ਅੰਮ੍ਰਿਤਸਰ : ਪਾਕਿਸਤਾਨ ਤੋਂ ਆਈਸੀਪੀ ਅਟਾਰੀ ਵਿਖੇ ਲਗਭਗ 6 ਮਹੀਨੇ ਪਹਿਲਾਂ ਆਈ ਸੀਮਿੰਟ ਦੀ ਖੇਪ ਦੇ ਖਰਾਬ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸੇ ਕਾਰਨ ਸੀਮਿੰਟ ਦੀ ਦਰਾਮਦ ਕਰਨ ਵਾਲੇ ਵਪਾਰੀਆਂ ਨੇ ਇਹ ਸੀਮਿੰਟ ਨਾ ਖਰੀਦਣ ਦਾ ਫੈਸਲਾ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਮਿੰਟ ਦੇ ਵਪਾਰੀ ਐੱਮ.ਪੀ.ਐੱਸ. ਚੱਠਾ ਨੇ ਦੱਸਿਆ ਕਿ ਉਸ ਦੀਆਂ ਸੀਮਿੰਟ ਦੀਆਂ ਲਗਪਗ 1600 ਬੋਰੀਆਂ ਆਈ.ਸੀ.ਪੀ. ਅਟਾਰੀ 'ਚ ਰੁਕੀਆਂ ਹੋਈਆਂ ਹਨ। ਉਸ ਨੇ ਦਾਅਵਾ ਕੀਤਾ ਕਿ ਵੱਡੀ ਗਿਣਤੀ ਵਿਚ ਪਿਆ ਸੀਮਿੰਟ ਜੰਮ ਕੇ ਪੱਥਰ ਬਣ ਚੁੱਕਾ ਹੈ ਅਤੇ ਹੁਣ ਇਸ ਨੂੰ ਲੈਣ ਦਾ ਕੋਈ ਲਾਭ ਨਹੀਂ ਹੈ। ਪਾਕਿਸਤਾਨ ਤੋਂ ਸੀਮਿੰਟ ਦੀ ਦਰਾਮਦ ਬੰਦ ਹੋਣ ਮਗਰੋਂ ਭਾਰਤੀ ਬਾਜ਼ਾਰ ਵਿਚ ਘਰੇਲੂ ਸੀਮਿੰਟ ਦੀ ਕੀਮਤ ਵੀ ਵਧ ਗਈ ਹੈ।
ਦੱਸ ਦਈਏ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ 16 ਫਰਵਰੀ ਨੂੰ ਪਾਕਿਸਤਾਨ ਤੋਂ ਆਉਣ ਵਾਲੀ ਦਰਾਮਦ 'ਤੇ ਦੋ ਸੌ ਫੀਸਦ ਕਸਟਮ ਡਿਊਟੀ ਲਾਉਣ ਦਾ ਐਲਾਨ ਕੀਤਾ ਸੀ। ਇਸ ਕਾਰਨ ਉਸ ਦਿਨ ਸ਼ਾਮ ਤੋਂ ਪਹਿਲਾਂ ਆਈ.ਸੀ.ਪੀ. 'ਚ ਆਇਆ ਸੀਮਿੰਟ, ਛੁਆਰੇ, ਜਿਪਸਮ ਤੇ ਹੋਰ ਰਸਾਇਣ ਪਦਾਰਥ ਪਿਛਲੇ ਛੇ ਮਹੀਨਿਆਂ ਤੋਂ ਵਪਾਰੀਆਂ ਨੂੰ ਨਹੀਂ ਮਿਲੇ ਹਨ। ਭਾਰਤ ਸਰਕਾਰ ਦੇ ਆਦੇਸ਼ ਮਗਰੋਂ ਕਸਟਮ ਵਿਭਾਗ ਵਲੋਂ ਵਪਾਰੀਆਂ ਕੋਲੋਂ ਦਰਾਮਦ ਕੀਤੀਆਂ ਇਨ੍ਹਾਂ ਵਸਤਾਂ 'ਤੇ ਦੋ ਸੌ ਫੀਸਦ ਵਾਧੂ ਟੈਕਸ ਮੰਗਿਆ ਜਾ ਰਿਹਾ ਹੈ, ਜਿਸ ਦੇ ਭੁਗਤਾਨ ਨਾਲ ਇਨ੍ਹਾਂ ਦੀ ਕੀਮਤ 'ਚ ਵਾਧਾ ਹੋ ਜਾਵੇਗਾ ਅਤੇ ਵਪਾਰੀ ਇਸ ਨੂੰ ਵੇਚ ਕੇ ਮੁਨਾਫਾ ਕਮਾਉਣ ਵਿਚ ਅਸਫਲ ਰਹਿਣਗੇ।
ਵਪਾਰੀਆਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਭਾਰਤ ਸਰਕਾਰ ਵਲੋਂ ਜਾਰੀ ਹੋਏ ਆਦੇਸ਼ਾਂ ਤੋਂ ਪਹਿਲਾਂ ਪਾਕਿਸਤਾਨ ਤੋਂ ਪੁੱਜਿਆ ਇਹ ਸਾਮਾਨ ਪਹਿਲਾਂ ਲਾਗੂ ਟੈਕਸ ਦੀ ਦਰ ਨਾਲ ਹੀ ਦਿੱਤਾ ਜਾਵੇ। ਵਪਾਰੀਆਂ ਨੇ ਇਸ ਸਬੰਧੀ ਕੇਂਦਰੀ ਮੰਤਰੀਆਂ ਤੇ ਹੋਰਨਾਂ ਕੋਲ ਵੀ ਪਹੁੰਚ ਕੀਤੀ ਸੀ ਪਰ ਕੋਈ ਹੱਲ ਨਾ ਹੋਣ ਮਗਰੋਂ ਵਪਾਰੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਅਦਾਲਤ ਵਲੋਂ ਪਿਛਲੇ ਦਿਨੀਂ ਇਸ ਸਬੰਧੀ ਫੈਸਲਾ ਵਪਾਰੀਆਂ ਦੇ ਹੱਕ ਵਿਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਪਾਰੀਆਂ ਨੇ ਦਾਅਵਾ ਕੀਤਾ ਕਿ ਛੇ ਮਹੀਨੇ ਪਹਿਲਾਂ ਪਾਕਿਸਤਾਨ ਤੋਂ ਦਰਾਮਦ ਕੀਤੀਆਂ ਵਸਤਾਂ 'ਚੋਂ ਕੁਝ ਵਸਤਾਂ ਖਰਾਬ ਹੋ ਚੁੱਕੀਆਂ ਹਨ।
ਬ੍ਰਹਮ ਮਹਿੰਦਰਾ ਦੀ ਹੋਈ ਬਾਈਪਾਸ ਸਰਜਰੀ, ਸਿਹਤ 'ਚ ਸੁਧਾਰ
NEXT STORY