ਮੁਕੇਰੀਆਂ, (ਨਾਗਲਾ, ਬਲਬੀਰ, ਜੱਜ)- ਪਟਿਆਲਾ ਵਿਖੇ ਸ਼ਾਂਤਮਈ ਢੰਗ ਨਾਲ ਪੰਜਾਬ ਸਰਕਾਰ ਦੇ ਫੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੀਆਂ ਆਂਗਣਵਾੜੀ ਵਰਕਰਾਂ 'ਤੇ ਪੁਲਸ ਵੱਲੋਂ ਲਾਠੀਚਾਰਜ ਕਰਨ ਦੇ ਵਿਰੋਧ 'ਚ ਅੱਜ ਆਂਗਣਵਾੜੀ ਵਰਕਰਜ਼ ਯੂਨੀਅਨ ਸੀਟੂ ਬਲਾਕ ਮੁਕੇਰੀਆਂ ਵੱਲੋਂ ਸਥਾਨਕ ਸਿਵਲ ਹਸਪਤਾਲ ਸਾਹਮਣੇ ਰਾਸ਼ਟਰੀ ਰਾਜ ਮਾਰਗ 'ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਤੋਂ ਪਹਿਲਾਂ ਸਥਾਨਕ ਸ਼ੀਤਲਾ ਮੰਦਰ ਵਿਖੇ ਆਯੋਜਿਤ ਰੋਸ ਰੈਲੀ ਦੌਰਾਨ ਪ੍ਰਧਾਨ ਸਰਵਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਕੌਰ, ਜਨਰਲ ਸਕੱਤਰ ਪਦਮਾ ਦੇਵੀ, ਸੀ. ਪੀ. ਆਈ. (ਐੱਮ) ਦੇ ਤਹਿਸੀਲ ਸਕੱਤਰ ਆਸ਼ਾ ਨੰਦ, ਕਿਸਾਨ ਆਗੂ ਅਸ਼ੋਕ ਕੁਮਾਰ ਆਦਿ ਨੇ ਆਪਣੇ ਸੰਬੋਧਨ ਦੌਰਾਨ ਪ੍ਰੀ-ਨਰਸਰੀ ਕਲਾਸਾਂ ਸਕੂਲਾਂ 'ਚ ਸ਼ੁਰੂ ਕਰਨ ਸਬੰਧੀ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਰੋਜ਼ਗਾਰ 'ਤੇ ਲੱਗੀਆਂ ਹਜ਼ਾਰਾਂ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਬੇਰੋਜ਼ਗਾਰ ਹੋ ਜਾਣਗੀਆਂ।
ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਜੇਕਰ ਬਿਨਾਂ ਦੇਰੀ ਸੂਬਾ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਅਤੇ ਗ੍ਰਿਫ਼ਤਾਰ ਕੀਤੀਆਂ ਗਈਆਂ ਵਰਕਰਜ਼ ਤੇ ਹੈਲਪਰਜ਼ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਸੂਬੇ ਭਰ 'ਚ ਤਿੱਖਾ ਸੰਘਰਸ਼ ਵਿੱਢਣ ਨੂੰ ਮਜਬੂਰ ਹੋਣਗੀਆਂ। ਉਪਰੰਤ ਆਂਗਣਵਾੜੀ ਵਰਕਰਜ਼ ਇਕ ਜਲੂਸ ਦੀ ਸ਼ਕਲ 'ਚ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੀਆਂ ਹੋਈਆਂ ਸਥਾਨਕ ਸਿਵਲ ਹਸਪਤਾਲ ਚੌਕ ਪਹੁੰਚੀਆਂ, ਜਿੱਥੇ ਉਨ੍ਹਾਂ ਪਿੱਟ-ਸਿਆਪਾ ਕਰਦੇ ਹੋਏ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।
ਜ਼ਿਲਾ ਟ੍ਰੈਫਿਕ ਇੰਚਾਰਜ ਵੱਲੋਂ ਸਕੂਲ ਬੱਸਾਂ ਦੀ ਜਾਂਚ
NEXT STORY