ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਇਕਜੁਟਤਾ ਨਾਲ ਮਨਾਉਣ ਲਈ ਤਾਲਮੇਲ ਕਮੇਟੀ ਦੀ ਅਗਲੀ ਇਕੱਤਰਤਾ ਬੁਲਾਈ ਗਈ ਹੈ। ਇਹ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ 4 ਅਕਤੂਬਰ ਨੂੰ ਸਵੇਰੇ 10:00 ਵਜੇ ਹੋਵੇਗੀ। ਇਕੱਤਰਤਾ 'ਚ ਪੰਜਾਬ ਸਰਕਾਰ ਤਰਫੋਂ ਨੁਮਾਇੰਦਿਆਂ ਦੀ ਸ਼ਮੂਲੀਅਤ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਵੀ ਲਿਖਿਆ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੋਂ ਜਾਰੀ ਇਕ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਸਬੰਧੀ ਦੱਸਿਆ ਕਿ ਪ੍ਰਕਾਸ਼ ਪੁਰਬ ਸਮਾਗਮ ਸਾਂਝੇ ਤੌਰ 'ਤੇ ਮਨਾਉਣ ਲਈ ਸ਼੍ਰੋਮਣੀ ਕਮੇਟੀ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਦੇ ਚੱਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਤਾਲਮੇਲ ਕਮੇਟੀ ਦੀ ਇਕ ਹੋਰ ਇਕੱਤਰਤਾ ਸੱਦੀ ਗਈ ਹੈ। ਉਨ੍ਹਾਂ ਦੱਸਿਆ ਕਿ 4 ਅਕਤੂਬਰ ਨੂੰ ਰੱਖੀ ਗਈ ਤਾਲਮੇਲ ਕਮੇਟੀ ਦੀ ਇਸ ਇਕੱਤਰਤਾ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਇਸ ਤੋਂ ਪਹਿਲਾਂ ਤਿੰਨ ਵਾਰੀ ਇਕੱਤਰਤਾਵਾਂ ਰੱਖੀਆਂ ਗਈਆਂ ਸਨ, ਜਿਨ੍ਹਾਂ 'ਚੋਂ ਕੇਵਲ ਇਕ ਇਕੱਤਰਤਾ 'ਚ ਹੀ ਪੰਜਾਬ ਸਰਕਾਰ ਦੇ ਨੁਮਾਇੰਦੇ ਪੁੱਜੇ ਸਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ 4 ਅਕਤੂਬਰ ਦੀ ਇਕੱਤਰਤਾ 'ਚ ਆਪਣੇ ਨੁਮਾਇੰਦੇ ਭੇਜਣ ਦੇ ਨਾਲ-ਨਾਲ ਖੁਦ ਆਪ ਵੀ ਸ਼ਾਮਲ ਹੋਣ, ਤਾਂ ਜੋ ਗੁਰਪੁਰਬ ਸਮਾਗਮ ਸਾਂਝੇ ਤੌਰ 'ਤੇ ਮਨਾਉਣ ਸਬੰਧੀ ਇਹ ਇਕੱਤਰਤਾ ਫੈਸਲਾਕੁੰਨ ਸਾਬਤ ਹੋ ਸਕੇ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY