ਜਲੰਧਰ (ਵੈਬ ਡੈਸਕ) : ਭਾਰਤ ਚੋਣ ਕਮਿਸ਼ਨ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਅਨਿੰਦਿਤਾ ਮਿੱਤਰਾ ਆਈ.ਏ.ਐੱਸ. ਨੂੰ ਪੰਜਾਬ ਦਾ ਨਵਾਂ ਮੁੱਖ ਚੋਣ ਅਧਿਕਾਰੀ ਨਿਯੁਕਤ ਕੀਤਾ ਹੈ। ਚੋਣ ਕਮਿਸ਼ਨ ਵੱਲੋਂ ਅੱਜ ਜਾਰੀ ਕੀਤੀ ਗਈ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ, ਉਹ ਸ੍ਰੀ ਸਿਬਿਨ ਸੀ. ਆਈ. ਏ. ਐੱਸ. ਦੀ ਥਾਂ ਇਹ ਅਹੁਦਾ ਸੰਭਾਲਣਗੇ।
ਚੋਣ ਕਮਿਸ਼ਨ ਦੇ ਪ੍ਰਧਾਨ ਸਕੱਤਰ ਰਾਹੁਲ ਸ਼ਰਮਾ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਭੇਜੇ ਪੱਤਰ ਵਿੱਚ ਹਦਾਇਤ ਕੀਤੀ ਹੈ ਕਿ ਅਨਿੰਦਿਤਾ ਮਿੱਤਰਾ ਆਪਣਾ ਅਹੁਦਾ ਤੁਰੰਤ ਪ੍ਰਭਾਵ ਨਾਲ ਸੰਭਾਲਣ। ਕਮਿਸ਼ਨ ਨੇ ਇਸ ਨਿਯੁਕਤੀ ਬਾਰੇ ਪਾਲਣਾ ਰਿਪੋਰਟ ਇੱਕ ਹਫ਼ਤੇ ਦੇ ਅੰਦਰ ਭੇਜਣ ਦੇ ਨਿਰਦੇਸ਼ ਵੀ ਦਿੱਤੇ ਹਨ। ਨਿਯੁਕਤੀ ਦੀਆਂ ਸ਼ਰਤਾਂ ਤਹਿਤ, ਉਨ੍ਹਾਂ ਨੂੰ ਪੰਜਾਬ ਸਰਕਾਰ ਅਧੀਨ ਮੌਜੂਦਾ ਸਾਰੀਆਂ ਜ਼ਿੰਮੇਵਾਰੀਆਂ ਅਤੇ ਚਾਰਜਾਂ ਨੂੰ ਤੁਰੰਤ ਛੱਡਣਾ ਹੋਵੇਗਾ।
ਨੋਟੀਫਿਕੇਸ਼ਨ ਮੁਤਾਬਕ, ਮੁੱਖ ਚੋਣ ਅਧਿਕਾਰੀ ਵਜੋਂ ਕੰਮ ਕਰਦਿਆਂ ਅਨਿੰਦਿਤਾ ਮਿੱਤਰਾ ਪੰਜਾਬ ਸਰਕਾਰ ਦੇ ਅਧੀਨ ਕੋਈ ਹੋਰ ਵਾਧੂ ਚਾਰਜ ਨਹੀਂ ਲੈ ਸਕਣਗੇ। ਹਾਲਾਂਕਿ, ਉਨ੍ਹਾਂ ਨੂੰ ਸੂਬਾ ਸਕੱਤਰੇਤ ਵਿੱਚ ਚੋਣ ਵਿਭਾਗ ਦੇ ਇੰਚਾਰਜ ਸਰਕਾਰ ਦੇ ਸਕੱਤਰ ਵਜੋਂ ਨਾਮਜ਼ਦ ਕੀਤਾ ਜਾਵੇਗਾ।
ਇਹ ਨਿਯੁਕਤੀ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਤਿੰਨ ਆਈ. ਏ. ਐੱਸ. ਅਧਿਕਾਰੀਆਂ ਦੇ ਪੈਨਲ 'ਤੇ ਵਿਚਾਰ ਕਰਨ ਤੋਂ ਬਾਅਦ, ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 13-ਏ (1) ਤਹਿਤ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਇਸ ਸਬੰਧੀ ਨੋਟੀਫਿਕੇਸ਼ਨ ਨੂੰ ਪੰਜਾਬ ਸਟੇਟ ਗਜ਼ਟ ਦੇ ਅਗਲੇ ਅੰਕ ਵਿੱਚ ਪ੍ਰਕਾਸ਼ਿਤ ਕਰਨ ਲਈ ਵੀ ਕਿਹਾ ਹੈ।
ਦੇਸ਼ ਦੀ ਸੁਰੱਖਿਆ ਨੂੰ ਸੰਨ੍ਹ ਲਾਉਣ ਵਾਲੀ ISI ਦੀ ਸਾਜ਼ਿਸ਼ ਦਾ ਕਿਵੇਂ ਹੋਇਆ ਖ਼ੁਲਾਸਾ? DIG ਚਾਹਲ ਨਾਲ ਖਾਸ ਗੱਲਬਾਤ
NEXT STORY