ਅੰਮ੍ਰਿਤਸਰ (ਸੁਮਿਤ) : ਦੇਸ਼ ਦੇ ਅਤਿ-ਸੰਵੇਦਨਸ਼ੀਲ ਰੇਲਵੇ ਸਟੇਸ਼ਨਾਂ 'ਚ ਸ਼ੁਮਾਰ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਚੌਕਸੀ ਕਿੰਨੀ ਚੌਕਸ ਹੈ। ਇਸ ਦਾ ਅੰਦਾਜ਼ਾ ਤੁਸੀਂ ਇਸ ਘਟਨਾ ਤੋਂ ਲਾ ਸਕਦੇ ਹੋ, ਜੋ ਅੱਧੀ ਰਾਤ ਨੂੰ ਜਨਤਾ ਦੀ ਸੁਰੱਖਿਆ ਲਈ ਖੜ੍ਹੇ ਪੁਲਸ ਵਾਲਿਆਂ ਨਾਲ ਰੇਲਵੇ ਸਟੇਸ਼ਨ ਦੇ ਬਾਹਰ ਹੋਈ, ਜਿਥੇ ਸ਼ਰਾਬ ਦੇ ਨਸ਼ੇ 'ਚ ਟੱਲੀ 7 ਨੌਜਵਾਨ ਸਕਿਓਰਿਟੀ ਲਈ ਖੜ੍ਹੇ ਪੁਲਸ ਕਰਮਚਾਰੀਆਂ ਨਾਲ ਹੀ ਭਿੜ ਗਏ। ਹਮਲਾਵਰਾਂ ਨੇ ਏ. ਐੱਸ. ਆਈ. ਅਸ਼ੋਕ ਕੁਮਾਰ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਇਕ ਬਾਂਹ ਤੋੜ ਦਿੱਤੀ। ਹਮਲਾਵਰ ਮੌਕੇ ਤੋਂ ਭੱਜਣ ਵਿਚ ਸਫਲ ਵੀ ਹੋ ਗਏ ਪਰ ਪੁਲਸ ਕੰਟਰੋਲ ਰੂਮ ਤੋਂ ਵਾਇਰਲੈੱਸ ਮੈਸੇਜ ਰਾਹੀਂ ਸਾਰੇ ਮੁਲਜ਼ਮਾਂ ਨੂੰ ਪੁਲਸ ਨੇ ਘੇਰਾ ਪਾ ਕੇ ਗ੍ਰਿਫਤਾਰ ਕਰ ਲਿਆ।
ਥਾਣਾ ਸਿਵਲ ਲਾਈਨ ਦੇ ਏ. ਸੀ. ਪੀ. ਸਰਬਜੀਤ ਸਿੰਘ ਬਾਜਵਾ ਅਤੇ ਥਾਣਾ ਸਿਵਲ ਲਾਈਨ ਦੇ ਇੰਚਾਰਜ ਸ਼ਿਵਦਰਸ਼ਨ ਸਿੰਘ ਮੌਕੇ 'ਤੇ ਪੁੱਜੇ ਅਤੇ ਇਸ ਦੌਰਾਨ ਪੁਲਸ ਨੇ ਮੁਲਜ਼ਮਾਂ ਨੂੰ ਵੀ ਫੜ ਲਿਆ, ਜਿਨ੍ਹਾਂ ਦੀ ਪਛਾਣ ਮਹਿਕ ਰਾਜ, ਦੀਪਕ ਕੁਮਾਰ, ਮਲਕੀਅਤ ਸਿੰਘ, ਮਨਪ੍ਰੀਤ ਸਿੰਘ, ਜੈਮਲ ਸਿੰਘ, ਪਵਨਪ੍ਰੀਤ ਸਿੰਘ ਅਤੇ ਸੰਦੀਪ ਸਿੰਘ ਵਜੋਂ ਹੋਈ। ਸਾਰੇ ਮੁਲਜ਼ਮ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।
ਥਾਣਾ ਸਿਵਲ ਲਾਈਨ ਪੁਲਸ ਵਲੋਂ ਗ੍ਰਿਫਤਾਰ ਨਸ਼ੇ 'ਚ ਧੁੱਤ ਮੁਲਜ਼ਮਾਂ ਨੇ ਗੱਡੀਆਂ 'ਚ ਹਥਿਆਰ ਰੱਖੇ ਹੋਏ ਸਨ ਤੇ ਸੜਕ 'ਤੇ ਹੀ ਗੱਡੀ ਲਾ ਕੇ ਆਉਂਦੇ-ਜਾਂਦੇ ਲੋਕਾਂ ਨੂੰ ਫਬਤੀਆਂ ਕਸ ਰਹੇ ਸਨ। ਮੌਕੇ 'ਤੇ ਏ. ਐੱਸ. ਆਈ. ਅਸ਼ੋਕ ਕੁਮਾਰ, ਏ. ਐੱਸ. ਆਈ. ਦਲੀਪ ਸਿੰਘ ਅਤੇ ਏ. ਐੱਸ. ਆਈ. ਸੁਖਰਾਜ ਸਿੰਘ ਨੇ ਸਾਰੇ ਮੁਲਜ਼ਮਾਂ ਨੂੰ ਚਿਤਾਵਨੀ ਦਿੰਦਿਆਂ ਘਰਾਂ ਨੂੰ ਜਾਣ ਨੂੰ ਕਿਹਾ ਤਾਂ ਉਹ ਏ. ਐੱਸ. ਆਈ. ਅਸ਼ੋਕ ਕੁਮਾਰ ਨਾਲ ਭਿੜ ਗਏ। ਜਦੋਂ ਤੱਕ ਪੁਲਸ ਬਚਾਅ ਕਰਦੀ, ਮੁਲਜ਼ਮਾਂ ਨੇ ਪੁਲਸ ਵਾਲਿਆਂ ਨੂੰ ਹੀ ਕੁੱਟ ਦਿੱਤਾ।
ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਮਾਮਲਾ ਹੈ। ਜੋ ਪੁਲਸ ਪਬਲਿਕ ਦੀ ਸੁਰੱਖਿਆ ਲਈ ਖੜ੍ਹੀ ਹੈ, ਉਸ 'ਤੇ ਹਮਲਾ ਕੀਤਾ ਜਾਣਾ ਬੇਹੱਦ ਗੰਭੀਰ ਵਿਸ਼ਾ ਹੈ, ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਇਰਾਦਾ-ਏ-ਕਤਲ ਦੇ ਨਾਲ-ਨਾਲ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਵਿਧਾਇਕ ਆਵਲਾ ਦਾ ਸਟਾਫ਼ ਕਰਾਏਗਾ ਆਮ ਜਨਤਾ ਦੇ ਕੰਮ, ਦਫ਼ਤਰੀ ਖੱਜਲ-ਖੁਆਰੀ ਬੰਦ
NEXT STORY