ਫਿਰੋਜ਼ਪੁਰ (ਮਲਹੋਤਰਾ) - ਜ਼ਿਲਾ ਪੁਲਸ ਨੇ ਕਤਲ, ਨਾਜਾਇਜ਼ ਹਥਿਆਰ ਰੱਖਣ ਅਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ’ਚ ਫਰਾਰ ਚੱਲ ਰਹੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਐੱਸ.ਐੱਸ.ਪੀ. ਭੁਪਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਮੱਲ ਖਿਲਾਫ ਥਾਣਾ ਸਿਟੀ ਫਿਰੋਜ਼ਪੁਰ ਵਿਚ ਆਈ.ਪੀ.ਸੀ. ਅਤੇ ਆਰਮਜ਼ ਐਕਟ ਦੇ ਅਧੀਨ 2 ਪਰਚੇ ਅਤੇ ਥਾਣਾ ਸਿਟੀ ਮੋਹਾਲੀ ਵਿਚ ਕਤਲ ਦਾ ਪਰਚਾ ਦਰਜ ਹੈ। ਇਨ੍ਹਾਂ ਸਾਰੇ ਮਾਮਲਿਆਂ ਵਿਚ ਉਹ ਫਰਾਰ ਚੱਲਿਆ ਆ ਰਿਹਾ ਸੀ ਅਤੇ ਅਦਾਲਤ ਵਲੋਂ ਉਸ ਨੂੰ ਭਗੌੜਾ ਐਲਾਨ ਕੀਤਾ ਹੋਇਆ ਸੀ। ਐੱਸ.ਐੱਸ.ਪੀ. ਨੇ ਦੱਸਿਆ ਕਿ ਥਾਣਾ ਸਿਟੀ ਮੁਖੀ ਜਤਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਕੁਝ ਦਿਨਾਂ ਤੋਂ ਸ਼ਹਿਰ ਵਿਚ ਘੁੰਮ ਰਿਹਾ ਹੈ। ਉਨ੍ਹਾਂ ਇਸ ਸੂਚਨਾ ਦੇ ਆਧਾਰ ’ਤੇ ਏ. ਐੱਸ. ਆਈ. ਸ਼ਰਮਾ ਸਿੰਘ ਦੀ ਅਗਵਾਈ ’ਚ ਬੁੱਧਵਾਰ ਸ਼ਾਮ ਗਸ਼ਤ ਕਰ ਰਹੀ ਟੀਮ ਨੇ ਛਾਪੇਮਾਰੀ ਕਰਕੇ ਉਕਤ ਦੋਸ਼ੀ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ।
3 ਪਰਚੇ ਦਰਜ ਹਨ ਦੋਸ਼ੀ ’ਤੇ
ਥਾਣਾ ਮੁਖੀ ਜਤਿੰਦਰ ਸਿੰਘ ਅਨੁਸਾਰ ਦੋਸ਼ੀ ਹੈਪੀ ਖਿਲਾਫ ਪਹਿਲਾ ਪਰਚਾ ਥਾਣਾ ਸਿਟੀ ਵਿਚ 16 ਦਸੰਬਰ 2017 ਨੂੰ ਦਰਜ ਹੋਇਆ ਸੀ, ਜਿਸ ਵਿਚ ਇਸ ਨੇ ਆਪਣੇ ਸਾਥੀਆਂ ਅਸ਼ੀਸ਼, ਮਨੀ, ਅਮਰਜੀਤ ਸਿੰਘ ਅਤੇ 10-12 ਅਣਪਛਾਤੇ ਲੋਕਾਂ ਨਾਲ ਮਿਲ ਕੇ ਖਾਲਸਾ ਕਾਲੋਨੀ ’ਚ ਘਰ ਵਿਚ ਦਾਖਲ ਹੋ ਕੇ ਮੇਜਰ ਸਿੰਘ ’ਤੇ ਜਾਨਲੇਵਾ ਹਮਲਾ ਕੀਤਾ ਸੀ। ਇਸ ਤੋਂ ਬਾਅਦ 21 ਮਾਰਚ 2019 ਨੂੰ ਥਾਣਾ ਸਿਟੀ ਦੀ ਟੀਮ ਜਦ ਮੱਲਵਾਲ ਰੋਡ ’ਤੇ ਗਸ਼ਤ ’ਤੇ ਸੀ ਤਾਂ ਆਈ ਟਵੰਟੀ ਕਾਰ ਵਿਚ ਸਵਾਰ 2 ਵਿਅਕਤੀਆਂ ’ਤੇ ਸ਼ੱਕ ਹੋਣ ’ਤੇ ਜਦ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਸ ’ਚ ਸਵਾਰ ਹਰਪ੍ਰੀਤ ਸਿੰਘ ਹੈਪੀ ਫਰਾਰ ਹੋ ਗਿਆ ਸੀ, ਜਦਕਿ ਦੂਜੇ ਦੋਸ਼ੀ ਨਿਤਨ ਕੁਮਾਰ ਨੂੰ ਹਿਰਾਸਤ ’ਚ ਲੈ ਕੇ ਕਾਰ ਦੀ ਤਲਾਸ਼ੀ ਦੌਰਾਨ 12 ਬੋਰ ਡਬਲ ਬੈਰਲ ਬੰਦੂਕ ਬਰਾਮਦ ਕੀਤੀ ਗਈ ਸੀ ਅਤੇ ਦੋਵਾਂ ਖਿਲਾਫ ਆਰਮਜ਼ ਐਕਟ ਦਾ ਪਰਚਾ ਦਰਜ ਕੀਤਾ ਗਿਆ ਸੀ। ਹਰਪ੍ਰੀਤ ਸਿੰਘ ਖਿਲਾਫ ਤੀਜਾ ਮਾਮਲਾ ਥਾਣਾ ਸਿਟੀ ਮੋਹਾਲੀ ’ਚ 8 ਨਵੰਬਰ 2019 ਨੂੰ ਦਰਜ ਹੋਇਆ, ਜਿਸ ਵਿਚ ਉਸ ਨੇ ਆਪਣੇ ਸਾਥੀਆਂ ਰੋਹਿਤ ਸੇਠੀ, ਅਜੈ ਕੁਮਾਰ, ਅਸ਼ੀਸ਼ ਚੋਪੜਾ, ਹੈਪੀ ਭੁੱਲਰ, ਅਮਰਜੀਤ ਸਿੰਘ, ਮਨੀ, ਬਾਬਾ ਮੇਜਰ, ਲੱਲੀ ਅਤੇ ਗਗਨ ਦੇ ਨਾਲ ਮਿਲ ਕੇ ਮੋਹਾਲੀ ’ਚ ਇੰਦਰਜੀਤ ਸਿੰਘ ਉਰਫ ਢੀਂਡਾ ਦਾ ਕਤਲ ਕਰ ਦਿੱਤਾ ਸੀ।
ਹਥਿਆਰਾਂ ਦੀ ਬਰਾਮਦਗੀ ਬਾਕੀ
ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਕਿ ਮੋਹਾਲੀ ਕਤਲ ਕੇਸ ਵਿਚ ਇਸ ਵਲੋਂ ਵਰਤੇ ਗਏ ਹਥਿਆਰਾਂ ਦੀ ਬਰਾਮਦਗੀ ਕੀਤੀ ਜਾ ਸਕੇ।
ਕੋਰੋਨਾ ਵਾਇਰਸ ਤੋਂ ਡਰਿਆ 'ਅਕਾਲੀ ਦਲ', ਰੈਲੀਆਂ ਸਬੰਧੀ ਲਿਆ ਵੱਡਾ ਫੈਸਲਾ
NEXT STORY