ਅੰਮ੍ਰਿਤਸਰ (ਜਸ਼ਨ) : ਥਾਣਾ ਕੱਥੂਨੰਗਲ ਦੀ ਪੁਲਸ ਨੇ ਸਹੁਰਾ ਪਰਿਵਾਰ ਵਲੋਂ ਦਾਜ ਖਾਤਿਰ ਇਕ ਗਰਭਵਤੀ ਵਿਆਹੁਤਾ ਨਾਲ ਘਟੀਆ ਸਲੂਕ ਤੇ ਕੁੱਟ-ਮਾਰ ਕਰ ਕੇ ਕਮਰੇ 'ਚ ਬੰਦ ਕਰਨ ਦੇ ਦੋਸ਼ 'ਚ 4 ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਸੰਦੀਪ ਕੌਰ ਪਤਨੀ ਸਤਨਾਮ ਸਿੰਘ ਵਾਸੀ ਵਰਿਆਮ ਨੰਗਲ ਨੇ ਦੱਸਿਆ ਕਿ ਉਸ ਦਾ ਵਿਆਹ 2016 'ਚ ਸਤਨਾਮ ਸਿੰਘ ਨਾਲ ਸਿੱਖ ਰੀਤੀ-ਰਿਵਾਜਾਂ ਨਾਲ ਹੋਇਆ, ਵਿਆਹ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਦਾ ਪਤੀ, ਸਹੁਰਾ ਬਲਕਾਰ ਸਿੰਘ, ਸੱਸ ਪਰਮਜੀਤ ਕੌਰ ਤੇ ਨਣਾਨ ਕੰਵਲਜੀਤ ਕੌਰ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਲੱਗ ਪਏ ਤੇ ਉਸ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਬੀਤੇ ਦਿਨ 7-8 ਵਜੇ ਰਾਤ ਨੂੰ ਉਕਤ ਦੋਸ਼ੀਆਂ ਨੇ ਹਮਸਲਾਹ ਹੋ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਤੇ ਇਕ ਕਮਰੇ ਵਿਚ ਬੰਦ ਕਰ ਦਿੱਤਾ।
ਵਿਆਹੁਤਾ ਨੇ ਦੱਸਿਆ ਕਿ ਉਹ ਗਰਭਵਤੀ ਹੈ ਤੇ ਉਸ ਦੀ ਨਣਾਨ ਕੰਵਲਜੀਤ ਕੌਰ ਨੇ ਉਸ ਦੇ ਪੇਟ 'ਤੇ ਲੱਤਾਂ ਮਾਰੀਆਂ ਕਿ ਤੇਰੇ ਬੱਚੇ ਨੂੰ ਪੇਟ ਵਿਚ ਹੀ ਮਾਰ ਦੇਣਾ ਹੈ। ਇਸ ਦੌਰਾਨ ਉਸ ਨੇ ਉਕਤ ਦੋਸ਼ੀਆਂ ਦੇ ਚੁੰਗਲ 'ਚੋਂ ਨਿਕਲ ਕੇ ਗੁਆਂਢੀ ਦਾ ਫੋਨ ਲੈ ਕੇ ਆਪਣੇ ਭਰਾ ਸਰਬਜੀਤ ਸਿੰਘ ਨੂੰ ਫੋਨ ਕੀਤਾ, ਉਸ ਦਾ ਭਰਾ ਤੇ ਪਿਤਾ ਪੁਲਸ ਪਾਰਟੀ ਸਮੇਤ ਪੁੱਜੇ, ਜਿਨ੍ਹਾਂ ਮੈਨੂੰ ਕਮਰੇ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਪੁਲਸ ਨਾਲ ਵੀ ਧੱਕਾ-ਮੁੱਕੀ ਕੀਤੀ। ਪੁਲਸ ਨੇ ਇਨ੍ਹਾਂ ਨੂੰ ਬੜਾ ਸਮਝਾਇਆ ਪਰ ਇਹ ਬਾਜ਼ ਨਹੀਂ ਆਏ ਤੇ ਦੋਸ਼ੀਆਂ ਨੇ 2 ਮੁਲਾਜ਼ਮਾਂ ਦੀਆਂ ਪੱਗਾਂ ਵੀ ਲਾਹ ਦਿੱਤੀਆਂ। ਇਸ ਸਬੰਧੀ ਥਾਣਾ ਕੱਥੂਨੰਗਲ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੇਖੋ, ਕਿਉਂ ਇਸ ਢਾਬੇ 'ਤੇ ਖਲ੍ਹੋਦੀਆਂ ਗੱਡੀਆਂ 'ਚੋਂ ਗਾਇਬ ਹੁੰਦਾ ਸੀ ਤੇਲ (ਵੀਡੀਓ)
NEXT STORY