ਅੰਮ੍ਰਿਤਸਰ (ਸੰਜੀਵ, ਸਰਿੰਦਰ, ਸ਼ਰਮਾ)-ਅੰਮ੍ਰਿਤਸਰ-ਜਲੰਧਰ ਹਾਈਵੇ 'ਤੇ ਸਥਿਤ ਗੁਰਦਾਸਪੁਰੀਆ ਦੇ ਢਾਬੇ 'ਤੇ ਅੱਜ ਸ਼ਾਮ ਐੱਸ. ਟੀ. ਐੱਫ. ਅਤੇ ਸਮੱਗਲਰਾਂ ਵਿਚਾਲੇ ਮੁਕਾਬਲੇ ਤੋਂ ਬਾਅਦ 3 ਵਿਅਕਤੀਆਂ ਨੂੰ ਰਾਊਂਡਅੱਪ ਕੀਤਾ ਗਿਆ। ਜਦਕਿ ਉਨ੍ਹਾਂ ਦਾ ਇਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਫੜੇ ਗਏ ਮੁਲਜ਼ਮਾਂ ਦੇ ਕਬਜ਼ੇ 'ਚੋਂ ਵੱਡੀ ਮਾਤਰਾ ਵਿਚ ਹਥਿਆਰ, ਗੋਲੀ ਸਿੱਕਾ ਅਤੇ ਹੈਰੋਇਨ ਬਰਾਮਦ ਹੋਈ ਹੈ। ਜਦਕਿ ਐੱਸ. ਟੀ. ਐੱਫ. ਦਾ ਕੋਈ ਵੀ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ। ਦੇਰ ਸ਼ਾਮ ਹੋਏ ਇਸ ਆਪ੍ਰੇਸ਼ਨ ਤੋਂ ਬਾਅਦ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ, ਆਈ. ਜੀ. ਬਲਕਾਰ ਸਿੰਘ ਵੀ ਮੌਕੇ 'ਤੇ ਪਹੁੰਚ ਗਏ। ਸੂਤਰਾਂ ਅਨੁਸਾਰ ਸਾਲ 2019 ਵਿਚ ਦਰਜ ਕੀਤਾ ਗਿਆ ਮੁਕੱਦਮਾ ਨੰਬਰ 97 ਵਿਚ ਐੱਸ. ਟੀ. ਐੱਫ. ਨੂੰ ਕੁਝ ਮੁਲਜ਼ਮ ਲੋੜੀਂਦੇ ਚਲ ਰਹੇ ਸਨ।
ਇਨਪੁੱਟ ਇਹ ਸੀ ਕਿ ਅੱਜ ਸ਼ਾਮ ਦੋਸ਼ੀ ਜੀ. ਟੀ. ਰੋਡ 'ਤੇ ਸਥਿਤ ਢਾਬੇ 'ਤੇ ਹਥਿਆਰਾਂ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਡਲਿਵਰੀ ਲਈ ਪਹੁੰਚ ਰਹੇ ਹਨ। ਇਸ 'ਤੇ ਐੱਸ. ਟੀ. ਐੱਫ. ਨੇ ਸਾਦੀ ਵਰਦੀ 'ਚ ਢਾਬੇ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰ ਨੂੰ ਸੀਲ ਕਰ ਦਿੱਤਾ ਸੀ। ਜਿਵੇਂ ਹੀ ਮੁਲਜ਼ਮਾਂ ਦੀ ਕਾਰ ਅਤੇ ਇਕ ਮੋਟਰਸਾਈਕਲ ਨੂੰ ਆਉਂਦੇ ਦੇਖਿਆ ਤਾਂ ਐੱਸ. ਟੀ. ਐੱਫ. ਉਨ੍ਹਾਂ ਨੂੰ ਘੇਰਾ ਪਾ ਲਿਆ। ਇਸ ਦੌਰਾਨ ਕਾਰ ਵਿਚ ਸਵਾਰ ਨੌਜਵਾਨਾਂ ਨੇ ਪੁਲਸ 'ਤੇ ਫਾਇਰਿੰਗ ਕੀਤੀ ਜਦਕਿ ਐੱਸ. ਟੀ. ਐੱਫ. ਨੇ ਵੀ ਜਵਾਬੀ ਫਾਇਰਿੰਗ ਕੀਤੀ। ਕੁਝ ਦੇਰ ਚਲੇ ਇਸ ਆਪ੍ਰੇਸ਼ਨ ਤੋਂ ਬਾਅਦ 3 ਮੁਲਜ਼ਮਾਂ ਨੂੰ ਕਾਰ ਅਤੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਗੱਡੀ ਦੀ ਤਾਲਾਬੰਦੀ ਦੌਰਾਨ ਉਸ ਵਿਚ ਭਾਰੀ ਮਾਤਰਾ ਵਿਚ ਪਏ ਹਥਿਆਰਾਂ ਨੂੰ ਕਬਜ਼ੇ 'ਚ ਲਿਆ ਗਿਆ।
ਫੜੇ ਗਏ ਹਥਿਆਰਾਂ 'ਚੋਂ ਏ. ਕੇ. 47, ਰਿਵਾਲਵਰ ਅਤੇ ਵੱਡੀ ਮਾਤਰਾ ਵਿਚ ਹੈਰੋਇਨ ਦੇ ਸ਼ਾਮਲ ਹੋਣ ਦੀ ਖ਼ਬਰ ਹੈ, ਜਦਕਿ ਇਸ ਮਾਮਲੇ ਵਿਚ ਐੱਸ. ਟੀ. ਐੱਫ. ਦਾ ਫਿਲਹਾਲ ਕੋਈ ਵੀ ਅਧਿਕਾਰੀ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ। ਹਾਈਵੇ 'ਤੇ ਹੋਏ ਇਸ ਆਪ੍ਰੇਸ਼ਨ 'ਚ ਸਨੇਹਦੀਪ ਸ਼ਰਮਾ ਅਤੇ ਏ. ਆਈ. ਜੀ. ਰਛਪਾਲ ਸਿੰਘ ਦੇ ਨਾਲ ਭਾਰੀ ਪੁਲਸ ਫੋਰਸ ਸੀ।
ਇਕ IAS, IRTS ਤੇ PCS ਅਧਿਕਾਰੀ ਤਬਦੀਲ
NEXT STORY