ਅੰਮ੍ਰਿਤਸਰ (ਰਮਨ/ਵੜੈਚ) : ਨਗਰ ਨਿਗਮ ਐੱਮ. ਟੀ. ਪੀ. ਵਿਭਾਗ ਵੱਲੋਂ ਗਲਿਆਰਾ ਕਾਰੀਡੋਰ 'ਚ ਲੱਗਦੇ ਕਮਰਸ਼ੀਅਲ ਅਦਾਰਿਆਂ ਨੂੰ ਨੋਟਿਸ ਦਿੱਤੇ ਜਾ ਰਹੇ ਹਨ, ਜਿਸ ਤੋਂ ਦੁਕਾਨਦਾਰ, ਹੋਟਲ, ਗੈਸਟ ਹਾਊਸ ਮਾਲਕ ਪ੍ਰੇਸ਼ਾਨ ਹੋ ਰਹੇ ਹਨ। ਐੱਮ. ਟੀ. ਪੀ. ਵਿਭਾਗ ਦੇ ਬਿਲਡਿੰਗ ਇੰਸਪੈਕਟਰ ਬਿਨਾਂ ਸਰਵੇ ਅਤੇ ਬਿਨਾਂ ਕਿਸੇ ਗਰਾਊਂਡ ਚੈੱਕ ਕੀਤੇ ਲੋਕਾਂ ਨੂੰ ਨੋਟਿਸ ਵੰਡਣ 'ਚ ਲੱਗੇ ਹੋਏ ਹਨ। 24 ਜੁਲਾਈ ਨੂੰ ਹਾਈ ਕੋਰਟ ਦੇ ਆਦੇਸ਼ਾਂ 'ਤੇ ਨਿਗਮ ਵੱਲੋਂ ਜੋ ਕਾਰਵਾਈ ਕੀਤੀ ਗਈ ਸੀ, ਉਸ ਵਿਚ ਵੀ ਐੱਮ. ਟੀ. ਪੀ. ਵਿਭਾਗ ਦੀਆਂ ਕਾਫ਼ੀ ਕਮੀਆਂ ਨਜ਼ਰ ਆਈਆਂ ਸਨ।
ਉਥੇ ਹੀ ਹੁਣ ਵੀ ਲਗਾਤਾਰ ਗਲਤੀਆਂ ਕੀਤੀਆਂ ਜਾ ਰਹੀਆਂ ਹਨ, ਗਲਿਆਰੇ ਕੋਲ ਗੁਰੂ ਰਵਿਦਾਸ ਮਾਰਕੀਟ 'ਚ ਬੱਬੀ ਫੂਡ ਕਾਰਨਰ ਦੇ ਮਾਲਕ ਨੇ 27 ਜੁਲਾਈ ਨੂੰ ਨੋਟਿਸ ਵੰਡ ਰਹੇ ਬਿਲਡਿੰਗ ਇੰਸਪੈਕਟਰ ਨੂੰ ਆਪਣੀ ਦੁਕਾਨ 'ਚ ਸੱਦ ਕੇ ਪਾਣੀ ਪਿਆਇਆ ਸੀ, ਜਿਸ ਤੋਂ ਬਾਅਦ ਬਿਲਡਿੰਗ ਇੰਸਪੈਕਟਰ ਨੇ ਥੋੜ੍ਹੀ ਦੇਰ ਬਾਅਦ ਉਕਤ ਦੁਕਾਨਦਾਰ ਨੂੰ ਨੋਟਿਸ ਦੇ ਦਿੱਤਾ। ਦੁਕਾਨਦਾਰ ਲਵਲੀ ਨੇ ਕਿਹਾ ਕਿ ਪਿਛਲੇ ਸਾਲਾਂ 'ਚ ਗੋਲਡਨ ਟੈਂਪਲ ਬਿਊਟੀਫਿਕੇਸ਼ਨ ਪ੍ਰਾਜੈਕਟ ਤਹਿਤ 26 ਦੁਕਾਨਦਾਰਾਂ ਨੂੰ ਗੁਰੂ ਰਵਿਦਾਸ ਮਾਰਕੀਟ 'ਚ ਦੁਕਾਨ ਦਿੱਤੀ ਸੀ, ਜੋ ਕਿ ਪੁੱਡਾ ਅਪਰੂਵਡ ਹੈ ਅਤੇ ਉਕਤ ਇੰਸਪੈਕਟਰ ਨੇ ਉਨ੍ਹਾਂ ਦੀ ਦੁਕਾਨ ਦਾ ਨਾਂ ਲਿਖ ਕੇ ਹੇਠਾਂ ਬ੍ਰਹਮ ਬੂਟਾ ਮਾਰਕੀਟ ਨੋਟਿਸ ਕੱਟ ਕੇ ਉਨ੍ਹਾਂ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ। ਇਸ ਨੂੰ ਲੈ ਕੇ ਉਨ੍ਹਾਂ ਨੇ ਕਈ ਸ਼ਿਕਾਇਤਾਂ ਕੀਤੀਆਂ ਪਰ ਕੋਈ ਹੱਲ ਨਾ ਨਿਕਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਆਲੇ-ਦੁਆਲੇ ਕਿਸੇ ਨੂੰ ਨੋਟਿਸ ਨਹੀਂ ਦਿੱਤਾ, ਸਿਰਫ ਉਨ੍ਹਾਂ ਨੂੰ ਹੀ ਨੋਟਿਸ ਦਿੱਤਾ ਗਿਆ ਹੈ।
ਨਿਗਮ ਦਫ਼ਤਰ 'ਚ ਗਲਿਆਰੇ ਅਧੀਨ ਪੈਂਦੇ 119 ਲੋਕਾਂ ਨੇ ਦਸਤਾਵੇਜ਼ ਦਿੱਤੇ ਹਨ, ਜਿਨ੍ਹਾਂ ਨੂੰ ਹਰ ਰੋਜ਼ ਖੰਗਾਲਿਆ ਜਾ ਰਿਹਾ ਹੈ। ਉਥੇ ਹੀ ਵਿਭਾਗ ਵਲੋਂ ਕਈ ਲੋਕਾਂ ਨੂੰ ਗਲਤ ਨੋਟਿਸ ਵੀ ਵੰਡੇ ਗਏ, ਜੋ ਕਿ ਗਲਿਆਰਾ ਪ੍ਰਾਜੈਕਟ ਵਿਚ ਹੈ ਹੀ ਨਹੀਂ। ਕਿਤੇ ਇਹ ਸਭ ਕਰ ਕੇ ਵਿਭਾਗ ਫਿਰ ਤੋਂ ਖਾਨਾਪੂਰਤੀ ਤਾਂ ਨਹੀਂ ਕਰ ਰਿਹਾ। ਵਿਭਾਗ ਵਲੋਂ ਕਿਹਾ ਜਾ ਰਿਹਾ ਹੈ ਕਿ ਉਹ ਸਟੇਟਸ ਰਿਪੋਰਟ ਤਿਆਰ ਕਰ ਰਹੇ ਹਨ, ਜਿਸ ਨੂੰ ਲੈ ਕੇ ਹਰ ਰੋਜ਼ ਕਮਿਸ਼ਨਰ ਨਗਰ ਨਿਗਮ ਨੂੰ ਰਿਪੋਰਟ ਦਿੱਤੀ ਜਾ ਰਹੀ ਹੈ।
ਅੰਦਰੂਨੀ ਸ਼ਹਿਰ 'ਚ 352 ਹੋਟਲਾਂ ਦੀ ਸੂਚੀ 'ਤੇ ਕਾਰਵਾਈ ਕਰਨ ਨੂੰ ਲੈ ਕੇ ਚੰਡੀਗੜ੍ਹ ਤੋਂ ਨਿਰਦੇਸ਼ ਮਿਲ ਰਹੇ ਹਨ, ਉਥੇ ਹੀ ਹਾਈ ਕੋਰਟ ਦੇ ਆਦੇਸ਼ ਵੀ ਇਹੀ ਹਨ ਕਿ ਜੋ ਉਨ੍ਹਾਂ ਕੋਲ 352 ਹੋਟਲਾਂ ਦੀ ਸੂਚੀ ਹੈ, ਜਿਨ੍ਹਾਂ ਦੇ ਬਿਜਲੀ-ਪਾਣੀ ਦੇ ਕੁਨੈਕਸ਼ਨ ਕੱਟ ਦਿਓ, ਜਿਸ ਨਾਲ ਆਉਣ ਵਾਲੇ ਸਮੇਂ 'ਚ ਨਿਗਮ ਕਾਰਵਾਈ ਨੂੰ ਲੈ ਕੇ ਕੀ ਰਣਨੀਤੀ ਬਣਾਉਂਦਾ ਹੈ, ਇਹ ਭਵਿੱਖ ਹੀ ਦੱਸੇਗਾ।
ਦਿੱਲੀ 'ਚ ਬਿਜਲੀ ਸਸਤੀ ਹੋ ਸਕਦੀ ਤਾਂ ਪੰਜਾਬ 'ਚ ਕਿਉਂ ਨਹੀਂ : ਮੀਤ ਹੇਅਰ
NEXT STORY