ਅੰਮ੍ਰਿਤਸਰ (ਸੁਮਿਤ ਖੰਨਾ, ਮਮਤਾ, ਸਰਬਜੀਤ) : ਬਰਗਾੜੀ ਮੋਰਚੇ ਦੀ ਅਚਨਚੇਤ ਸਮਾਪਤੀ ਉਪਰੰਤ ਅਧੂਰੀਆਂ ਮੰਗਾਂ ਨੂੰ ਲੈ ਕੇ ਅੱਜ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਥਾਪਿਤ ਕੀਤੀ 5 ਮੈਂਬਰੀ ਕਮੇਟੀ, ਸਮੂਹ ਪੰਥਕ ਜਥੇਬੰਦੀਆਂ ਤੇ ਇਲਾਕਾ ਨਿਵਾਸੀਆਂ ਨੇ ਕੇਂਦਰੀ ਜੇਲ ਅੰਮ੍ਰਿਤਸਰ ਦੇ ਬਾਹਰ ਮੰਗਾਂ ਦੀ ਪੂਰਤੀ ਲਈ ਸ਼ਾਂਤਮਈ ਰੋਸ ਧਰਨਾ ਦਿੱਤਾ। ਇਸ ਦੇ ਨਾਲ ਹੀ ਅਲਟੀਮੇਟਮ ਅਨੁਸਾਰ ਪੂਰੇ ਪੰਜਾਬ ਦੀਆਂ ਜੇਲਾਂ ਦੇ ਬਾਹਰ ਰੋਸ ਧਰਨਿਆਂ ਦਾ ਆਗਾਜ਼ ਕੀਤਾ ਗਿਆ।
5 ਮੈਂਬਰੀ ਕਮੇਟੀ ਦੇ ਮੈਂਬਰ ਅਮਰ ਸਿੰਘ ਚਾਹਲ ਐਡਵੋਕੇਟ, ਪ੍ਰੋ. ਬਲਜਿੰਦਰ ਸਿੰਘ, ਭਾਈ ਨਰੈਣ ਸਿੰਘ ਚੌੜਾ, ਮਾ. ਸੰਤੋਖ ਸਿੰਘ ਤੇ ਜਸਪਾਲ ਸਿੰਘ ਹੇਰ ਨੇ ਕਿਹਾ ਕਿ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸਾਜ਼ਿਸ਼ਕਰਤਾ ਡੇਰਾ ਮੁਖੀ ਰਾਮ ਰਹੀਮ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਪੁਲਸ ਅਫਸਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਬਕਾ ਡੀ. ਜੀ. ਪੀ. ਸੁਮੈਧ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੂੰ ਕਾਨੂੰਨੀ ਘੇਰੇ ਵਿਚ ਲੈ ਕੇ ਅਦਾਲਤੀ ਕਾਰਵਾਈ ਕੀਤੀ ਜਾਵੇ ਤੇ ਜੇਲ ਦੀਆਂ ਸ਼ਲਾਖਾਂ ਪਿੱਛੇ ਡੱਕਿਆ ਜਾਵੇ, ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਪੰਜਾਬ ਤੋਂ ਬਾਹਰਲੀਆਂ ਜੇਲਾਂ 'ਚ ਨਜ਼ਰਬੰਦ ਸਿੱਖ ਰਾਜਸੀ ਕੈਦੀਆਂ ਨੂੰ ਪੰਜਾਬ ਵਿਚ ਤਬਦੀਲ ਕੀਤਾ ਜਾਵੇ।
ਇਸ ਮੌਕੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵਲੋਂ ਪ੍ਰਗਟ ਸਿੰਘ ਚੋਗਾਵਾਂ ਪੀ. ਏ. ਸੀ. ਮੈਂਬਰ ਦੀ ਧਰਨੇ ਵਿਚ ਸ਼ਾਮਿਲ ਹੋਣ ਲਈ ਵਿਸ਼ੇਸ਼ ਜ਼ਿੰਮੇਵਾਰੀ ਲਾਈ ਗਈ। ਇਸ ਤੋਂ ਇਲਾਵਾ ਬਲਦੇਵ ਸਿੰਘ ਸਿਰਸਾ ਤੇ ਭਾਈ ਸੁਖਜੀਤ ਸਿੰਘ ਖੋਸਾ, ਮਾ. ਬਲਦੇਵ ਸਿੰਘ, ਜਥੇਦਾਰ ਨਰੈਣ ਸਿੰਘ ਤੇ ਤਰੁਣਾ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਆਦਿ ਨੇ ਹਿੱਸਾ ਲਿਆ।
ਸਿੱਧੂ ਤੇ ਖਹਿਰਾ ਦੇਸ਼ ਦੀਆਂ ਫੌਜਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ 'ਚ : ਬੀਬੀ ਜਗੀਰ ਕੌਰ
NEXT STORY