ਜਲੰਧਰ (ਚਾਵਲਾ) - ਭਾਰਤੀ ਸੰਸਦ ਵੱਲੋਂ ਅਨੰਦ ਮੈਰਿਜ ਐਕਟ 2012 ਪਾਸ ਕੀਤੇ ਜਾਣ ਅਤੇ ਇਸ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ 14 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਲਾਗੂ ਕੀਤੇ ਜਾਣ ਤੋਂ ਬਾਅਦ ਹੁਣ ਪਾਕਿਸਤਾਨ ਵਿਚ ਵੀ ਭਾਰਤੀ ਐਕਟ ਦੀ ਤਰਜ਼ 'ਤੇ ਅਨੰਦ ਮੈਰਿਜ ਐਕਟ ਬਣਾਉਣ ਲਈ ਚਾਰਾਜੋਈ ਸ਼ੁਰੂ ਹੋ ਗਈ ਹੈ ਤਾਂ ਕਿ ਪਾਕਿਸਤਾਨ ਵਿਚ ਰਹਿੰਦੇ ਸਿੱਖ ਵੀ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਇਸ ਐਕਟ ਤਹਿਤ ਕਰਵਾ ਸਕਣ। ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਾਕਿਤਸਾਨੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਮੇਸ਼ ਸਿੰਘ ਅਰੋੜਾ ਨੇ ਇਸ ਸਬੰਧੀ ਸੂਬਾਈ ਵਿਧਾਨ ਸਭਾ ਵਿਚ ਇਕ ਬਿੱਲ ਪੇਸ਼ ਕੀਤਾ ਹੈ, ਜਿਸ ਨੂੰ ਵਿਧਾਨ ਸਭਾ ਦੇ ਸਪੀਕਰ ਨੇ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਹੈ ਤਾਂ ਕਿ ਬਿੱਲ ਦਾ ਖਰੜਾ ਤਿਆਰ ਕੀਤਾ ਜਾ ਸਕੇ। ਸਿਰਸਾ ਨੇ ਦੱਸਿਆ ਕਿ ਟੈਲੀਫੋਨ 'ਤੇ ਹੋਈ ਗੱਲਬਾਤ ਦੌਰਾਨ ਰਮੇਸ਼ ਸਿੰਘ ਅਰੋੜਾ ਨੇ ਇਸ ਬਾਬਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਹਿਯੋਗ ਵੀ ਮੰਗਿਆ ਹੈ ਤੇ ਭਾਰਤ ਵਿਚ ਪਾਸ ਕੀਤੇ ਬਿੱਲ ਦੀ ਕਾਪੀ ਵੀ ਮੰਗੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅਰੋੜਾ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਨੂੰ ਭਾਰਤ ਵਿਚ ਸਿੱਖਾਂ ਦੀਆਂ ਇਨ੍ਹਾਂ ਚੁਣੀਆਂ ਹੋਈਆਂ ਦੋਵਾਂ ਸੰਸਥਾਵਾਂ ਤੋਂ ਸਹਿਯੋਗ ਤਾਂ ਮਿਲੇਗਾ ਹੀ ਬਲਕਿ ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਹੈ ਕਿ ਜੇਕਰ ਰਹਿਤ-ਮਰਿਆਦਾ ਦੇ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਸਪੱਸ਼ਟੀਕਰਨ ਲੋੜੀਂਦਾ ਹੋਇਆ ਤਾਂ ਉਹ ਨਿੱਜੀ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਨਗੇ ਕਿ ਉਹ ਇਸ ਬਾਬਤ ਮਾਰਗਦਰਸ਼ਨ ਕਰਨ ਤਾਂ ਕਿ ਇਹ ਐਕਟ ਸਿੱਖੀ ਰਹਿਤ ਮਰਿਆਦਾ ਨੂੰ ਧਿਆਨ ਵਿਚ ਰੱਖਦਿਆਂ ਪਾਕਿਸਤਾਨ ਵਿਚ ਤਿਆਰ ਕੀਤਾ ਜਾ ਸਕੇ।
ਸੀਵਰੇਜ ਦਾ ਓਵਰਫਲੋਅ ਪਾਣੀ ਸੜਕ 'ਤੇ ਫੈਲਿਆ
NEXT STORY