ਅੰਮ੍ਰਿਤਸਰ (ਮਹਿੰਦਰ, ਗੁਰਪ੍ਰੀਤ ਸਿੰਘ) : ਕੁਝ ਸਾਲ ਪਹਿਲਾਂ ਸੁਰਖੀਆਂ 'ਚ ਰਹੇ ਅਲਗੋਂ ਕੋਠੀ ਹੱਤਿਆਕਾਂਡ 'ਚ ਸਜ਼ਾ ਕੱਟ ਰਹੇ ਇਕ ਕੈਦੀ ਨੂੰ ਸਿਵਲ ਹਸਪਤਾਲ ਤੋਂ ਕਿਡਨੈਪ ਕਰ ਕੇ ਉਸ ਦੀ ਹੱਤਿਆ ਕਰਨ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ ਵਿਚ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਐੱਸ. ਐੱਸ. ਬਾਜਵਾ ਦੀ ਅਦਾਲਤ ਨੇ ਸੁਣਾਏ ਆਪਣੇ ਮਹੱਤਵਪੂਰਨ ਫੈਸਲੇ 'ਚ ਪੰਜਾਬ ਪੁਲਸ ਦੇ ਅਕਸਰ ਸੁਰਖੀਆਂ 'ਚ ਰਹਿਣ ਵਾਲੇ ਇੰਸਪੈਕਟਰ ਨੌਰੰਗ ਸਿੰਘ ਅਤੇ ਉਸ ਦੇ ਕੁਝ ਸਹਾਇਕ ਪੁਲਸ ਅਫਸਰਾਂ ਤੇ ਪੁਲਸ ਕਰਮਚਾਰੀਆਂ ਦੇ ਨਾਲ-ਨਾਲ 2 ਪ੍ਰਾਈਵੇਟ ਲੋਕਾਂ ਸਮੇਤ ਕੁਲ 13 ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਦੋਸ਼ੀ ਕਰਾਰ ਕਰ ਦਿੱਤਾ। ਇਸ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਸਾਰੇ ਦੋਸ਼ੀਆਂ ਨੂੰ ਅਦਾਲਤ 8 ਜੁਲਾਈ ਨੂੰ ਸਜ਼ਾ ਸੁਣਾਏਗੀ, ਜਦੋਂ ਕਿ ਇਕ ਸਾਬਕਾ ਏ. ਐੱਸ. ਆਈ. ਬਲਜੀਤ ਸਿੰਘ ਨੂੰ ਅਦਾਲਤ ਭਗੌੜਾ ਵੀ ਕਰਾਰ ਦੇ ਚੁੱਕੀ ਹੈ।
ਦੱਸਣਯੋਗ ਹੈ ਕਿ ਕਰੀਬ ਇਕ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਅਲਗੋਂ ਕੋਠੀ ਕਸਬੇ 'ਚ 2 ਧਿਰਾਂ ਦੇ ਵਿਚਕਾਰ ਰੰਜਿਸ਼ ਕਾਰਨ ਕੁਝ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਹ ਮਾਮਲਾ ਲੰਬੇ ਸਮੇਂ ਤੱਕ ਅਲਗੋਂ ਕੋਠੀ ਹੱਤਿਆਕਾਂਡ ਦੇ ਨਾਂ ਨਾਲ ਸੁਰਖੀਆਂ ਵਿਚ ਰਿਹਾ ਸੀ। ਇਸ ਮਾਮਲੇ 'ਚ ਸਜ਼ਾ ਪ੍ਰਾਪਤ ਇਕ ਦੋਸ਼ੀ ਵਿਕਰਮ ਸਿੰਘ ਕੇਂਦਰੀ ਜੇਲ ਵਿਚ ਸਜ਼ਾ ਕੱਟ ਰਿਹਾ ਸੀ, ਜਿਸ ਦੀ ਜੇਲ ਵਿਚ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ 2 ਜੂਨ 2014 ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਸ ਸਮੇਂ ਪੰਜਾਬ ਪੁਲਸ ਦਾ ਇੰਸਪੈਕਟਰ ਨੌਰੰਗ ਸਿੰਘ ਬਟਾਲਾ ਵਿਚ ਸੀ. ਆਈ. ਏ. ਬ੍ਰਾਂਚ ਦਾ ਇੰਚਾਰਜ ਦੇ ਤੌਰ 'ਤੇ ਤਾਇਨਾਤ ਸੀ, ਜਿਸ ਦਾ ਪਤਾ ਲੱਗਦੇ ਹੀ ਇੰਸਪੈਕਟਰ ਨੌਰੰਗ ਸਿੰਘ 6 ਜੂਨ 2014 ਨੂੰ ਆਪਣੇ ਕੁਝ ਸਹਾਇਕ ਪੁਲਸ ਅਫਸਰਾਂ ਪੁਲਸ ਕਰਮਚਾਰੀਆਂ ਨਾਲ ਗੁਰੂ ਨਾਨਕ ਦੇਵ ਹਸਪਤਾਲ ਪਹੁੰਚ ਗਿਆ ਅਤੇ ਕੈਦੀ ਦੇ ਤੌਰ 'ਤੇ ਕਾਨੂੰਨੀ ਹਿਰਾਸਤ 'ਚ ਬੰਦ ਵਿਕਰਮ ਸਿੰਘ ਨੂੰ ਹਸਪਤਾਲ ਤੋਂ ਜ਼ਬਰਦਸਤੀ ਚੁੱਕ ਕੇ ਬਟਾਲਾ ਇਲਾਕੇ 'ਚ ਲੈ ਗਿਆ ਸੀ, ਜਿਥੇ ਪੁਲਸ ਪਾਰਟੀ ਨੇ ਉਸ ਨੂੰ ਇਕ ਟਰੈਕਟਰ ਵਰਕਸ਼ਾਪ 'ਚ ਲਿਜਾ ਕੇ ਉਸ ਨਾਲ ਅਜਿਹਾ ਥਰਡ ਡਿਗਰੀ ਟਾਰਚਰ ਕੀਤਾ ਕਿ ਪੁਲਸ ਦੀ ਪ੍ਰਤਾੜਨਾ ਨੂੰ ਸਹਿਣ ਨਾ ਕਰਦਿਆਂ ਉਸ ਦੀ ਉਥੇ ਹੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਦੋਸ਼ੀ ਪੁਲਸ ਕਰਮਚਾਰੀਆਂ ਨੇ ਵਿਕਰਮ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਉਸ ਨੂੰ ਅਨੰਦਪੁਰ ਸਾਹਿਬ ਦੇ ਨੇੜੇ ਨਹਿਰ 'ਚ ਸੁੱਟ ਦਿੱਤਾ ਸੀ। ਦੂਜੇ ਪਾਸੇ ਵਿਕਰਮ ਦੇ ਪਰਿਵਾਰ ਨੂੰ ਇਸ ਸਾਰੇ ਘਟਨਾਚੱਕਰ ਦਾ ਪਤਾ ਲੱਗ ਚੁੱਕਾ ਸੀ ਕਿ ਇੰਸਪੈਕਟਰ ਨੌਰੰਗ ਸਿੰਘ ਹੀ ਆਪਣੀ ਪੁਲਸ ਪਾਰਟੀ ਨਾਲ ਵਿਕਰਮ ਨੂੰ ਕਿਡਨੈਪ ਕਰ ਕੇ ਲੈ ਗਿਆ ਸੀ। ਥਾਣਾ ਸਿਵਲ ਲਾਈਨ ਦੀ ਪੁਲਸ ਨੇ ਵਿਕਰਮ ਦੇ ਪਰਿਵਾਰ ਦੀ ਸ਼ਿਕਾਇਤ 'ਤੇ 6-6-2014 ਨੂੰ ਇੰਸਪੈਕਟਰ ਨੌਰੰਗ ਸਿੰਘ, ਉਸ ਦੇ ਸਹਾਇਕ ਪੁਲਸ ਅਫਸਰਾਂ ਅਤੇ ਕਰਮਚਾਰੀਆਂ ਖਿਲਾਫ ਭਾਦੰਸ ਦੀ ਧਾਰਾ 222/223/224/364/142/302/201/120-ਬੀ ਅਤੇ 149 ਤਹਿਤ ਮੁਕੱਦਮਾ ਨੰਬਰ 128/2014 ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਇੰਸਪੈਕਟਰ ਨੌਰੰਗ ਸਿੰਘ ਸਮੇਤ ਕੁਲ 14 ਮੁਲਜ਼ਮ ਕੀਤੇ ਗਏ ਸਨ ਨਾਮਜ਼ਦ
ਚਰਚਾ 'ਚ ਰਹੇ ਇਸ ਹੱਤਿਆਕਾਂਡ ਦੀ ਪੁਲਸ ਨੇ ਜਾਂਚ ਕਰਦਿਆਂ ਮੁੱਖ ਦੋਸ਼ੀ ਇੰਸਪੈਕਟਰ ਨੌਰੰਗ ਸਿੰਘ ਤੋਂ ਇਲਾਵਾ ਏ. ਐੱਸ. ਆਈ. ਬਲਜੀਤ ਸਿੰਘ, ਏ. ਐੱਸ. ਆਈ. ਸਵਿੰਦਰ ਸਿੰਘ, ਹੈੱਡ ਕਾਂਸਟੇਬਲ ਜਗਜੀਤ ਸਿੰਘ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਅਮਨਦੀਪ, ਲਖਵਿੰਦਰ ਸਿੰਘ, ਮਖਤੂਲ ਸਿੰਘ, ਅੰਗਰੇਜ਼ ਸਿੰਘ, ਰਣਧੀਰ ਸਿੰਘ, ਗੁਲਸ਼ਨਬੀਰ ਸਿੰਘ ਦੇ ਨਾਲ-ਨਾਲ ਬਟਾਲਾ ਦੇ ਇਕ ਪਿੰਡ ਨਾਲ ਸਬੰਧਤ ਪ੍ਰਾਈਵੇਟ ਵਿਅਕਤੀ ਦੀਪਰਾਜ ਸਿੰਘ ਪੁੱਤਰ ਦਸਵੰਧ ਸਿੰਘ ਅਤੇ ਪਿੰਡ ਚਾਟੀਵਿੰਡ ਵਾਸੀ ਜਗਤਾਰ ਸਿੰਘ ਉਰਫ ਕਾਂਸ਼ੀ ਪੁੱਤਰ ਜੋਗਿੰਦਰ ਸਿੰਘ ਇਸ ਤਰ੍ਹਾਂ ਕੁਲ 14 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਸੀ।
ਪੇਸ਼ੀ ਲਈ ਹੁਸ਼ਿਆਰਪੁਰ ਦੀ ਜੇਲ ਤੋਂ ਲਿਆਂਦਾ ਅਤੇ ਭੇਜਿਆ ਵੀ ਉਥੇ ਹੀ
ਵਿਕਰਮ ਹੱਤਿਆਕਾਂਡ 'ਚ ਦੋਸ਼ੀ ਕਰਾਰ ਦਿੱਤੇ ਗਏ ਸਾਬਕਾ ਇੰਸਪੈਕਟਰ ਨੌਰੰਗ ਸਿੰਘ ਸਮੇਤ ਸਾਰੇ ਮੁਲਜ਼ਮਾਂ ਨੂੰ ਹੁਸ਼ਿਆਰਪੁਰ ਦੀ ਜੇਲ ਤੋਂ ਇਥੇ ਪੇਸ਼ੀ ਲਈ ਲਿਆਂਦਾ ਗਿਆ ਸੀ। ਅਦਾਲਤ 'ਚ ਪੇਸ਼ੀ ਤੋਂ ਬਾਅਦ ਉਨ੍ਹਾਂ ਨੂੰ ਮੁੜ ਹੁਸ਼ਿਆਰਪੁਰ ਦੀ ਜੇਲ ਵਿਚ ਹੀ ਭੇਜੇ ਜਾਣ ਲਈ ਪੁਲਸ ਨੇ ਵਿਸ਼ੇਸ਼ ਪ੍ਰਬੰਧ ਕਰ ਰੱਖੇ ਸਨ ਅਤੇ ਸ਼ਾਮ ਉਨ੍ਹਾਂ ਨੂੰ ਮੁੜ ਹੁਸ਼ਿਆਰਪੁਰ ਦੀ ਜੇਲ 'ਚ ਹੀ ਭੇਜ ਦਿੱਤਾ ਗਿਆ।
ਫੈਸਲੇ 'ਤੇ ਕੁਝ ਨਹੀਂ ਕਹਿਣਾ, ਹਾਈ ਕੋਰਟ 'ਚ ਅਪੀਲ ਜ਼ਰੂਰ ਕਰਾਂਗਾ : ਨੌਰੰਗ ਸਿੰਘ
ਵਿਕਰਮ ਹੱਤਿਆਕਾਂਡ 'ਚ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਤੋਂ ਬਾਅਦ ਸਾਬਕਾ ਇੰਸਪੈਕਟਰ ਨੌਰੰਗ ਸਿੰਘ ਜਿਵੇਂ ਹੀ ਅਦਾਲਤ ਤੋਂ ਬਾਹਰ ਆਇਆ ਤਾਂ ਪੁੱਛੇ ਜਾਣ 'ਤੇ ਉਨ੍ਹਾਂਂ ਕਿਹਾ ਕਿ ਅਦਾਲਤ ਵੱਲੋਂ ਸੁਣਾਏ ਫੈਸਲੇ 'ਤੇ ਉਹ ਫਿਲਹਾਲ ਕੁਝ ਨਹੀਂ ਕਹਿਣਾ ਚਾਹੁੰਦੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਦਾਲਤ ਨੇ ਇਹ ਜੋ ਫੈਸਲਾ ਸੁਣਾਇਆ ਹੈ, ਵਾਹਿਗੁਰੂ ਨੂੰ ਸ਼ਾਇਦ ਇਸ ਵਿਚ ਹੀ ਕੁਝ ਭਲਾ ਦਿਖਾਈ ਦਿੰਦਾ ਹੋਵੇ। ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਦੇ ਫੈਸਲੇ ਅਤੇ ਸਾਰੇ ਪਹਿਲੂਆਂ 'ਤੇ ਗੌਰ ਕਰਨ ਤੋਂ ਬਾਅਦ ਉਹ ਆਪਣੇ ਅਧਿਕਾਰ ਤਹਿਤ ਹਾਈ ਕੋਰਟ ਵਿਚ ਅਪੀਲ ਜ਼ਰੂਰ ਕਰਨਗੇ।
ਵਟਸਐਪ ਤੇ ਫੇਸਬੁੱਕ ਜਰੀਏ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਉਣ ਵਾਲੀ ਔਰਤ ਕਾਬੂ
NEXT STORY