ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਇਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਹਾਵਡ਼ਾ ਐਕਸਪ੍ਰੈੱਸ ਰੇਲ ਗੱਡੀ ਦੇ ਟਾਇਲਟ ’ਚੋਂ ਸਿਰਫ਼ ਇਕ ਦਿਨ ਦਾ ਬੱਚਾ ਮਿਲਣ ਨਾਲ ਹਡ਼ਕੰਪ ਮਚ ਗਿਆ। ਇਸ ਦੌਰਾਨ ਉਥੇ ਰੇਲਵੇ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਥਾਣਾ ਜੀ. ਆਰ. ਪੀ. ਤੇ ਆਰ. ਪੀ. ਐੱਫ. ਦੇ ਅਧਿਕਾਰੀ ਤੁਰੰਤ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਘਟਨਾ ਨੇ ਮਮਤਾ ਦੀ ਮੂਰਤ ਕਹੀ ਜਾਣ ਵਾਲੀ ਮਾਂ ਨੂੰ ਵੀ ਕਈ ਤਰ੍ਹਾਂ ਦੇ ਸਵਾਲਾਂ ’ਚ ਖਡ਼੍ਹਾ ਕਰ ਦਿੱਤਾ ਹੈ।
ਪਤਾ ਲੱਗਾ ਹੈ ਕਿ ਜਦੋਂ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਉਕਤ ਰੇਲ ਗੱਡੀ ਰੁਕੀ ਤਾਂ ਕੁਝ ਹੀ ਦੇਰ ਬਾਅਦ ਰੇਲ ਗੱਡੀ ਦੀ ਸਾਫ਼-ਸਫਾਈ ਕਰਨ ਵਾਲੇ ਕਰਮਚਾਰੀ ਕੰਮ ਕਰਨ ਲੱਗੇ। ਇਸ ਦੌਰਾਨ ਟਾਇਲਟ ਸਾਫ਼ ਕਰਨ ਵਾਲੇ ਇਕ ਨੌਜਵਾਨ ਨੇ ਜਦੋਂ ਟਾਇਲਟ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੇ ਇਕ ਬੱਚੇ ਦੀ ਕਿਲਕਾਰੀ ਸੁਣੀ। ਇਸ ਦੌਰਾਨ ਜਦੋਂ ਉਸ ਨੇ ਇਕ ਛੋਟੇ ਜਿਹੇ ਬੱਚੇ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਉਸ ਨੇ ਤੁਰੰਤ ਇਸ ਬਾਰੇ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਕੁਝ ਪੁਲਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਜਾਂਚ ’ਚ ਉਕਤ ਬੱਚਾ ਸਿਰਫ ਇਕ ਦਿਨ ਦਾ ਹੈ। ਇਸ ਤੋਂ ਬਾਅਦ ਪੁਲਸ ਨੇ ਗੰਭੀਰਤਾ ਨਾਲ ਛਾਣਬੀਣ ਸ਼ੁਰੂ ਕਰ ਦਿੱਤੀ ਤੇ ਬੱਚੇ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।
ਦੂਜੇ ਪਾਸੇ ਪਤਾ ਲੱਗਾ ਹੈ ਕਿ ਉਕਤ ਬੱਚੇ ਨੂੰ ਗੋਦ ਲੈਣ ਦੇ ਕੁਝ ਚਾਹਵਾਨ ਲੋਕ ਵੀ ਹਸਪਤਾਲ ਪੁੱਜ ਚੁੱਕੇ ਹਨ। ਸਮਾਚਾਰ ਲਿਖੇ ਜਾਣ ਤੱਕ ਪੁਲਸ ਜਿਥੇ ਇਸ ਮਾਮਲੇ ਦੀ ਤੈਅ ਤੱਕ ਪੁੱਜਣ ਲਈ ਕਾਰਵਾਈ ਕਰ ਰਹੀ ਸੀ, ਉਥੇ ਹੀ ਹਸਪਤਾਲ ਪ੍ਰਸ਼ਾਸਨ ਉਕਤ ਬੱਚੇ ਦੀ ਸਾਂਭ-ਸੰਭਾਲ ਵਿਚ ਜੁਟਿਆ ਹੋਇਆ ਸੀ।
ਰਾਜੀਵ ਗਾਂਧੀ ਨੇ ਕਰਵਾਇਆ 1984 ਸਿੱਖ ਕਤਲੇਆਮ: ਬਾਦਲ
NEXT STORY