ਅੰਮ੍ਰਿਤਸਰ (ਅਣਜਾਣ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਐੱਮ. ਐੱਸ. ਬਲਾਕ ਹਰੀ ਨਗਰ (ਨਵੀਂ ਦਿੱਲੀ) ਦੇ ਪ੍ਰਬੰਧ 'ਚ ਹੋਈਆਂ ਬੇਨਿਯਮੀਆਂ ਬਾਰੇ ਸੰਗਤਾਂ ਅਤੇ ਰਮਿੰਦਰ ਸਿੰਘ (ਸਵੀਟਾ) ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੁੱਜੀ ਸ਼ਿਕਾਇਤ ਦੇ ਆਧਾਰ 'ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਿੰਦਰ ਸਿੰਘ ਸਰਨਾ ਤੋਂ ਇਲਾਵਾ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਸਬੰਧਤ ਸਕੂਲ ਦਾ ਰਿਕਾਰਡ ਲੈ ਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਾਜ਼ਰ ਹੋਏ।
ਜ਼ਿਕਰਯੋਗ ਹੈ ਕਿ ਇਸ ਸਕੂਲ ਬਾਰੇ 1998 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਭਾਈ ਰਣਜੀਤ ਸਿੰਘ ਸਮੇਂ ਵੀ ਵਿਵਾਦ ਉੱਠਿਆ ਸੀ। ਇਸ ਲਈ ਜਥੇਦਾਰ ਅਵਤਾਰ ਸਿੰਘ ਹਿੱਤ ਨੂੰ 31-31 ਹਜ਼ਾਰ ਰੁਪਏ ਦਾ ਪ੍ਰਸ਼ਾਦ 3 ਧਾਰਮਿਕ ਅਸਥਾਨਾਂ 'ਤੇ ਕਰਵਾਉਣ ਤੋਂ ਇਲਾਵਾ ਸੇਵਾ ਵੀ ਲਾਈ ਗਈ ਸੀ। ਲੰਬੇ ਸਮੇਂ ਉਪਰੰਤ ਅੱਜ ਫਿਰ ਜਥੇਦਾਰ ਹਿੱਤ ਦੇ ਸਕੂਲ 'ਤੇ ਕਾਬਜ਼ ਹੋਣ ਦਾ ਦੋਸ਼ ਲੱਗ ਰਿਹਾ ਹੈ। ਤਕਰੀਬਨ 2 ਘੰਟੇ ਚੱਲੀ ਮੀਟਿੰਗ ਉਪਰੰਤ ਵੱਖ-ਵੱਖ ਧਾਰਮਿਕ ਨੇਤਾਵਾਂ ਨੇ ਸਕੱਤਰੇਤ ਤੋਂ ਬਾਹਰ ਆਉਂਦਿਆਂ ਕਿਹਾ ਕਿ ਜਥੇਦਾਰ ਸਾਹਿਬ ਨੇ ਮੀਡੀਆ ਸਾਹਮਣੇ ਕੁਝ ਬੋਲਣ ਤੋਂ ਵਰਜਿਆ ਹੈ, ਫਿਰ ਵੀ ਪੱਤਰਕਾਰਾਂ ਦੇ ਪੁੱਛਣ 'ਤੇ ਕੁਝ ਨਾ ਕੁਝ ਮਨਾਂ ਦੇ ਵਲਵਲੇ ਸਾਂਝੇ ਵੀ ਕੀਤੇ ਗਏ।
ਹਿੱਤ ਨੇ ਕੋਰਟ 'ਚ ਲਿਖ ਕੇ ਦਿੱਤਾ ਕਿ ਸਕੂਲ ਕੌਮ ਦੀ ਜਾਇਦਾਦ : ਸਿਰਸਾ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਕੋਰਟ 'ਚ ਲਿਖ ਕੇ ਦੇ ਦਿੱਤਾ ਹੈ ਕਿ ਸਕੂਲ ਕੌਮ ਦੀ ਜਾਇਦਾਦ ਹੈ, ਇਸ ਖਿਲਾਫ਼ ਕੋਈ ਵੀ ਕੇਸ ਨਹੀਂ ਕਰ ਸਕਦਾ। ਮੈਂ ਸਾਰਾ ਰਿਕਾਰਡ ਜਥੇਦਾਰ ਸਾਹਿਬ ਦੇ ਕਹਿਣ 'ਤੇ ਸਕੱਤਰੇਤ ਵਿਖੇ ਸੌਂਪ ਦਿੱਤਾ ਹੈ। ਇਸ ਦੌਰਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਬੋਲਦਿਆਂ ਕਿਹਾ ਕਿ ਸਕੂਲ ਪਹਿਲਾਂ ਵੀ ਦਿੱਲੀ ਕਮੇਟੀ ਦਾ ਸੀ ਤੇ ਹੁਣ ਵੀ ਹੈ। ਸਭ ਝੂਠ ਬੋਲਦੇ ਹਨ। ਇਸ ਦੇ ਨਾਲ ਹੀ ਹਰਮੀਤ ਸਿੰਘ ਕਾਲਕਾ ਜਨਰਲ ਸਕੱਤਰ ਨੇ ਕਿਹਾ ਕਿ ਜਿਹੜਾ ਸਕੂਲ ਦਾ ਮਸਲਾ ਸੀ, ਉਹ ਸ਼ਿਕਾਇਤਾਂ ਜਥੇਦਾਰ ਸਾਹਿਬ ਅੱਗੇ ਰੱਖੀਆਂ ਗਈਆਂ ਹਨ। ਦਿੱਲੀ ਦੇ ਸਿੱਖਾਂ ਨੂੰ ਇਹ ਬਹੁਤ ਵੱਡੀ ਰਾਹਤ ਮਿਲੀ ਹੈ ਕਿ ਸਕੂਲ ਵਾਪਸ ਮਿਲ ਗਿਆ।
ਚਿੱਠੀ 'ਤੇ ਕੀਤੇ ਦਸਤਖਤ ਮੇਰੇ ਨਹੀਂ, ਜਾਅਲੀ : ਜੀ. ਕੇ.
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਸਕੂਲ ਸਬੰਧੀ ਮਾਮਲੇ 'ਤੇ ਬਣਾਈ ਗਈ ਚਿੱਠੀ 'ਤੇ ਮੇਰੇ ਦਸਤਖਤ ਨਹੀਂ, ਜਾਅਲੀ ਹਨ। ਸਿੰਘ ਸਾਹਿਬ ਨੇ ਇਸ ਦੀ ਪੜਤਾਲ ਕਰਵਾਉਣ ਲਈ ਲਿਖਤੀ ਸ਼ਿਕਾਇਤ ਮੰਗ ਲਈ ਹੈ। ਉਨ੍ਹਾਂ ਕਿਹਾ ਕਿ 500 ਕਰੋੜ ਰੁਪਏ ਦੀ ਪ੍ਰਾਪਰਟੀ ਦਾ ਮਸਲਾ ਹੈ, ਕੋਈ ਛੋਟਾ-ਮੋਟਾ ਨਹੀਂ, ਜਿਸ ਬਾਰੇ ਸਿੰਘ ਸਾਹਿਬ ਵਲੋਂ ਇਨਸਾਫ਼ ਦਿਵਾਉਣ ਲਈ ਵਿਸ਼ਵਾਸ ਦਿਵਾਇਆ ਗਿਆ ਹੈ।
ਇਥੇ ਕਈ ਹਰੀ ਨਗਰ ਸਕੂਲ ਹਨ, ਤੁਸੀਂ ਕਿਸ ਦੀ ਗੱਲ ਕਰਦੇ ਹੋ : ਸਰਨਾ
ਪ੍ਰੈੱਸ ਵਾਰਤਾ ਦੌਰਾਨ ਪੱਤਰਕਾਰਾਂ ਵਲੋਂ ਕੀਤੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਨਾ ਭਰਾਵਾਂ 'ਚ ਪਰਮਜੀਤ ਸਿੰਘ ਸਰਨਾ ਅਤੇ ਹਰਿੰਦਰ ਸਿੰਘ ਸਰਨਾ ਨੇ ਕਿਹਾ ਕਿ ਇਥੇ ਤਾਂ ਕਈ ਹਰੀ ਨਗਰ ਸਕੂਲ ਹਨ, ਤੁਸੀਂ ਕਿਹੜੇ ਸਕੂਲ ਦੀ ਗੱਲ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਅਸੀਂ ਆਪਣਾ ਪੱਖ ਜਥੇਦਾਰ ਸਾਹਿਬ ਦੇ ਸਾਹਮਣੇ ਰੱਖ ਦਿੱਤਾ ਹੈ, ਜੋ ਵਧੀਕੀਆਂ ਸਾਡੇ ਨਾਲ ਹੋਈਆਂ ਜਾਂ ਕਿਸੇ ਹੋਰ ਨਾਲ, ਸਿੰਘ ਸਾਹਿਬ ਇਸ ਮਾਮਲੇ ਬਾਰੇ ਵੱਡੀ ਪੱਧਰ 'ਤੇ ਪੜਤਾਲ ਕਰਵਾ ਕੇ ਇਨਸਾਫ਼ ਦੇਣਗੇ, ਸਾਨੂੰ ਯਕੀਨ ਹੈ।
5 ਮੈਂਬਰੀ ਪੜਤਾਲੀਆ ਕਮੇਟੀ ਬਣਾਈ ਜਾਵੇਗੀ : ਜਥੇਦਾਰ
ਇਸ ਸਾਰੀ ਕਾਰਵਾਈ ਉਪਰੰਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੀਆਂ ਧਿਰਾਂ ਕਿਹਾ ਗੱਲਬਾਤ ਸੁਣਨ ਦੇ ਨਾਲ-ਨਾਲ ਰਿਕਾਰਡ ਵੀ ਮੰਗਵਾ ਲਿਆ ਗਿਆ ਹੈ, ਜਲਦ ਹੀ 5 ਮੈਂਬਰੀ ਕਮੇਟੀ ਬਣਾ ਕੇ ਪੜਤਾਲ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਕਿਸੇ ਇਕ ਧਿਰ ਦਾ ਨਹੀਂ, ਇਹ ਸਭ ਦਾ ਸਾਂਝਾ ਹੈ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਕੱਤਰ ਹੋਈਆਂ ਨਿਹੰਗ ਸਿੰਘ ਜਥੇਬੰਦੀਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਜਥੇਬੰਦੀਆਂ ਨੂੰ ਪੰਥਕ ਏਕਤਾ ਲਈ ਬੁਲਾਇਆ ਗਿਆ ਸੀ ਤਾਂ ਜੋ ਪੰਥ ਨੂੰ ਦਰਪੇਸ਼ ਚੁਣੌਤੀਆਂ ਨੂੰ ਸਾਂਝੇ ਤੌਰ 'ਤੇ ਮਿਲ-ਜੁਲ ਕੇ ਹੱਲ ਕੀਤਾ ਜਾਵੇ।
ਇਹ ਵੀ ਪੜ੍ਹੋ : ਕਹਿਰ ਬਣੀ ਬਾਰਿਸ਼, ਘਰ ਦੀ ਛੱਤ ਡਿੱਗਣ ਨਾਲ ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ
ਮੋਹਾਲੀ ਕਤਲ ਕੇਸ ਦਾ ਦੋਸ਼ੀ ਹਰਪ੍ਰੀਤ ਸਿੰਘ ਹੈਪੀ ਮੱਲ ਗ੍ਰਿਫਤਾਰ
NEXT STORY