ਅੰਮ੍ਰਿਤਸਰ(ਛੀਨਾ)— ਕਾਂਗਰਸ ਵੱਲੋਂ ਸਿਆਸਤ 'ਚ ਪ੍ਰਿਯੰਕਾ ਗਾਂਧੀ ਨੂੰ ਅੱਗੇ ਕਰਨ ਨਾਲ ਇਹ ਗੱਲ ਤਾਂ ਸਾਫ ਹੋ ਗਈ ਹੈ ਕਿ ਕਾਂਗਰਸ ਨੂੰ ਰਾਹੁਲ ਗਾਂਧੀ ਦੀ ਲੀਡਰਸ਼ਿਪ 'ਤੇ ਭਰੋਸਾ ਨਹੀਂ ਰਿਹਾ, ਰਾਹੁਲ ਦੀ ਨਾਲਾਇਕੀ 'ਤੇ ਲੋਕਾਂ ਨੂੰ ਪਹਿਲਾਂ ਵੀ ਕੋਈ ਸ਼ੱਕ ਨਹੀਂ ਸੀ ਪਰ ਪ੍ਰਿਯੰਕਾ ਨੂੰ ਕਾਂਗਰਸ ਦੀ ਮੂਹਰਲੀ ਕਤਾਰ 'ਚ ਲਿਆ ਕੇ ਰਾਹੁਲ 'ਤੇ ਫੇਲ ਹੋਣ ਦੀ ਪੱਕੀ ਮੋਹਰ ਵੀ ਕਾਂਗਰਸ ਨੇ ਲਾ ਦਿੱਤੀ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਅਕਾਲੀ ਆਗੂਆਂ ਤੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਵੀ ਕਾਂਗਰਸ ਦੀ ਡੁਬਦੀ ਹੋਈ ਬੇੜੀ ਨੂੰ ਪਾਰ ਨਹੀਂ ਲਾ ਸਕੇਗੀ ਅਤੇ ਲੋਕ ਸਭਾ ਚੋਣਾਂ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ. ਡੀ. ਏ. ਨੂੰ ਮੁੜ ਸੱਤਾ ਸੌਂਪਣ ਦਾ ਮਨ ਬਣਾ ਲਿਆ ਹੈ।

ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਆਪਣੇ ਵਾਅਦਿਆਂ ਤੋਂ ਭੱਜ ਚੁੱਕੀ ਹੈ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਵਪਾਰੀਆਂ ਸਮੇਤ ਹਰ ਵਰਗ ਦੇ ਲੋਕ ਇਸ ਤੋਂ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਕਿ ਅਖੌਤੀ ਟਕਸਾਲੀਆਂ, 'ਆਪ' ਅਤੇ 'ਪਾਪ' ਦੇ ਗਠਜੋੜ ਨੂੰ ਕਾਂਗਰਸ ਵੱਲੋਂ ਫੰਡਿੰਗ ਅਤੇ ਕਾਂਗਰਸ ਭਵਨ ਤੋਂ ਸੁਨੀਲ ਜਾਖੜ ਵੱਲੋਂ ਹਰੇਕ ਗਤੀਵਿਧੀ ਲਈ ਨਿਰਦੇਸ਼ ਦਿੱਤੇ ਜਾਂਦੇ ਹਨ। ਇਸ ਮੌਕੇ ਭਾਰੀ ਇਕੱਠ ਨੂੰ ਦੇਖ ਕੇ ਗਦਗਦ ਹੋਏ ਸੁਖਬੀਰ ਬਾਦਲ ਨੇ ਤਲਬੀਰ ਸਿੰਘ ਗਿੱਲ ਦੀ ਮਿਹਨਤ ਨੂੰ ਸਲਾਹੁੰਦਿਆਂ ਵਧਾਈ ਦਿੱਤੀ ਤੇ ਨਾਲ ਹੀ ਗਿੱਲ ਨੂੰ ਹਲਕਾ ਦੱਖਣੀ ਦੇ ਨਿਵਾਸੀਆਂ ਦੀ ਵੱਧ-ਚੜ੍ਹ ਕੇ ਸੇਵਾ ਕਰਨ ਦਾ ਥਾਪੜਾ ਦਿੰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਸੇਵਾ 'ਚ ਦਿਨ-ਰਾਤ ਇਕ ਕਰ ਦਿਓ, ਜਿਥੇ ਕੋਈ ਮੁਸ਼ਕਿਲ ਆਉਂਦੀ ਹੈ, ਮੈਨੂੰ ਦੱਸੋ, ਮੈਂ ਹਰ ਵੇਲੇ ਤੁਹਾਡੇ ਨਾਲ ਖੜ੍ਹਾ ਹਾਂ।
ਧਮਕ ਬੇਸ ਵਾਲੇ ਮੁੰਡੇ ਦੇ ਕਕਾਰ ਲੁਹਾਏ ਜਾਣ ਦੇ ਮਾਮਲੇ 'ਚ ਆਇਆ ਨਵਾਂ ਮੋੜ
NEXT STORY