ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਪੰਜਾਬ 'ਚ ਦਿਨੋ-ਦਿਨ ਵੱਧ ਰਹੇ ਹਾਦਸਿਆਂ ਦੇ ਵੱਖ-ਵੱਖ ਕਾਰਨਾਂ 'ਚੋਂ ਇਕ ਵੱਡਾ ਕਾਰਨ ਪੰਜਾਬ ਦੀਆਂ ਨਹਿਰਾਂ, ਕੱਸੀਆਂ ਅਤੇ ਡਰੇਨਾਂ ਦੇ 'ਘੋਨੇ' ਪੁਲ ਬਣ ਰਹੇ ਹਨ। ਮੋਗਾ ਜ਼ਿਲੇ 'ਚ ਇਨ੍ਹਾਂ ਪੁਲਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ, ਹੈਰਾਨੀ ਜਨਕ ਪਹਿਲੂ ਤਾਂ ਇਹ ਹੈ ਕਿ ਇਨ੍ਹਾਂ ਪੁਲਾਂ ਦੇ 'ਆਲੇ-ਦੁਆਲੇ' ਕੰਧਾਂ ਕਰਨ ਲਈ ਕਈ ਦਫਾ ਮਾਮਲਾ ਸਮਾਜਕ ਸੰਗਠਨਾਂ, ਪਿੰਡਾਂ ਦੀਆਂ ਪੰਚਾਇਤਾਂ ਤੇ ਹੋਰ ਮੋਹਤਬਰਾਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਤੱਕ ਪਹੁੰਚਾਇਆ ਹੈ ਪਰ ਹਾਲੇ ਤੱਕ ਮਨੁੱਖੀ ਜਾਨਾਂ ਦਾ ਖੌਅ ਬਣੇ ਇਨ੍ਹਾਂ 'ਘੋਨੇ' ਪੁਲਾਂ ਕਰ ਕੇ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸਰਕਾਰੀ ਤੌਰ 'ਤੇ ਲੋੜੀਂਦੇ ਕਦਮ ਨਹੀਂ ਚੁੱਕੇ ਗਏ, ਜਿਸ ਕਰ ਕੇ ਇਹ ਵਰਤਾਰਾ ਘਟਣ ਦੀ ਬਜਾਏ ਵੱਧਦਾ ਜਾ ਰਿਹਾ ਹੈ।
'ਜਗ ਬਾਣੀ' ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ 'ਘੋਨੇ' ਪੁਲਾਂ ਦੇ ਨਾਲ-ਨਾਲ ਇਨ੍ਹਾਂ 'ਚੋਂ ਕੁਝ ਪੁਲ ਅਜਿਹੇ ਵੀ ਹਨ, ਜਿਨ੍ਹਾਂ ਦੀ ਮਿਆਦ ਲੰਘ ਚੁੱਕੀ ਹੈ। ਪਿੰਡ ਰਣੀਆਂ ਦੇ ਨੌਜਵਾਨ ਅਤੇ ਐੱਸ. ਸੀ. ਵਿੰਗ ਜ਼ਿਲਾ ਮੋਗਾ ਦੇ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਰਣੀਆਂ ਨੇ ਦੱਸਿਆ ਕਿ ਪਿੰਡ ਰਣੀਆਂ ਤੋਂ ਰਾਊਕੇ ਕਲਾਂ ਨੂੰ ਜਾਂਦੀ ਲਿੰਕ ਸੜਕ 'ਤੇ ਪੈਂਦੀ ਅਬੋਹਰ ਬ੍ਰਾਂਚ ਨਹਿਰ 'ਤੇ ਬੇਹੱਦ ਪੁਰਾਣਾ ਬਣਿਆ ਦੋਪਹੀਆ ਵਾਹਨਾਂ ਦੇ ਲੰਘਣ ਵਾਲਾ ਛੋਟਾ ਪੁਲ ਮਿਆਦ ਪੁਗਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਜਿਨ੍ਹਾਂ ਲੋਕਾਂ ਨੂੰ ਇਸ ਪੁਲ ਦੀ ਮਾੜੀ ਹਾਲਤ ਸਬੰਧੀ ਪਤਾ ਹੈ ਉਹ ਤਾਂ ਵੱਡੇ ਪੁਲ ਉਪਰੋਂ ਹੀ ਲੰਘਦੇ ਹਨ ਪਰ ਫਿਰ ਵੀ ਅਚਾਨਕ ਕੋਈ ਦੋਪਹੀਆ ਵਾਹਨ ਚਾਲਕ ਜਾਂ ਤੁਰਨ ਵਾਲਾ ਵਿਅਕਤੀ ਇਸ ਪੁਲ ਤੋਂ ਲੰਘ ਜਾਂਦਾ ਹੈ, ਜਿਸ ਕਰ ਕੇ ਇਹ ਪੁਲ ਕਦੇ ਵੀ ਕਿਸੇ ਮਨੁੱਖੀ ਜਾਨ ਲਈ ਘਾਤਕ ਬਣ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਬਾਬੇ ਆਦਮ ਦੇ ਦੌਰ ਵੇਲੇ ਬਣੇ ਇਸ ਪੁਲ ਦੀ ਸਾਰ ਲਈ ਜਾਵੇ।
ਪਿੰਡ ਲੋਪੋਂ ਨੇੜਿਓਂ ਲੰਘਦੀ ਡਰੇਨ 'ਤੇ ਇਕ ਪਾਸੇ ਦੀ ਰੇਲਿੰਗ ਟੁੱਟੀ ਹੋਣ ਦੀ ਸਮੱਸਿਆ ਵਰ੍ਹਿਆਂ ਪੁਰਾਣੀ ਹੈ। ਪਿੰਡ ਦੇ ਨੌਜਵਾਨ ਅਰਮੇਜ ਸਿੰਘ ਲੋਪੋਂ ਦਾ ਕਹਿਣਾ ਸੀ ਕਿ ਟੁੱਟੀ ਰੇਲਿੰਗ ਕਾਰਨ ਕਿਸੇ ਵੇਲੇ ਵੀ ਕੋਈ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਦੀਆਂ ਦੌਰਾਨ ਪੈਂਦੀ 'ਧੁੰਦ' ਵਿਚ ਇਸ ਪੁਲ ਤੋਂ ਲੰਘਣ ਵਾਲਾ ਕੋਈ ਅਣਜਾਣ ਵਿਅਕਤੀ ਆਪਣੇ ਸਰੀਰ ਲਈ ਖਤਰਾ ਖੜ੍ਹਾ ਕਰ ਸਕਦਾ ਹੈ। ਉਨ੍ਹਾਂ ਆਖਿਆ ਕਿ ਇਸ ਪੁਲ 'ਤੇ ਪੱਕੀ ਰੇਲਿੰਗ ਬਣਾਉਣੀ ਜ਼ਰੂਰੀ ਹੋ ਗਈ ਹੈ। ਜ਼ਿਲੇ ਦੀ ਸਬ-ਡਵੀਜ਼ਨ ਧਰਮਕੋਟ ਅਧੀਨ ਪੈਂਦੇ ਵੱਡੇ ਪਿੰਡ ਭਿੰਡਰ ਕਲਾਂ ਵਿਚੋਂ ਲੰਘਦੀ ਨਹਿਰ ਦੀ ਕੱਸੀ ਦੇ ਦੋਵਾਂ ਪਾਸੇ ਰੇਲਿੰਗ ਨਹੀਂ ਹੈ। ਪਿੰਡ ਦੇ ਨੌਜਵਾਨ ਕੁਲਵਿੰਦਰ ਸਿੰਘ ਮਾਨ ਦਾ ਕਹਿਣਾ ਸੀ ਕਿ ਕੱਸੀ ਤਾਂ ਰੇਲਿੰਗ ਨਾ ਹੋਣ ਕਰ ਕੇ ਪਿਛਲੇ ਸਾਲਾਂ ਦੌਰਾਨ ਹਾਦਸੇ ਵੀ ਵਾਪਰ ਚੁੱਕੇ ਹਨ ਪਰ ਵਿਭਾਗ ਦੀ ਅੱਖ ਫਿਰ ਵੀ ਨਹੀਂ ਖੁੱਲ੍ਹੀ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਇਸ ਪੁਲ ਵਾਲੇ ਰਸਤਿਓਂ ਹੀ ਆਪਣੀ ਮੰਜ਼ਿਲ 'ਤੇ ਪਹੁੰਚਦੇ ਹਨ ਪਰ ਫਿਰ ਲੋਕਾਂ ਦੀ ਇੰਨੀ ਆਵਾਜਾਈ ਨੂੰ ਧਿਆਨ 'ਚ ਰੱਖਦੇ ਹੋਏ ਵੀ ਵਿਭਾਗ ਨੇ ਇਸ ਪਾਸੇ ਗੌਰ ਨਹੀਂ ਕੀਤੀ।
1 ਜੂਨ ਨੂੰ ਬਰਗਾੜੀ 'ਚ ਸਰਬੱਤ ਖਾਲਸਾ ਦੀ ਤਰਜ਼ 'ਤੇ ਹੋਵੇਗਾ ਇਕੱਠ : ਮੁਤਵਾਜੀ ਜਥੇਦਾਰ
NEXT STORY