ਅੰਮ੍ਰਿਤਸਰ (ਸੁਮਿਤ ਖੰਨਾ) : ਬੱਚਿਆਂ ਲਈ ਸਕੂਲ ਇਕ ਮੰਦਰ ਹੈ। ਸਕੂਲ 'ਚ ਬੱਚੇ ਆਪਣੇ ਅਧਿਆਪਕਾਂ ਨੂੰ ਭਗਵਾਨ ਮੰਨਦੇ ਹਨ ਕਿਉਂਕਿ ਅਧਿਆਪਕ ਹੀ ਬੱਚਿਆਂ ਨੂੰ ਉੱਚ ਮਿਆਰੀ ਸਿੱਖਿਆ ਦੇ ਕੇ ਉਨ੍ਹਾਂ ਨੂੰ ਭਵਿੱਖ 'ਚ ਕਾਮਯਾਬ ਹੋਣ ਲਈ ਪ੍ਰੇਰਿਤ ਕਰਦਾ ਹੈ। ਪਰ ਜਦ ਅਜਿਹਾ ਅਧਿਆਪਕ ਬੱਚਿਆਂ ਨਾਲ ਹੋਈ ਬਦਸਲੂਕੀ ਨੂੰ ਰੋਕਣ ਦੀ ਬਜਾਏ ਬੇਇਨਸਾਫੀ ਕਰਦਾ ਹੈ ਅਤੇ ਬੱਚੇ ਨੂੰ ਡਰਾ-ਧਮਕਾ ਕੇ ਚੁੱਪ ਰਹਿਣ ਦੀ ਗੱਲ ਕਹੇ ਤਾਂ ਬੱਚਿਆਂ ਦੇ ਮਾਪਿਆਂ ਦਾ ਵਿਸ਼ਵਾਸ ਉਸ ਅਧਿਆਪਕ ਤੋਂ ਉੱਠ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਸ਼ਹਿਰ ਦੇ ਇਕ ਸਰਕਾਰੀ ਸਕੂਲ 'ਚ ਵਿਦਿਆਰਥਣ ਨੂੰ ਸਕੂਲ ਦੇ ਹੀ ਲੜਕੇ ਵਲੋਂ ਛੇੜਛਾੜ ਕੀਤੇ ਜਾਣ ਦਾ ਸਾਹਮਣੇ ਆਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਸਕੂਲ ਦੀ 5ਵੀਂ ਜਮਾਤ ਦੀ ਇਕ ਵਿਦਿਆਰਥਣ ਨਾਲ 6ਵੀਂ ਜਮਾਤ ਦੇ ਵਿਦਿਆਰਥੀ ਨੇ ਛੇੜਛਾੜ ਕੀਤੀ, ਜਦ ਉਸ ਦਾ ਵਿਦਿਆਰਥਣ ਵਲੋਂ ਵਿਰੋਧ ਕੀਤਾ ਗਿਆ ਤਾਂ ਉਹ ਫਿਰ ਵੀ ਨਾ ਟਲਿਆ, ਜਿਸ ਤੋਂ ਬਾਅਦ ਉਸ ਨੇ ਪ੍ਰੇਸ਼ਾਨ ਹੋ ਕੇ ਆਪਣੀ ਜਮਾਤ ਦੀ ਅਧਿਆਪਕਾ ਨੂੰ ਉਕਤ ਘਟਨਾ ਸਬੰਧੀ ਜਾਣੂ ਕਰਵਾਇਆ। ਇਸ ਉਪਰੰਤ ਅਧਿਆਪਕ 5ਵੀਂ ਕਲਾਸ 'ਚ ਗਿਆ ਤਾਂ ਕਿਹਾ ਕਿ ਛੇੜਛਾੜ ਵਾਲੀ ਹਰਕਤ ਕਿਸ ਨਾਲ ਹੋਈ ਤਾਂ ਉਕਤ ਵਿਦਿਆਰਥਣ ਨੇ ਖੜ੍ਹੇ ਹੋ ਕੇ ਕਿਹਾ ਕਿ ਇਹ ਸ਼ਿਕਾਇਤ ਮੈਂ ਕੀਤੀ। ਇਸ ਦੌਰਾਨ ਅਧਿਆਪਕ ਨੇ ਪੀੜਤ ਲੜਕੀ ਦੀ ਗੱਲ ਸੁਣਨ ਦੀ ਬਜਾਏ ਉਸ ਨੂੰ ਅਚਾਨਕ ਗਲੇ ਤੋਂ ਫੜਦਿਆਂ ਕਿਹਾ ਕਿ ਇਹ ਮਾਮਲਾ ਜੇਕਰ ਤੂੰ ਆਪਣੇ ਘਰ ਜਾ ਕੇ ਮਾਪਿਆਂ ਜਾਂ ਕਿਸੇ ਨੂੰ ਹੋਰ ਨੂੰ ਦੱਸਿਆ ਤਾਂ ਤੇਰਾ ਇਸ ਸਕੂਲ 'ਚ ਜਿਊਣਾ ਮੁਸ਼ਕਲ ਕਰ ਦੇਵਾਂਗਾ। ਸਕੂਲ ਛੁੱਟੀ ਹੋਣ ਤੋਂ ਬਾਅਦ ਵਿਦਿਆਰਥਣ ਨੇ ਦਲੇਰੀ ਦਿਖਾਉਂਦਿਆਂ ਘਰ ਜਾ ਕੇ ਆਪਣੇ ਮਾਪਿਆਂ ਨੂੰ ਉਕਤ ਘਟਨਾ ਸਬੰਧੀ ਜਾਣੂ ਕਰਵਾਇਆ, ਜੋ ਮੁਹੱਲੇ ਦੇ ਪ੍ਰਧਾਨ ਸਮੇਤ ਹੋਰ ਮੋਹਤਬਰਾਂ ਨਾਲ ਜਲਦੀ ਸਕੂਲ ਪੁੱਜੇ, ਜਿਥੇ ਸਾਰੇ ਅਧਿਆਪਕ ਅਜੇ ਜਾਣ ਦੀ ਤਿਆਰੀ 'ਚ ਹੀ ਸਨ।
ਪੀੜਤਾ ਦੇ ਮਾਪਿਆਂ ਨੂੰ ਅਧਿਆਪਕ ਨੇ ਦਿਖਾਈ ਕਿਰਚ
ਲੜਕੀ ਦੇ ਮਾਪਿਆਂ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਜਾ ਕੇ ਉਕਤ ਮਾਮਲੇ ਦੀ ਜਾਣਕਾਰੀ ਦਿੱਤੀ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਅਧਿਆਪਕ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੈ, ਅਸੀਂ ਇਸ ਦੀ ਕਈ ਵਾਰ ਵਿਭਾਗ ਨੂੰ ਸ਼ਿਕਾਇਤ ਕੀਤੀ ਪਰ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ 'ਚ ਮੈਂ ਕੁਝ ਨਹੀਂ ਕਰ ਸਕਦਾ, ਤੁਸੀਂ ਉਸ ਅਧਿਆਪਕ ਨਾਲ ਜਾ ਕੇ ਖੁਦ ਗੱਲ ਕਰ ਲਓ। ਜਦ ਪੀੜਤ ਲੜਕੀ ਦੇ ਮਾਤਾ-ਪਿਤਾ ਅਧਿਆਪਕ ਨੂੰ ਸਿੱਧਾ ਮਿਲੇ ਤਾਂ ਉਸ ਨੇ ਕੋਈ ਵੀ ਗੱਲ ਨਾ ਸੁਣਦਿਆਂ ਉਨ੍ਹਾਂ ਨਾਲ ਬਦਸਲੂਕੀ ਕਰਦਿਆਂ ਕਿਰਚ ਕੱਢ ਲਈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਥੇ ਲੜਕੀ ਦੇ ਮਾਪਿਆਂ ਨੇ ਆਏ ਮੋਹਤਬਰਾਂ ਨੂੰ ਇਸ ਮਾਮਲੇ ਨੂੰ ਕਿਸੇ ਢੰਗ ਨਾਲ ਨਿਪਟਾਇਆ ਤੇ ਬਾਅਦ 'ਚ ਨਜ਼ਦੀਕੀ ਥਾਣਾ ਬੀ-ਡਵੀਜ਼ਨ ਵਿਖੇ ਗਏ, ਜਿਥੇ ਉਨ੍ਹਾਂ ਨੇ ਅਧਿਆਪਕ ਦੀ ਸ਼ਿਕਾਇਤ ਕੀਤੀ।
ਥਾਣੇ 'ਚ ਵੀ ਪੁਲਸ ਅਧਿਕਾਰੀ ਨਾਲ ਉਲਝਿਆ
ਪੁਲਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਜਾਂਚ ਕਰਨ ਆਇਆ ਏ. ਐੱਸ. ਆਈ. ਚਿਮਨ ਸਿੰਘ ਜਦੋਂ ਅਧਿਆਪਕ ਨੂੰ ਉਕਤ ਘਟਨਾ ਬਾਰੇ ਪੁੱਛਣ ਲੱਗਾ ਤਾਂ ਅਧਿਆਪਕ ਉਨ੍ਹਾਂ ਦੇ ਵੀ ਗਲ ਪੈ ਗਿਆ ਤੇ ਉਸ ਨਾਲ ਹੱਥੋਪਾਈ ਹੁੰਦਿਆਂ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ, ਜਿਥੇ ਪੁਲਸ ਮੁਲਾਜ਼ਮ ਨੇ ਆਪਣੀ ਹਿਫਾਜ਼ਤ ਲਈ ਥਾਣੇ ਤੋਂ ਹੋਰ ਮੁਲਾਜ਼ਮ ਮੰਗਵਾ ਲਏ, ਜਿਨ੍ਹਾਂ ਅਧਿਆਪਕ ਦਾ ਖੂਬ ਕੁਟਾਪਾ ਚਾੜ੍ਹਦਿਆਂ ਉਸ ਨੂੰ ਹਿਰਾਸਤ 'ਚ ਲੈ ਲਿਆ। ਇਸ ਦੌਰਾਨ ਉਕਤ ਅਧਿਆਪਕ ਦੇ ਮਾਤਾ-ਪਿਤਾ ਵੀ ਥਾਣੇ ਆਏ ਗਏ, ਜਿਨ੍ਹਾਂ ਆਪਣੇ ਲੜਕੇ ਦਾ ਹਵਾਲਾ ਦਿੱਤਾ ਕਿ ਉਹ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੈ ਤੇ ਉਸ ਦੀ ਦਵਾਈ ਚੱਲਦੀ ਹੈ। ਪੁਲਸ ਨੇ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ ਵਜੂਦ ਨੂੰ ਤਰਸ ਰਹੇ ਕਾਮਰੇਡ, ਕਈ ਵਾਰ ਜਿੱਤ ਚੁੱਕੇ ਹਨ ਚੋਣ
NEXT STORY