ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤੀਜੀ ਵਾਰ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ। ਅੱਜ ਤੇਜਾ ਸਿੰਘ ਸਮੁੰਦਰੀ ਹਾਲ 'ਚ ਅਕਾਲੀ ਦਲ ਦਾ ਵਿਸ਼ਾਲ ਡੈਲੀਗੇਟ ਇਜਲਾਸ ਹੋਇਆ। ਇਸ ਦੌਰਾਨ ਸਾਬਕਾ ਮੰਤਰੀ ਜਥੇ. ਤੋਤਾ ਸਿੰਘ ਨੇ ਸੁਖਬੀਰ ਬਾਦਲ ਦੇ ਨਾਂ ਦੀ ਤਜਵੀਜ਼ ਪੇਸ਼ ਕੀਤੀ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਤਾਈਦ ਅਤੇ ਜਗਮੀਤ ਸਿੰਘ ਬਰਾੜ ਨੇ ਤਾਈਦ ਮਜੀਦ ਕੀਤੀ। ਇਸ ਤੋਂ ਬਾਅਦ ਸਾਬਕਾ ਮੰਤਰੀ ਬਲਵਿੰਦਰ ਸਿੰਘ ਭੂੰਦੜ ਨੇ ਸੁਖਬੀਰ ਸਿੰਘ ਬਾਦਲ ਨੂੰ ਲੋਕਤੰਤਰਿਕ ਢੰਗ ਨਾਲ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਮੈਨੂੰ ਤੀਜੀ ਵਾਰ ਪ੍ਰਧਾਨ ਥਾਪ ਕੇ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਮੈਂ ਬਾਖੂਬੀ ਨਿਭਾਉਂਦਾ ਹੋਇਆ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਲੋੜ ਪਈ ਤਾਂ ਆਪਣੀ ਜਾਨ ਵੀ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟਾਂਗਾ। ਬਾਦਲ ਨੇ ਟਕਸਾਲੀ ਦਲ ਬਣਾਉਣ ਵਾਲਿਆਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਟਕਸਾਲੀ ਉਹ ਨਹੀਂ ਹੁੰਦੇ, ਜਿਹੜੇ ਔਖੇ ਵੇਲੇ ਪਾਰਟੀ ਨਾਲ ਗੱਦਾਰੀ ਕਰ ਕੇ ਛੱਡ ਜਾਣ, ਸਗੋਂ ਅਸਲ ਟਕਸਾਲੀ ਉਹ ਹੁੰਦੇ ਹਨ, ਜੋ ਆਖਰੀ ਸਾਹ ਤੱਕ ਪਾਰਟੀ ਨਾਲ ਜੁੜੇ ਰਹਿਣ।
ਇਸ ਦੌਰਾਨ ਬਾਦਲ ਨੇ ਕਿਹਾ ਕਿ ਹੁਣ ਸਾਡਾ ਅਗਲਾ ਨਿਸ਼ਾਨਾ 2022 ਦੀਆਂ ਚੋਣਾਂਂ ਹਨ ਕਿਉਂਕਿ ਪੰਜਾਬ ਤੇ ਪੰਜਾਬ ਵਾਸੀਆਂ ਦੀ ਭਲਾਈ ਲਈ ਅਕਾਲੀ ਦਲ ਦੀ ਸਰਕਾਰ ਬਣਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੇ ਕੈਪਟਨ ਸਰਕਾਰ ਬਣਨ ਤੋਂ ਬਾਅਦ ਆਪ ਤਾਂ ਕੁਝ ਕੀਤਾ ਨਹੀਂ ਪਰ ਸਾਡੇ ਕੀਤੇ ਇਤਿਹਾਸਕ ਕੰਮਾਂ ਨੂੰ ਉਹ ਚਿੱਟਾ ਹਾਥੀ ਦੱਸਦੇ ਹਨ। ਅੱਜ ਉਨ੍ਹਾਂ ਕੰਮਾਂ ਸਦਕਾ ਹੀ ਕਾਂਗਰਸੀ ਲੀਡਰ ਟਰਾਫੀਆਂ ਤੇ ਸਨਮਾਨ ਹਾਸਲ ਕਰ ਰਹੇ ਹਨ।ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਮਨਾਉਂਦਿਆਂ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਆਰੰਭ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪ੍ਰਸਿੱਧ ਰਾਗੀ ਜਥਿਆਂ ਨੇ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ।

ਸ਼੍ਰੋਮਣੀ ਅਕਾਲੀ ਦਲ ਦੇ ਸਮੇਂ-ਸਮੇਂ 'ਤੇ ਚੁਣੇ ਗਏ ਪ੍ਰਧਾਨ
| 1. ਸੁਰਮੁਖ ਸਿੰਘ ਝਬਾਲ |
12. ਹੁਕਮ ਸਿੰਘ |
| 2. ਬਾਬਾ ਖੜਕ ਸਿੰਘ |
13. ਸੰਤ ਫਤਹਿ ਸਿੰਘ |
| 3. ਕਰਮ ਸਿੰਘ ਬੱਸੀ |
14. ਅੱਛਰ ਸਿੰਘ |
| 4. ਮਾਸਟਰ ਤਾਰਾ ਸਿੰਘ |
15. ਭੁਪਿੰਦਰ ਸਿੰਘ |
| 5. ਗੋਪਾਲ ਸਿੰਘ ਕੌਮੀ |
16. ਮੋਹਨ ਸਿੰਘ ਤੁੜ |
| 6. ਤਾਰਾ ਸਿੰਘ |
17. ਜਗਦੇਵ ਸਿੰਘ ਤਲਵੰਡੀ |
| 7. ਤੇਜਾ ਸਿੰਘ |
18. ਹਰਚੰਦ ਸਿੰਘ ਲੌਂਗੋਵਾਲ |
| 8. ਬਾਬੂ ਲਾਭ ਸਿੰਘ |
19. ਸੁਰਜੀਤ ਸਿੰਘ ਬਰਨਾਲਾ |
| 9. ਊਧਮ ਸਿੰਘ ਨਾਗੋਕੇ |
20. ਸਿਮਰਜੀਤ ਸਿੰਘ ਮਾਨ |
| 10. ਗਿਆਨੀ ਕਰਤਾਰ ਸਿੰਘ |
21. ਪ੍ਰਕਾਸ਼ ਸਿੰਘ ਬਾਦਲ |
| 11. ਪ੍ਰੀਤਮ ਸਿੰਘ ਗੋਜਰਾਂ |
22. ਸੁਖਬੀਰ ਸਿੰਘ ਬਾਦਲ
|
ਗੜ੍ਹਸ਼ੰਕਰ: ਨੌਜਵਾਨ ਦੇ ਕਤਲ ਦਾ ਮਾਮਲਾ ਭਖਿਆ, ਪਰਿਵਾਰ ਨੇ ਨਹੀਂ ਕੀਤਾ ਸਸਕਾਰ
NEXT STORY