ਅੰਮ੍ਰਿਤਸਰ (ਮਹਿੰਦਰ) : ਸ਼ਹਿਰ ਦੇ ਇਕ ਨਾਮੀ ਹਸਪਤਾਲ 'ਚ ਇਲਾਜ ਕਰਵਾਉਣ ਪਹੁੰਚੀ ਇਕ ਵਿਦੇਸ਼ੀ ਲੜਕੀ ਦਾ ਯੌਨ ਸ਼ੋਸ਼ਣ ਕੀਤੇ ਜਾਣ ਦੇ ਇਕ ਮਾਮਲੇ 'ਚ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਐੱਸ. ਐੱਸ. ਧਾਲੀਵਾਲ ਦੀ ਅਦਾਲਤ ਨੇ ਹਸਪਤਾਲ ਦੇ ਇਕ ਡਾਕਟਰ ਨੂੰ 10 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਰਾਸ਼ੀ ਅਦਾ ਨਾ ਕਰਨ 'ਤੇ ਉਸ ਨੂੰ 2 ਸਾਲ ਦੀ ਵਾਧੂ ਕੈਦ ਵੀ ਹੋਵੇਗੀ।
ਜਾਣਕਾਰੀ ਮੁਤਾਬਕ ਨੀਦਰਲੈਂਡ ਵਾਸੀ ਇਕ ਪਤੀ-ਪਤਨੀ ਆਪਣੇ ਬੱਚਿਆਂ ਨਾਲ ਭਾਰਤ ਘੁੰਮਦੇ ਹੋਏ ਵਾਰਾਣਸੀ ਤੋਂ 28-7-2018 ਨੂੰ ਅੰਮ੍ਰਿਤਸਰ ਪੁੱਜੇ ਸਨ। ਉਹ ਸਥਾਨਕ ਇਕ ਹੋਟਲ 'ਚ ਠਹਿਰੇ। ਇਸ ਦੌਰਾਨ ਉਨ੍ਹਾਂ ਦੀ ਇਕ ਬੇਟੀ ਨੂੰ ਬੁਖਾਰ ਹੋ ਗਿਆ, ਜਿਸ ਦਾ ਇਲਾਜ ਕਰਵਾਉਣ ਹੋਟਲ ਮੈਨੇਜਰ ਪਿਊਸ਼ ਕੁਮਾਰ ਨੇ ਇਕ ਕਰਮਚਾਰੀ ਨੂੰ ਉਸ ਦੀ ਮਾਂ ਨਾਲ ਸਥਾਨਕ ਹਸਤਪਾਲ ਭਿਜਵਾਇਆ ਸੀ, ਜਿਥੇ ਪਹਿਲੇ ਪੜਾਅ 'ਚ ਹੋਏ ਚੈੱਕਅਪ ਦੌਰਾਨ ਡਾਕਟਰਾਂ ਨੇ ਮਲੇਰੀਆ ਨੈਗੇਟਿਵ ਹੋਣ ਦੀ ਗੱਲ ਕਹਿੰਦਿਆਂ ਇਨਫੈਕਸ਼ਨ ਦੀ ਜਾਣਕਾਰੀ ਦਿੱਤੀ ਸੀ। ਇਲਾਜ ਦੌਰਾਨ ਮਿਸ਼ਨ ਕੰਪਾਊਂਡ ਮਹਾ ਸਿੰਘ ਗੇਟ ਵਾਸੀ ਅਤੇ ਹਸਪਤਾਲ ਦੇ ਇਕ ਡਾਕਟਰ ਆਸ਼ੀਸ਼ ਰਾਏ ਮੌਕਾ ਪਾਉਂਦੇ ਹੀ ਪੀੜਤ ਲੜਕੀ ਦੀ ਮਾਂ ਨੂੰ ਵਾਰ-ਵਾਰ ਦਵਾਈਆਂ ਲੈ ਕੇ ਆਉਣ ਅਤੇ ਬਿੱਲ ਦਾ ਭੁਗਤਾਨ ਕਰਵਾਉਣ ਦੇ ਬਹਾਨੇ ਕਮਰੇ ਤੋਂ ਬਾਹਰ ਭੇਜ ਕੇ ਪੀੜਤ ਵਿਦੇਸ਼ੀ ਲੜਕੀ ਨਾਲ ਚੈੱਕਅਪ ਕਰਨ ਦੇ ਬਹਾਨੇ ਅਸ਼ਲੀਲ ਹਰਕਤਾਂ ਕਰਦੇ ਰਹੇ। ਇਸ ਦੌਰਾਨ ਉਸ ਨੇ ਵਿਦੇਸ਼ੀ ਲੜਕੀ ਦਾ ਯੋਨ ਸ਼ੋਸ਼ਣ ਵੀ ਕੀਤਾ ਸੀ। ਇਸ ਸਬੰਧੀ ਪੀੜਤਾ ਦੀ ਮਾਂ ਨੇ ਜਦੋਂ ਆਪਣੀ ਬੇਟੀ ਨੂੰ ਚੀਖਦਿਆਂ ਦੇਖਿਆ ਤਾਂ ਉਸ ਨੇ ਆਪਣੇ ਪਤੀ ਨੂੰ ਵੀ ਹਸਪਤਾਲ 'ਚ ਸੱਦ ਕੇ ਇਸ ਦਾ ਸਾਰਾ ਖੁਲਾਸਾ ਕਰ ਦਿੱਤਾ। ਇਸ ਤੋਂ ਬਾਅਦ ਪੀੜਤ ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮੁਲਜ਼ਮ ਡਾ. ਆਸ਼ੀਸ਼ ਰਾਏ ਖਿਲਾਫ 29-7-2018 ਨੂੰ ਧਾਰਾ 376 ਸੀ (ਡੀ) ਅਤੇ 354-ਏ., ਬੀ. ਸੀ. ਤਹਿਤ ਮੁਕੱਦਮਾ ਨੰਬਰ 317/2018 ਦਰਜ ਕਰ ਕੇ ਮੁਲਜ਼ਮ ਡਾਕਟਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ।
ਹੋਟਲ ਮੈਨੇਜਰ ਤੇ ਕਰਮਚਾਰੀ, ਹਸਪਤਾਲ ਦੇ ਡਾਕਟਰ ਅਤੇ ਨਰਸ ਦੀਆਂ ਵੀ ਹੋਈਆਂ ਗਵਾਹੀਆਂ
ਇਸ ਮਾਮਲੇ ਨੂੰ ਅਦਾਲਤ 'ਚ ਮਜ਼ਬੂਤੀ ਨਾਲ ਪੇਸ਼ ਕਰਨ ਲਈ ਪ੍ਰੋਸੀਕਿਊਸ਼ਨ ਨੇ ਰਿਟਜ਼ ਹੋਟਲ ਦੇ ਮੈਨਜਰ ਪਿਊਸ਼ ਕੁਮਾਰ ਤੇ ਕਰਮਚਾਰੀ ਸੌਰਭ ਖੰਨਾ ਤੋਂ ਇਲਾਵਾ ਹਸਪਤਾਲ ਦੇ ਡਾਕਟਰ, ਨਰਸ ਅਤੇ ਹੋਰ ਕਈ ਕਰਮਚਾਰੀਆਂ ਨੂੰ ਗਵਾਹਾਂ ਦੇ ਤੌਰ 'ਤੇ ਪੇਸ਼ ਕੀਤਾ ਸੀ। ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਹੋ ਕੇ ਬਚਾਅ ਪੱਖ ਦੇ ਕੌਂਸਲ ਦੇ ਕਈ ਤਰ੍ਹਾਂ ਦੇ ਸਵਾਲਾਂ ਨੂੰ ਸਾਹਮਣਾ ਕਰਨਾ ਪਿਆ ਸੀ ਪਰ ਸਾਰੇ ਗਵਾਹਾਂ ਦੀਆਂ ਮਜ਼ਬੂਤ ਗਵਾਹੀਆਂ ਹੋਣ ਕਾਰਣ ਬਚਾਅ ਪੱਖ ਇਸ ਵਿਚ ਪੂਰੀ ਤਰ੍ਹਾਂ ਕਮਜ਼ੋਰ ਰਿਹਾ। ਇਹੀ ਨਹੀਂ, ਹਸਪਤਾਲ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਫੁਟੇਜ ਨੂੰ ਵੀ ਜਾਂਚ 'ਚ ਸ਼ਾਮਲ ਕੀਤਾ ਗਿਆ ਸੀ। ਪ੍ਰੋਸੀਕਿਊਸ਼ਨ ਵੱਲੋਂ ਇਸ ਮਾਮਲੇ ਨੂੰ ਅਦਾਲਤ ਵਿਚ ਮਜ਼ਬੂਤੀ ਨਾਲ ਪੇਸ਼ ਕੀਤੇ ਜਾਣ ਕਾਰਣ ਮੁਲਜ਼ਮ ਡਾਕਟਰ ਖਿਲਾਫ ਲਾਏ ਗਏ ਦੋਸ਼ ਸਾਬਿਤ ਹੋਣ 'ਤੇ ਅਦਾਲਤ ਨੇ ਉਸ ਨੂੰ ਇਹ ਸਜ਼ਾ ਸੁਣਾਈ।
ਛਾਪੇਮਾਰੀ ਦੌਰਾਨ ਯੂਥ ਅਕਾਲੀ ਦਲ ਨੇਤਾ ਦੇ ਘਰੋਂ ਮਿਲੀ ਸ਼ਰਾਬ, ਨੇਤਾ ਫਰਾਰ
NEXT STORY