ਅੰਮ੍ਰਿਤਸਰ (ਦੀਪਕ ਸ਼ਰਮਾ) - ਦੇਸ਼ ਅੰਦਰ ਵੱਸਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨਾ ਜਾਇਜ਼ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਲੀ ਵਿਖੇ ਭਗਤ ਰਵਿਦਾਸ ਜੀ ਦਾ ਪੁਰਾਤਨ ਅਸਥਾਨ ਢਾਹੇ ਜਾਣ ਦੇ ਮਾਮਲੇ ਨੂੰ ਲੈ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ, ਜਿਸ ਨੂੰ ਸੁਲਝਾਉਣ ਲਈ ਭਾਰਤ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ। ਭਾਈ ਲੌਂਗੋਵਾਲ ਨੇ ਅਸਥਾਨ ਢਾਹੇ ਜਾਣ ਮਗਰੋਂ ਦੇਸ਼ ਅੰਦਰ ਬਣੇ ਤਲਖ਼ੀ ਵਾਲੇ ਮਾਹੌਲ ਨੂੰ ਸ਼ਾਂਤ ਕਰਨ ਲਈ ਸਰਕਾਰਾਂ ਨੂੰ ਸੰਜੀਦਾ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿ ਦੇਸ਼ ਅੰਦਰ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਹਰ ਧਰਮ ਦੀਆਂ ਮਾਨਤਾਵਾਂ ਅਤੇ ਧਰਮ ਅਸਥਾਨਾਂ ਦਾ ਆਪੋ-ਆਪਣੀ ਥਾਂ ਸਤਿਕਾਰ ਹੈ। ਬਹੁ-ਧਰਮੀ ਅਤੇ ਬਹੁ-ਕੌਮੀ ਦੇਸ਼ ਅੰਦਰ ਹਰ ਧਰਮ ਦਾ ਸਤਿਕਾਰ ਬਹਾਲ ਰਹਿਣਾ ਚਾਹੀਦਾ ਹੈ। ਦਿੱਲੀ ਦੇ ਤੁਗਲਕਾਬਾਦ ਖੇਤਰ 'ਚ ਭਗਤ ਰਵਿਦਾਸ ਜੀ ਦੇ ਅਸਥਾਨ ਨੂੰ ਤੋੜਨਾ ਠੀਕ ਨਹੀਂ ਸੀ।
ਭਾਈ ਲੌਂਗੋਵਾਲ ਨੇ ਧਰਮ ਦੇ ਮਹੱਤਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਅੱਜ ਦੇਸ਼ ਦਾ ਸੱਭਿਆਚਾਰ ਬਚਿਆ ਹੋਇਆ ਹੈ ਤਾਂ ਉਹ ਧਰਮ ਆਗੂਆਂ ਦੀ ਬਦੌਲਤ ਹੀ ਹੈ। ਜੇਕਰ ਧਰਮ ਅਸਥਾਨਾਂ ਨੂੰ ਹੀ ਢਾਹੁਣ ਦੇ ਯਤਨ ਹੋਣਗੇ ਤਾਂ ਦੇਸ਼ ਦੀ ਸੰਸਕ੍ਰਿਤੀ ਸੁਰੱਖਿਅਤ ਨਹੀਂ ਰਹੇਗੀ, ਜਿਸ ਕਰਕੇ ਇਸ ਮਾਮਲੇ ਨੂੰ ਸੁਹਿਰਦ ਭਾਵਨਾ ਨਾਲ ਹੱਲ ਕਰ ਲੈਣਾ ਚਾਹੀਦਾ ਹੈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਅੱਜ ਬਾਅਦ ਦੁਪਹਿਰ ਅੱਧੇ ਦਿਨ ਲਈ ਬੰਦ ਰੱਖੇ ਗਏ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਭਗਤ ਰਵਿਦਾਸ ਜੀ ਦਾ ਅਸਥਾਨ ਢਾਹੇ ਜਾਣ ਕਾਰਨ ਭਾਈਚਾਰੇ ਅੰਦਰ ਰੋਸ ਅਤੇ ਰੋਹ ਹੈ। ਇਸ ਦੇ ਚੱਲਦਿਆਂ ਪੰਜਾਬ ਬੰਦ ਦੇ ਸੱਦੇ 'ਤੇ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰੇ ਬੰਦ ਰੱਖੇ ਗਏ।
ਹੁਸ਼ਿਆਰਪੁਰ 'ਚ ਕਰਫਿਊ ਵਰਗਾ ਮਾਹੌਲ, ਬੰਦ ਦਾ ਰਿਹਾ ਜ਼ਬਰਦਸਤ ਅਸਰ (ਤਸਵੀਰਾਂ)
NEXT STORY