸਮੇਂ ਘਰਾਂ ਦੇ ਵਿਚ ਏ. ਸੀ. ਚੱਲਦੇ ਹਨ ਅਤੇ ਲੋਡ ਜ਼ਿਆਦਾ ਵੱਧ ਜਾਂਦਾ ਹੈ ਤਾਂ ਟਰਾਂਸਫਾਰਮਰ ਅਤੇ ਬਿਜਲੀ ਦੀਆਂ ਤਾਰਾਂ ਵਿਚ ਸਮੱਸਿਆ ਹੁੰਦੀ ਹੈ। ਸ਼ੁੱਕਰਵਾਰ ਨੂੰ ਸ਼ਹਿਰ ਦੇ ਦਰਜਨਾਂ ਇਲਾਕਿਆਂ ਵਿਚ ਬਿਜਲੀ ਸਬੰਧੀ ਮੁਸ਼ਕਲਾਂ ਆਈਆਂ।
ਇਨ੍ਹਾਂ ਇਲਾਕਿਆਂ ’ਚ ਰਹੀ ਬਿਜਲੀ ਠੱਪ
ਪਾਵਰਕਾਮ ਵਲੋਂ ਕਿਸੇ ਵੀ ਥਾਂ ’ਤੇ ਪਹਿਲਾਂ ਦੱਸਿਆ ਨਹੀਂ ਗਿਆ ਕਿ ਇਸ ਇਲਾਕੇ ਵਿਚ ਬਿਜਲੀ ਕੱਟ ਲੱਗੇਗਾ। ਗੇਟ ਹਕੀਮਾ ਸਬ ਡਵੀਜ਼ਨ ਵਿਚ ਪੀਰ ਸ਼ਾਹ ਰੋਡ, ਦਾਣਾ ਮੰਡੀ, ਭਗਤਾਂਵਾਲਾ ਗੇਟ, ਗੇਟ ਹਕੀਮਾ, ਭਰਾੜੀਵਾਲ, ਫਕੀਰ ਸਿੰਘ ਕਾਲੋਨੀ, ਅੰਨਗੜ੍ਹ, ਮੂਲੇਚੱਕ, ਬਾਬਾ ਜੀਵਨ ਸਿੰਘ ਕਾਲੋਨੀ, ਫਤਿਹ ਸਿੰਘ ਕਲੋਨੀ ਆਦਿ ਇਲਾਕਿਆਂ ਵਿਚ ਬਿਜਲੀ ਸਪਲਾਈ ਨਿਰੰਤਰ ਠੱਪ ਰਹੀ। ਦੂਜੇ ਪਾਸੇ 132 ਕੇ. ਵੀ. ਸਬ ਸਟੇਸ਼ਨ ਵੇਰਕਾ ਤੋਂ ਚੱਲਦੇ ਦੇਰ ਰਾਤ ਕਈ ਫੀਡਰ ਬੰਦ ਰਹੇ, ਉਥੇ ਹੀ ਪਾਸ ਇਲਾਕੇ ਰਣਜੀਤ ਐਵੇਨਿਊ, ਮਜੀਠਾ ਰੋਡ ਆਦਿ ਇਲਾਕਿਆਂ ਵਿਚ ਬਿਜਲੀ ਦਾ ਸਪਲਾਈ ਪ੍ਰਭਾਵਿਤ ਰਹੀ। ਹਾਲਾਕਿ ਪਾਵਰਕਾਮ ਦੇ ਮੁਲਾਜ਼ਮ ਬਿਜਲੀ ਸਪਲਾਈ ਬਹਾਲ ਕਰਨ ਵਿਚ ਲੱਗੇ ਰਹੇ ਤਾਂ ਪਰ ਕਈ ਇਲਾਕਿਆਂ ਵਿਚ ਬਿਜਲੀ ਸਬੰਧੀ ਕਈ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਿਆ।
ਭਾਜਪਾ 'ਚ ਸ਼ਾਮਲ ਹੋਣ ਵਾਲੇ ਕਾਂਗਰਸੀਆਂ ਬਾਰੇ 'ਰਾਜਾ ਵੜਿੰਗ' ਦਾ ਵੱਡਾ ਬਿਆਨ, ਜਾਣੋ ਕੀ ਬੋਲੇ
NEXT STORY