ਅੰਮ੍ਰਿਤਸਰ : ਹੱਥਾਂ ਦੀਆਂ ਲਕੀਰਾਂ 'ਚ ਇਕ ਜੀਵਨ ਰੇਖਾ ਹੁੰਦੀ ਹੈ। ਜੋਤਿਸ਼ ਸ਼ਾਸ਼ਤਰ ਮੁਤਾਬਕ ਇਹ ਰੇਖਾ ਇਨਸਾਨ ਦੀ ਉਮਰ ਸੀਮਾ ਦੀ ਪ੍ਰਤੀਕ ਹੁੰਦੀ ਹੈ। ਇਸ ਰੇਖਾ ਨੂੰ ਦੇਖ ਪਰਖ ਕੇ ਹੀ ਜੋਤਿਸ਼ ਉਮਰ ਦਾ ਅਨੁਮਾਨ ਲਗਾਉਂਦੇ ਹਨ। ਖੈਰ, ਹੱਥਾਂ ਦੀਆਂ ਲਕੀਰਾਂ ਦਾ ਜੋ ਵੀ ਅਰਥ ਹੈ ਪਰ ਜਦੋਂ ਔਰਤਾਂ ਆਪਣਿਆਂ ਨੂੰ ਬਚਾਉਣ ਦੀ ਠਾਣ ਲੈਂਦੀਆਂ ਹਨ ਤਾਂ ਹੱਥਾਂ ਦੀਆਂ ਲਕੀਰਾਂ ਵੀ ਮਾਈਨੇ ਨਹੀਂ ਰੱਖਦੀਆਂ।
ਜਾਣਕਾਰੀ ਮੁਤਾਬਕ ਪਿਛਲੇ ਤਿੰਨ ਸਾਲਾਂ 'ਚ 135 ਔਰਤਾਂ ਨੇ ਆਪਣੀਆਂ ਕਿਡਨੀਆਂ ਦੇ ਕੇ ਆਪਣਿਆਂ ਨੂੰ ਬਚਾਇਆ ਹੈ। ਗੁਰੂ ਨਾਨਕ ਦੇਵ ਹਸਪਤਾਲ 'ਚ ਕਿਡਨੀ ਟਰਾਂਸਪਲਾਂਟ ਕਮੇਟੀ ਦੀ ਬੈਠਕ 'ਚ ਔਰਤਾਂ ਹੀ ਆਪਣੀ ਕਿਡਨੀ ਦੇਣ ਲਈ ਅੱਗੇ ਆਈਆਂ। ਹਾਲਾਂਕਿ ਪਰਿਵਾਰ 'ਚ ਮਰਦ ਵੀ ਸਨ, ਜੋ ਆਪਣੀ ਕਿਡਨੀ ਦੇ ਸਕਦੇ ਸਨ ਪਰ ਔਰਤਾਂ ਸਭ ਤੋਂ ਅੱਗੇ ਆਈਆਂ।
ਸਾਲ 2016 ਤੋਂ 2019 ਤੱਕ ਕਿਡਨੀ ਕਮੇਟੀ ਦੇ ਸਾਹਮਣੇ ਪੰਜਾਬ ਦੇ ਕੋਨੇ-ਕੋਨੇ ਤੋਂ ਮਰੀਜ਼ ਆਏ ਹਨ। ਇਹ ਮਰੀਜ਼ ਕਿਡਨੀ ਫੇਲ ਹੋਣ ਕਾਰਨ ਮੌਤ ਦੇ ਮੂੰਹ 'ਚ ਹੁੰਦੇ ਹਨ। ਕਿਡਨੀ ਕਮੇਟੀ ਦੇ ਸਾਹਮਣੇ ਇਨ੍ਹਾਂ ਤਿੰਨ ਸਾਲਾ 'ਚ ਕੁੱਲ 150 ਕੇਸ ਆਏ ਸਨ। ਇਨ੍ਹਾਂ 'ਚੋਂ ਕੇਵਲ 15 ਮਰੀਜ਼ਾਂ ਨੂੰ ਹੀ ਪਰਿਵਾਰ ਦੇ ਮਰਦਾਂ ਨੇ ਕਿਡਨੀ ਦਿੱਤੀ। ਉਹ ਵੀ ਇਸ ਲਈ ਕਿਉਂਕਿ ਜਾਂ ਤਾਂ ਪਰਿਵਾਰ 'ਚ ਔਰਤਾਂ ਨਹੀਂ ਸਨ ਤੇ ਜੇਕਰ ਔਰਤ ਸੀ ਵੀ ਤਾਂ ਉਨ੍ਹਾਂ ਦਾ ਸ਼ੂਗਰ ਲੇਵਲ ਵੱਧ ਸੀ।
ਪਿਛਲੇ ਦੋ ਸਾਲਾਂ 'ਚ ਕਮੇਟੀ ਕੋਲ 150 ਅਰਜ਼ੀਆਂ ਪਹੁੰਚੀਆਂ, ਜਿਨ੍ਹਾਂ 'ਚ 135 ਔਰਤਾਂ ਜਦਕਿ 15 ਮਰਦ ਕਿਡਨੀ ਦੇਣ ਨੂੰ ਅੱਗੇ ਆਏ। ਹਾਲ ਹੀ 'ਚ ਆਪਣਾ ਸੁਹਾਗ ਬਚਾਉਣ ਲਈ ਦੋ ਔਰਤਾਂ ਨੇ ਖੁਦ ਦੀ ਜ਼ਿੰਦਗੀ ਦਾਅ 'ਤੇ ਲਗਾ ਦਿੱਤੀ। ਅੰਮ੍ਰਿਤਸਰ ਦੇ ਪਿੰਡ ਤਾਰਾਂ ਕਲਾਂ ਦੀ ਸੰਦੀਪ ਕੌਰ ਤੇ ਗੁਰਦਾਸਪੁਰ ਦੇ ਅਮਨ ਨਗਰ ਦੀ ਮਨਜੀਤ ਕੌਰ ਨੇ ਆਪਣੀ ਕਿਡਨੀ ਦੇ ਕੇ ਆਪਣੇ-ਆਪਣੇ ਪਤੀ ਦੀ ਜ਼ਿੰਦਗੀ ਬਚਾਈ। ਸੰਦੀਪ ਕੌਰ ਦੇ ਪਤੀ ਵਿਕਰਮ ਸਿੰਘ ਦਾ ਬਲੱਡ ਗਰੁੱਪ 'ਏ' ਪਾਜ਼ੀਟਿਵ ਸੀ ਤੇ ਸੰਦੀਪ ਕੌਰ ਦਾ 'ਬੀ' ਪਾਜ਼ੀਟਿਵ। ਬਲੱਡ ਗਰੁੱਪ ਮੈਚ ਨਾ ਹੋਣ ਕਾਰਨ ਉਹ ਆਪਣੇ ਪਤੀ ਨੂੰ ਕਿਡਨੀ ਨਹੀਂ ਦੇ ਪਾ ਰਹੀ ਸੀ। ਅਜਿਹੀ ਹੀ ਸਮੱਸਿਆ ਗੁਰਦਾਸਪੁਰ ਵਾਸੀ ਗੁਲਜ਼ਾਰ ਸਿੰਘ ਨਾਲ ਸੀ। ਗੁਲਜ਼ਾਰ ਸਿੰਘ ਦਾ ਬਲੱਡ ਗਰੁੱਪ 'ਬੀ' ਪਾਜ਼ੀਟਿਵ ਸੀ ਜਦਕਿ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਦਾ 'ਏ' ਪਾਜ਼ੀਟਿਵ। ਇਸ ਨੂੰ ਸੰਯੋਗ ਹੀ ਕਿਹਾ ਜਾ ਸਕਦਾ ਹੈ ਕਿ ਮਨਜੀਤ ਕੌਰ ਅਤੇ ਸੰਦੀਪ ਕੌਰ ਦਾ ਮੇਲ ਹੋਇਆ ਤੇ ਦੋਹਾਂ ਦਾ ਬਲੱਡ ਗਰੁੱਪ ਇਕ-ਦੂਜੇ ਦੇ ਪਤੀ ਨਾਲ ਮੈਚ ਹੋ ਗਿਆ। ਸੰਦੀਪ ਨੇ ਮਨਜੀਤ ਨੂੰ ਕਿਹਾ ਕਿ 'ਤੂੰ ਮੇਰਾ ਸੁਹਾਗ ਬਚਾਅ ਲੈ, ਮੈਂ ਤੇਰੇ ਪਤੀ ਦੀ ਜ਼ਿੰਦਗੀ ਬਚਾਅ ਲਵਾਂਗੀ। ਅਜਿਹੇ ਕਈ ਮਾਮਲੇ ਸਾਹਮਣੇ ਆਏ, ਜਿਸ 'ਚ ਨਾਰੀ ਦਾ ਸਮਰਪਣ ਤੇ ਤਿਆਗ ਦੇਖ ਕੇ ਕਿਡਨੀ ਕਮੇਟੀ ਦੇ ਮੈਂਬਰ ਵੀ ਭਾਵੁਕ ਹੋ ਗਏ।
ਹੁਸ਼ਿਆਰਪੁਰ ਦੇ ਪਿੰਡ ਫਤਿਹਪੁਰ ਦੀ ਰਹਿਣ ਵਾਲੀ ਸੰਦੀਪ ਕੌਰ ਦੇ ਭਰਾ ਦੀਆਂ ਕਿਡਨੀਆਂ ਫੈਲ ਹੋ ਗਈਆਂ। ਭਰਾ ਦਾ ਦਰਦ ਭੈਣ ਨਾ ਦੇਖ ਸਕੀ ਤੇ ਉਸ ਨੂੰ ਬਚਾਉਣ ਲਈ ਆਪਣੀ ਕਿਡਨੀ ਦੇਣ ਦਾ ਫੈਸਲਾ ਕੀਤਾ। ਸੰਦੀਪ ਕਿਡਨੀ ਕਮੇਟੀ ਦੇ ਸਾਹਮਣੇ ਪੇਸ਼ ਹੋਈ। ਉਸ ਨੇ ਕਮੇਟੀ ਨੂੰ ਕਿਹਾ ਕਿ ਉਹ ਆਪਣੇ ਭਰਾ ਨੂੰ ਕਿਡਨੀ ਦੇਣਾ ਚਾਹੁੰਦੀ ਹੈ।
ਕਿਡਨੀ ਫੇਲ ਹੋਣ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਜੀਵਨਸ਼ੈਲੀ ਤੇ ਖਾਣ-ਪੀਣ 'ਚ ਤਬਦੀਲੀ ਦੇ ਕਾਰਨ ਅਜਿਹਾ ਹੋ ਰਿਹਾ ਹੈ। ਡਾ. ਨਵਦੀਪ ਸ਼ਰਮਾ ਮੁਤਾਬਕ ਕਿਡਨੀ ਫੇਲ ਹੋਣ ਦਾ ਜ਼ਿਆਦਾਤਰ ਸ਼ਿਕਾਰ ਮਰਦ ਹੀ ਹੋ ਰਹੇ ਹਨ। ਨਸ਼ਾ ਕਰਨ ਦੇ ਨਾਲ-ਨਾਲ ਗਲਤ ਦਵਾਈ ਖਾਣ ਨਾਲ ਵੀ ਕਿਡਨੀ ਫੇਲ ਹੁੰਦੀ ਹੈ।
ਕਾਰ ਤੇ ਕੈਂਟਰ ਦੀ ਜ਼ਬਰਦਸਤ ਟੱਕਰ 'ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ
NEXT STORY