ਅੰਮ੍ਰਿਤਸਰ (ਸੰਜੀਵ) : ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਡਰੀਮ ਪ੍ਰਾਜੈਕਟ ਰਣਜੀਤ ਐਵੀਨਿਊ ਸਥਿਤ ਈ-ਬਲਾਕ 'ਚ 27 ਏਕੜ ਜ਼ਮੀਨ 'ਤੇ ਬਣਨ ਵਾਲੇ ਸਪੋਟਰਸ ਕੰਪਲੈਕਸ ਦਾ ਖਾਕਾ ਨਗਰ ਸੁਧਾਰ ਟਰੱਸਟ ਨੇ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਕਾਰਨ ਲੱਗੇ ਚੋਣ ਜ਼ਾਬਤੇ ਦੇ ਹਟਦੇ ਹੀ ਪ੍ਰਾਜੈਕਟ ਦੀ ਫਾਈਨਲ ਮਨਜ਼ੂਰੀ ਲੈਣ ਤੋਂ ਬਾਅਦ ਵਿਭਾਗ ਵੱਲੋਂ ਕੰਪਲੈਕਸ ਦੇ ਟੈਂਡਰ ਵੀ ਲਵਾ ਦਿੱਤੇ ਜਾਣਗੇ। ਸਪੋਟਰਸ ਕੰਪਲੈਕਸ ਦੀ ਉਸਾਰੀ 'ਚ ਇਕ ਪ੍ਰਾਈਵੇਟ ਡਿਵੈਲਪਰ ਨੇ 8 ਏਕੜ ਜ਼ਮੀਨ 'ਤੇ ਆਪਣਾ ਮਾਲਕਾਨਾ ਹੱਕ ਜਮਾ ਕੇ ਕੰਪਲੈਕਸ ਦੇ ਕੰਮ ਨੂੰ ਰੋਕ ਰੱਖਿਆ ਸੀ, ਜਿਵੇਂ ਹੀ ਨਗਰ ਸੁਧਾਰ ਟਰੱਸਟ ਦੇ ਹੱਕ 'ਚ ਅਦਾਲਤ ਦਾ ਫੈਸਲਾ ਆਇਆ, ਵਿਭਾਗ ਨੇ ਇਸ 'ਤੇ ਤੁਰੰਤ ਕੰਮ ਸ਼ੁਰੂ ਕਰ ਦਿੱਤਾ।
ਦੱਸਣਯੋਗ ਹੈ ਕਿ ਬਾਈਪਾਸ 'ਤੇ ਸਥਿਤ ਰਣਜੀਤ ਐਵੀਨਿਊ ਦੀ ਈ-ਬਲਾਕ ਵਿਚ 27 ਏਕੜ ਜ਼ਮੀਨ 'ਤੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸਪੋਰਟਸ ਕੰਪਲੈਕਸ ਦੀ ਉਸਾਰੀ ਦਾ ਐਲਾਨ ਕੀਤਾ ਗਿਆ ਸੀ, ਜਿਥੇ 27 ਏਕੜ ਜ਼ਮੀਨ 'ਚੋਂ 8 ਏਕੜ ਜ਼ਮੀਨ 'ਤੇ ਇਕ ਪ੍ਰਾਈਵੇਟ ਡਿਵੈਲਪਰ ਵੱਲੋਂ ਕੀਤੇ ਗਏ ਕੇਸ ਵਿਚ ਮਾਣਯੋਗ ਸਿਵਲ ਜੱਜ ਜੂਨੀਅਰ ਡਵੀਜ਼ਨ ਗੁਰਸ਼ੇਰ ਸਿੰਘ ਸੰਧੂ ਦੀ ਅਦਾਲਤ ਵੱਲੋਂ ਨਗਰ ਸੁਧਾਰ ਟਰੱਸਟ ਦੇ ਹੱਕ ਵਿਚ ਫੈਸਲਾ ਸੁਣਾਇਆ ਗਿਆ ਹੈ, ਜਿਸ ਤੋਂ ਬਾਅਦ ਵਿਭਾਗ ਸਪੋਰਟਸ ਕੰਪਲੈਕਸ ਦੀ ਉਸਾਰੀ ਸਬੰਧੀ ਹਰ ਤਰ੍ਹਾਂ ਦੀ ਟੈਕਨੀਕਲ ਮਨਜ਼ੂਰੀ ਲੈਣ ਲਈ ਖਾਕਾ ਤਿਆਰ ਕਰ ਰਿਹਾ ਹੈ।
ਕੀ ਹੈ ਸਿੱਧੂ ਦਾ ਡਰੀਮ ਪ੍ਰਾਜੈਕਟ?
ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਗਰ ਸੁਧਾਰ ਟਰੱਸਟ ਦੀ 27 ਏਕੜ ਜ਼ਮੀਨ 'ਤੇ 30 ਕਰੋੜ ਨਾਲ ਬਣਾਏ ਜਾਣ ਵਾਲੇ ਸਪੋਰਟਸ ਕੰਪਲੈਕਸ ਦਾ ਐਲਾਨ ਕਰ ਰੱਖਿਆ ਸੀ, ਜਿਸ ਵਿਚ 4 ਕ੍ਰਿਕਟ ਗਰਾਊਂਡ, 3 ਬਾਸਕਟਬਾਲ ਕੋਰਟ, ਇਕ ਹਾਕੀ ਗਰਾਊਂਡ ਅਤੇ ਇਕ ਫੁੱਟਬਾਲ ਗਰਾਊਂਡ ਤੋਂ ਇਲਾਵਾ 4 ਵਾਲਬਾਲ ਕੋਰਟ ਅਤੇ 3 ਟੈਨਿਸ ਕੋਰਟ ਬਣਾਏ ਜਾਣਗੇ, ਜਿਸ ਦੇ ਲਈ ਨਗਰ ਸੁਧਾਰ ਟਰੱਸਟ ਵੱਲੋਂ ਬਲਿਊ ਪਿੰ੍ਰਟ ਬਣਾਏ ਜਾ ਚੁੱਕੇ ਹਨ।
ਫੈਸਲਾ ਟਰੱਸਟ ਦੇ ਹੱਕ 'ਚ ਆ ਚੁੱਕੈ : ਗਰਗ
ਨਗਰ ਸੁਧਾਰ ਟਰੱਸਟ ਦੇ ਸੁਪਰਡੈਂਟ ਇੰਜੀਨੀਅਰ ਰਾਕੇਸ਼ ਗਰਗ ਦਾ ਕਹਿਣਾ ਹੈ ਕਿ 9 ਸਾਲ ਤੋਂ ਚੱਲ ਰਹੇ ਕੇਸ ਸਬੰਧੀ ਫੈਸਲਾ ਟਰੱਸਟ ਦੇ ਹੱਕ 'ਚ ਆ ਚੁੱਕਾ ਹੈ। ਫੈਸਲੇ ਤੋਂ ਬਾਅਦ ਹੀ ਵਿਭਾਗ ਸਪੋਰਟਸ ਕੰਪਲੈਕਸ ਦੀ ਹਰ ਟੈਕਨੀਕਲ ਮਨਜ਼ੂਰੀ ਲੈਣ ਲਈ ਕਾਗਜ਼ਾਤ ਤਿਆਰ ਕਰ ਰਿਹਾ ਹੈ ਅਤੇ ਬਹੁਤ ਛੇਤੀ ਇਸ ਪ੍ਰਾਜੈਕਟ ਨੂੰ ਅੰਤਿਮ ਰੂਪ ਦੇ ਕੇ ਇਸ 'ਤੇ ਕੰਮ ਸ਼ੁਰੂ ਕਰਵਾਇਆ ਜਾਵੇਗਾ। ਗਰਗ ਨੇ ਦੱਸਿਆ ਕਿ ਸਪੋਰਟਸ ਕੰਪਲੈਕਸ ਦੀ ਜ਼ਮੀਨ 'ਤੇ ਇਕ ਪ੍ਰਾਈਵੇਟ ਠੇਕੇਦਾਰ ਵੱਲੋਂ ਬਿਨਾਂ ਵਿਭਾਗ ਦੀ ਮਨਜ਼ੂਰੀ ਦੇ ਕੁਝ ਕੱਚੇ ਕਮਰੇ ਬਣਾਏ ਗਏ ਸਨ, ਜਿਨ੍ਹਾਂ ਨੂੰ ਵਿਭਾਗ ਵੱਲੋਂ ਢਾਹ ਕੇ ਜ਼ਮੀਨ ਦੀ ਪੂਰੀ ਤਰ੍ਹਾਂ ਸਫਾਈ ਕਰ ਦਿੱਤੀ ਗਈ ਹੈ। ਸਪੋਰਟਸ ਕੰਪਲੈਕਸ ਦੀ ਜ਼ਮੀਨ ਦੇ ਕੁਝ ਹਿੱਸੇ 'ਤੇ ਪਿਛਲੇ ਕਈ ਸਾਲਾਂ ਤੋਂ ਇਸ ਵਿਅਕਤੀ ਨੇ ਆਪਣਾ ਕਬਜ਼ਾ ਕਰ ਕੇ ਰੱਖਿਆ ਸੀ, ਜਿਸ ਨੂੰ ਵਿਭਾਗ ਵੱਲੋਂ ਪੁਲਸ ਦੀ ਮਦਦ ਨਾਲ ਹਟਾਇਆ ਜਾ ਚੁੱਕਾ ਹੈ। ਜ਼ਮੀਨ ਦੀ ਸਫਾਈ ਦਾ ਕੰਮ ਛੇਤੀ ਹੀ ਸ਼ੁਰੂ ਕਰਵਾਇਆ ਜਾ ਰਿਹਾ ਹੈ।
ਕੇਸ ਕਾਰਨ ਸਪੋਰਟਸ ਕੰਪਲੈਕਸ ਦਾ ਕੰਮ ਰੁਕਿਆ ਹੋਇਆ ਸੀ : ਐਗਜ਼ੈਕਟਿਵ ਅਫਸਰ
ਨਗਰ ਸੁਧਾਰ ਟਰੱਸਟ ਦੇ ਐਗਜ਼ੈਕਟਿਵ ਅਫਸਰ ਜੀਵਨ ਬਾਂਸਲ ਦਾ ਕਹਿਣਾ ਹੈ ਕਿ ਕੇਸ ਕਾਰਨ ਸਪੋਰਟਸ ਕੰਪਲੈਕਸ ਦਾ ਕੰਮ ਰੁਕਿਆ ਹੋਇਆ ਸੀ, ਹੁਣ ਮਾਣਯੋਗ ਅਦਾਲਤ ਵੱਲੋਂ ਟਰੱਸਟ ਦੇ ਹੱਕ 'ਚ ਫੈਸਲਾ ਸੁਣਾ ਦਿੱਤਾ ਗਿਆ ਹੈ, ਚੋਣ ਜ਼ਾਬਤਾ ਹਟਦੇ ਹੀ ਪ੍ਰਾਜੈਕਟ 'ਤੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਸਿੱਧੂ ਦੀਆਂ ਗੱਪਾਂ ਹਰ ਪਾਸੇ ਨਹੀਂ ਚੱਲਣਗੀਆਂ : ਹਰਸਿਮਰਤ
NEXT STORY