ਅੰਮ੍ਰਿਤਸਰ (ਛੀਨਾ) : ਪੰਜਾਬ 'ਚ ਕਰਜ਼ੇ ਤੋਂ ਦੁਖੀ ਹੋ ਕੇ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਮੁਕੰਮਲ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ। ਇਹ ਵਿਚਾਰ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬੁੱਧਵਾਰ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਕਾਂਗਰਸੀ ਲੀਡਰਾਂ ਵਲੋਂ ਲੜਕੀਆਂ ਨੂੰ ਸਾਈਕਲ, ਪੈਨਸ਼ਨ, ਬੇਰੋਜ਼ਗਾਰੀ ਭੱਤਾ, ਘਰ-ਘਰ ਨੌਕਰੀ, ਐੱਸ.ਸੀ. ਸਕਾਲਰਸ਼ਿਪ, ਮੋਬਾਇਲ ਆਦਿ ਦੇ ਘਰ-ਘਰ ਜਾ ਕੇ ਫਾਰਮ ਤਾਂ ਭਰਵਾਏ ਗਏ ਪਰ ਅਜੇ ਤੱਕ ਦਿੱਤਾ ਕੁਝ ਨਹੀਂ। ਉਨ੍ਹਾਂ ਸਰਕਾਰ ਵਲੋਂ ਗੰਨੇ ਦਾ ਬਕਾਇਆ ਨਾ ਦੇਣ, ਬੀਜ ਦੇ ਪੈਸਿਆਂ ਨਾਲ ਵਿਆਜ ਜੋੜਨ, ਦੇਸ਼ ਦੇ ਉਸਰੀਏ ਅਧਿਆਪਕਾਂ ਦਾ ਸ਼ਰੇਆਮ ਪੁਲਸ ਵਲੋਂ ਕੁਟਾਪਾ ਚਾੜ੍ਹਨ ਅਤੇ ਹੜ੍ਹ ਪੀੜਤਾਂ ਦੀ ਸਰਕਾਰ ਵਲੋਂ ਕੋਈ ਸਾਰ ਨਾ ਲੈਣ 'ਤੇ ਵੀ ਗਿਲ੍ਹਾ ਕੀਤਾ।
ਮਜੀਠੀਆ ਨੇ ਕਿਹਾ ਕਿ ਸਰਕਾਰ ਕੋਲ ਬੇਵਜ੍ਹਾ ਕਾਇਮ ਕੀਤੀ ਗਈ ਸਲਾਹਕਾਰਾਂ ਦੀ ਫੌਜ ਅਤੇ ਇਸ਼ਤਿਹਾਰਬਾਜ਼ੀ ਲਈ ਤਾਂ ਖਜ਼ਾਨਾ ਹੈ ਪਰ ਕਰਜ਼ਿਆਂ ਤੇ ਖੁਦਕੁਸ਼ੀਆਂ ਨਾਲ ਪੀੜਤ ਕਿਸਾਨ ਦੇ ਪਰਿਵਾਰਾਂ ਨੂੰ ਦੇਣ ਲਈ ਪੈਸਾ ਨਹੀਂ ਹੈ। ਜਿਹੜਾ ਵਿਅਕਤੀ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਅਤੇ ਦਸਮੇਸ਼ ਪਿਤਾ ਦੇ ਚਰਨਾਂ ਦੀ ਸਹੁੰ ਖਾਹ ਕੇ ਮੁੱਕਰ ਸਕਦਾ ਹੈ, ਉਸ ਲਈ ਆਮ ਲੋਕਾਂ ਦੀ ਕੀ ਅਹਿਮੀਅਤ ਹੋ ਸਕਦੀ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਕਰਜ਼ ਮੁਆਫੀ ਦੀ ਆੜ 'ਚ ਕਿਸਾਨਾ ਨੂੰ 1 ਰੁਪਏ ਤੋਂ 100 ਰੁਪਏ ਤੱਕ ਦੇ ਚੈੱਕ ਦੇ ਕੇ ਉਨ੍ਹਾਂ ਨਾਲ ਮਜ਼ਾਕ ਕਰ ਰਹੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਕਾਂਗਰਸ ਸਰਕਾਰ ਨਾਲ ਮਿਲ ਕੇ ਮਨਾਉਣ ਸਬੰਧੀ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਆਖਿਆ ਕਿ ਅਸੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਵਲੋਂ ਜਾਰੀ ਕੀਤੇ ਗਏ ਹੁਕਮਾਂ ਨੂੰ ਮੰਨ ਰਹੇ ਹਾਂ ਜਿਨ੍ਹਾਂ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਕਾਂਗਰਸ ਸਰਕਾਰ ਨਾਲ ਮਿਲ ਕੇ ਮਨਾਉਣ ਦੀ ਹਦਾਇਤ ਕੀਤੀ ਗਈ ਹੈ, ਨਹੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਸਮੇਤ ਬੇਦੋਸ਼ੇ ਸਿੱਖਾਂ ਦੀ ਕਾਤਲ ਕਾਂਗਰਸ ਜਮਾਤ ਨਾਲ ਅਸੀਂ ਕਦੇ ਵੀ ਸਟੇਜ ਸਾਂਝੀ ਨਾ ਕਰਦੇ।
ਇਸ ਮੌਕੇ ਸ. ਮਜੀਠੀਆ ਨੇ ਲੇਖਣਾ ਪਿੰਡ ਦੇ ਕਿਸਾਨ ਗੁਰਸੇਵਕ ਸਿੰਘ ਜਿਸ ਨੂੰ ਕਾਂਗਰਸ ਸਰਕਾਰ ਵਲੋਂ ਕਰਜ਼ ਮੁਆਫੀ ਲਈ 1 ਰੁਪਏ 4 ਪੈਸੇ ਦਾ ਚੈੱਕ ਦਿੱਤਾ ਗਿਆ ਹੈ, ਨੂੰ ਜਦੋਂ ਪੱਤਰਕਾਰਾਂ ਦੇ ਰੂ-ਬਰੂ ਕੀਤਾ ਗਿਆ ਤਾਂ ਕਿਸਾਨ ਗੁਰਸੇਵਕ ਸਿੰਘ ਨੇ ਕਿਹਾ ਕਿ ਮੈਂ ਤਾਂ ਪੱਕਾ ਅਕਾਲੀ ਸਾਂ ਪਰ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਕਰਜ਼ ਮੁਆਫੀ ਵਾਲੇ ਦਿੱਤੇ ਗਏ ਲਾਲਚ 'ਚ ਆ ਕੇ ਕਾਂਗਰਸ ਨੂੰ ਵੋਟ ਪਾ ਬੈਠਾਂ ਹਾਂ ਕਿਉਂਕਿ ਮੈਂ ਸਮਝਦਾ ਸਾਂ ਕਿ ਗੁਰੂ ਦੀ ਸਹੁੰ ਖਾਣ ਵਾਲਾ ਵਿਅਕਤੀ ਕਦੇ ਮੁੱਕਰੇਗਾ ਨਹੀਂ ਪਰ ਹੁਣ ਅਸਲੀਅਤ ਸਾਹਮਣੇ ਆਉਣ 'ਤੇ ਭਾਰੀ ਪਛਤਾ ਰਿਹਾ ਹਾਂ।
ਸ਼ਰਾਬ ਦੀ ਸੈਂਪਲਿੰਗ ਦੌਰਾਨ ਸਿਹਤ ਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਹੋਏ ਆਹਮੋ-ਸਾਹਮਣੇ
NEXT STORY