ਲੁਧਿਆਣਾ (ਮਹੇਸ਼) : 5 ਸਾਲ ਦੇ ਅੰਸ਼ ਕਨੌਜੀਆ ਦਾ ਕਤਲ ਕਰਨ ਵਾਲੀ ਕੋਈ ਹੋਰ ਨਹੀਂ, ਸਗੋਂ ਉਸ ਦੀ ਵੱਡੀ ਭੈਣ ਹੀ ਨਿਕਲੀ। ਇਸ ਕਾਂਡ ਨੂੰ ਰੇਣੂ ਕਨੌਜੀਆ ਨੇ ਇਕੱਲੇ ਹੀ ਅੰਜਾਮ ਦਿੱਤਾ। ਅੰਸ਼ ਉਸ ਦੇ ਰਾਜ਼ ਜਾਣ ਗਿਆ ਸੀ ਅਤੇ ਉਸ ਦੀ ਜ਼ਿੱਦਬਾਜ਼ੀ ਤੋਂ ਵੀ ਕਾਫੀ ਪਰੇਸ਼ਾਨ ਸੀ। ਏ. ਡੀ. ਸੀ. ਪੀ. ਰਾਜਵੀਰ ਸਿੰਘ ਬੋਪਾਰਾਏ ਅਤੇ ਏ. ਸੀ. ਪੀ. ਪਵਨਜੀਤ ਚੌਧਰੀ ਨੇ ਮੰਗਲਵਾਰ ਨੂੰ ਬੁਲਾਈ ਗਈ ਪ੍ਰੈੱਸ ਕਾਨਫਰੰਸ ਵਿਚ ਉਪਰੋਕਤ ਦਾਅਵਾ ਪੇਸ਼ ਕਰਦਿਆਂ ਕਿਹਾ ਕਿ ਰੇਣੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਉਸ ਦਾ ਅਪਰਾਧ ਸਾਬਤ ਕਰਨ ਲਈ ਪੁਲਸ ਦੇ ਕੋਲ ਠੋਸ ਆਧਾਰ ਅਤੇ ਸਬੂਤ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਤੋਂ ਪੁਲਸ ਨੂੰ ਸ਼ੱਕ ਸੀ ਕਿ ਇਸ ਮਾਮਲੇ 'ਚ ਕਿਸੇ ਪਰਿਵਾਰਕ ਮੈਂਬਰ ਦਾ ਹੱਥ ਹੈ। ਰੇਣੂ ਹੀ ਸਭ ਤੋਂ ਵੱਡੀ ਸੀ, ਜਿਸ ਨੇ ਅੰਸ਼ ਦੇ ਲਾਪਤਾ ਹੋਣ ਦੀ ਗੱਲ ਆਪਣੇ ਪਰਿਵਾਰ ਵਾਲਿਆਂ ਨੂੰ ਕਹੀ ਅਤੇ ਉਸ ਨੇ ਘਰ ਦੇ ਬਾਹਰ ਬੋਰੀ ਨੂੰ ਦੇਖ ਕੇ ਰੌਲਾ ਪਾਇਆ ਸੀ।
ਇਹ ਦੋਵੇਂ ਗੱਲਾਂ ਇਤਫਾਕ ਨਹੀਂ ਹੋ ਸਕਦੀਆਂ। ਇਹ ਸਵਾਲ ਵੀ ਹੈ ਕਿ ਉਹ ਸਵੇਰੇ ਉੱਠ ਕੇ ਬਾਹਰ ਕਿਉਂ ਗਈ। ਇਸ ਤੋਂ ਇਲਾਵਾ ਜਿਸ ਕਣਕ ਦੀ ਬੋਰੀ 'ਚ ਅੰਸ਼ ਦੀ ਲਾਸ਼ ਮਿਲੀ, ਉਸ ਦੇ ਨਾਲ ਦੀਆਂ 4 ਬੋਰੀਆਂ ਘਰ ਦੇ ਅੰਦਰ ਸਨ। ਪੁਲਸ ਨੂੰ ਇਹ ਸਵਾਲ ਵੀ ਖੜਕ ਰਿਹਾ ਸੀ ਕਿ ਆਖਰ ਅੰਸ਼ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਨਗਨ ਅਵਸਥਾ 'ਚ ਬੋਰੀ 'ਚ ਪਾ ਕੇ ਉਸ ਦੇ ਘਰ ਦੇ ਬਾਹਰ ਹੀ ਕਿਉਂ ਸੁੱਟਿਆ ਗਿਆ, ਜਦੋਂ ਕਿ ਆਸ-ਪਾਸ ਕਾਫੀ ਸੁੰਨਸਾਨ ਜਗ੍ਹਾ ਅਤੇ ਝਾੜੀਆਂ ਨਾਲ ਭਰਿਆ ਇਲਾਕਾ ਹੈ। ਸਰਕਾਰੀ ਕਣਕ ਦੀ ਬੋਰੀ ਨੂੰ ਲੈ ਕੇ ਪੁਲਸ ਨੇ ਜਦ ਡਿਪੂ ਹੋਲਡਰ ਤੋਂ ਹਕੀਕਤ ਪਤਾ ਕੀਤੀ ਤਾਂ ਉਸ ਨੇ ਦੱਸਿਆ ਕਿ ਇਸ ਸੀਰੀਅਲ ਦੀਆਂ ਕਣਕ ਦੀਆਂ ਭਰੀਆਂ 5 ਬੋਰੀਆਂ ਕਨੌਜੀਆ ਪਰਿਵਾਰ ਨੂੰ ਸਪਲਾਈ ਕੀਤੀਆਂ ਗਈਆਂ ਸੀ, ਜਿਸ ਬੋਰੀ 'ਚ ਅੰਸ਼ ਦੀ ਲਾਸ਼ ਮਿਲੀ। ਉਹ ਬੋਰੀ ਇਨ੍ਹਾਂ ਪੰਜ ਬੋਰੀਆਂ 'ਚੋਂ ਇਕ ਸੀ।
ਚਾਰੇ ਪਾਸੇ ਘੁੰਮ ਫਿਰ ਕੇ ਸ਼ੱਕ ਦੀ ਸੂਈ ਪਰਿਵਾਰ ਵੱਲ ਹੀ ਘੁੰਮ ਰਹੀ ਸੀ। ਪੁਲਸ ਇਕ-ਇਕ ਕਰ ਕੇ ਪਰਿਵਾਰਕ ਮੈਂਬਰਾਂ ਨੂੰ ਖੰਗਾਲਣ ਲੱਗੀ। ਪੁਲਸ ਨੂੰ ਜਦ ਯਕੀਨ ਹੋ ਗਿਆ ਕਿ ਇਸ ਵਾਰਦਾਤ ਦੇ ਪਿੱਛੇ ਰੇਣੂ ਦਾ ਹੱਥ ਹੋ ਸਕਦਾ ਹੈ ਤਾਂ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਗਿਆ। ਪਹਿਲਾਂ ਤਾਂ ਰੇਣੂ ਨੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਈ ਕਸਰ ਨਹੀਂ ਛੱਡੀ ਪਰ ਥੋੜ੍ਹੀ ਸਖ਼ਤੀ ਵਰਤਣ 'ਤੇ ਜਲਦ ਹੀ ਟੁੱਟ ਗਈ ਅਤੇ ਉਸ ਨੇ ਸਾਰਾ ਸੱਚ ਉਗਲ ਦਿੱਤਾ। ਉਸ ਨੇ ਕਬੂਲ ਕੀਤਾ ਕਿ ਉਸ ਨੇ ਹੀ ਆਪਣੇ ਭਰਾ ਨੂੰ ਮਾਰਿਆ ਸੀ। ਪੁਲਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕਰ ਕੇ 3 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਉਸ ਦੇ ਕੋਲੋਂ ਅੰਸ਼ ਦੇ ਕੱਪੜੇ ਬਰਾਮਦ ਕਰਵਾਉਣੇ ਬਾਕੀ ਹਨ। ਪ੍ਰੈੱਸ ਕਾਨਫਰੰਸ 'ਚ ਉਕਤ ਅਧਿਕਾਰੀਆਂ ਤੋਂ ਇਲਾਵਾ ਟਿੱਬਾ ਥਾਣਾ ਇੰਚਾਰਜ ਮੁਹੰਮਦ ਜਮੀਲ, ਸਬ-ਇੰਸਪੈਕਟਰ ਅਰਸ਼ਪ੍ਰੀਤ ਕੌਰ ਆਦਿ ਮੌਜੂਦ ਸਨ।
ਜਦ ਵੀ ਉਹ ਬਾਹਰ ਜਾਂਦੀ ਭਰਾ ਜ਼ਿੱਦ ਕਰਦਾ ਸੀ
ਬੋਪਾਰਾਏ ਨੇ ਦੱਸਿਆ ਕਿ ਰੇਣੂ ਤੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਜੋ ਕਹਾਣੀ ਸਾਹਮਣੇ ਆਈ ਉਹ ਇਸ ਤਰ੍ਹਾਂ ਹੈ। ਉਮਰ ਵਿਚ ਅੰਸ਼ ਚਾਹੇ ਛੋਟਾ ਸੀ ਪਰ ਉਹ ਬਹੁਤ ਐਕਟਿਵ ਸੀ। ਉਸ ਦਾ ਦਿਮਾਗ ਬਹੁਤ ਚੱਲਦਾ ਸੀ। ਉਹ ਰੇਣੂ ਦੇ ਕੁਝ ਰਾਜ਼ ਜਾਣ ਗਿਆ ਸੀ। ਜਾਂਚ ਪ੍ਰਭਾਵਿਤ ਨਾ ਹੋਵੇ ਇਸ ਦੇ ਕਾਰਨ ਇਨ੍ਹਾਂ ਰਾਜ਼ਾਂ ਦਾ ਪ੍ਰੈੱਸ ਕਾਨਫਰੰਸ 'ਚ ਖੁਲਾਸਾ ਨਹੀਂ ਕੀਤਾ ਗਿਆ। ਰੇਣੂ ਜਦ ਵੀ ਘਰੋਂ ਕਿਤੇ ਨਿਕਲਦੀ ਤਾਂ ਅੰਸ਼ ਜ਼ਿੱਦ ਕਰ ਕੇ ਉਸ ਨਾਲ ਜਾਂਦਾ ਸੀ। ਜੇਕਰ ਉਹ ਮਨ੍ਹਾ ਕਰਦੀ ਤਾਂ ਅੰਸ਼ ਉਸ ਨੂੰ ਬੁਰਾ-ਭਲਾ ਅਤੇ ਅਪਸ਼ਬਦ ਬੋਲਦਾ। ਰੇਣੂ ਨੂੰ ਧਮਕੀ ਦਿੰਦਾ ਕਿ ਮਾਤਾ-ਪਿਤਾ ਨੂੰ ਉਸ ਦੇ ਬਾਰੇ ਸਭ ਕੁਝ ਦੱਸ ਦੇਵੇਗਾ। ਇਸ ਨੂੰ ਲੈ ਕੇ ਰੇਣੂ ਬਹੁਤ ਪਰੇਸ਼ਾਨ ਸੀ ਅਤੇ ਉਸ ਨੇ ਅੰਸ਼ ਨੂੰ ਟਿਕਾਣੇ ਲਾਉਣ ਦਾ ਮਨ ਬਣਾ ਲਿਆ ਸੀ।
2 ਹਫਤਿਆਂ ਤੋਂ ਮੌਕੇ ਦੀ ਤਲਾਸ਼ 'ਚ ਸੀ
ਇੰਸਪੈਕਟਰ ਜਮੀਲ ਅਤੇ ਅਰਸ਼ਪ੍ਰੀਤ ਨੇ ਦੱਸਿਆ ਕਿ ਰੇਣੂ 2 ਹਫਤਿਆਂ ਤੋਂ ਮੌਕੇ ਦੀ ਤਲਾਸ਼ 'ਚ ਸੀ। ਸ਼ਨੀਵਾਰ ਉਸ ਨੂੰ ਮੌਕਾ ਮਿਲ ਗਿਆ। ਉਸ ਦਾ ਪਿਤਾ ਗਣੇਸ਼ ਕੰਮ 'ਤੇ ਗਿਆ ਹੋਇਆ ਸੀ ਅਤੇ ਮਾਤਾ ਨਿਰਮਲਾ ਦੇਵੀ ਵੀ ਘਰ ਨਹੀਂ ਸੀ। ਉਹ ਕੈਂਡੀ ਦਾ ਲਾਲਚ ਦੇ ਕੇ ਗਲੀ 'ਚ ਖੇਡ ਰਹੇ ਅੰਸ਼ ਨੂੰ ਆਪਣੇ ਨਾਲ ਘਰ ਲੈ ਆਈ। ਸਭ ਤੋਂ ਪਿਛਲੇ ਕਮਰੇ 'ਚ ਲਿਜਾ ਕੇ ਅੰਸ਼ ਨੂੰ ਫੜ੍ਹ ਕੇ ਜ਼ਮੀਨ 'ਤੇ ਪਟਕ ਦਿੱਤਾ ਅਤੇ ਉਸ ਦੀ ਛਾਤੀ 'ਤੇ ਚੜ੍ਹ ਕੇ ਖੱਬੇ ਹੱਥ ਨਾਲ ਉਸ ਦਾ ਗੁਪਤ ਅੰਗ ਦਬਾ ਦਿੱਤਾ। ਇਸ ਦੌਰਾਨ ਅੰਸ਼ ਦਾ ਸਿਰ ਜ਼ੋਰ ਨਾਲ ਫਰਸ਼ 'ਤੇ ਮਾਰਿਆ, ਜਿਸ ਨਾਲ ਉਸ ਦੇ ਅੰਦਰੂਨੀ ਸੱਟ ਲੱਗੀ ਅਤੇ ਖੱਬੇ ਕੰਨ ਅਤੇ ਨੱਕ 'ਚੋਂ ਖੂਨ ਵਹਿਣ ਲੱਗਾ। 2 ਤੋਂ 3 ਮਿੰਟਾਂ 'ਚ ਹੀ ਅੰਸ਼ ਦੇ ਪ੍ਰਾਣ ਨਿਕਲ ਗਏ। ਉਸ ਸਮੇਂ ਘਰ ਕੋਈ ਨਹੀਂ ਸੀ। ਬਾਕੀ ਭੈਣਾਂ ਗਲੀ 'ਚ ਖੇਡ ਰਹੀਆਂ ਸਨ।
ਕੱਪੜਿਆਂ ਤੋਂ ਪਛਾਣ ਨਾ ਹੋਵੇ, ਇਸ ਲਈ ਉਤਾਰ ਦਿੱਤੇ
ਇੰਸਪੈਕਟਰ ਜਮੀਲ ਨੇ ਦੱਸਿਆ ਕਿ ਅੰਸ਼ ਦੀ ਪਛਾਣ ਨਾ ਹੋਵੇ, ਇਸ ਦੇ ਕਾਰਨ ਰੇਣੂ ਨੇ ਉਸ ਦੇ ਕੱਪੜੇ ਉਤਾਰ ਲਏ ਸਨ ਅਤੇ ਘਰ ਵਿਚ ਪਈ ਕਣਕ ਦੀ ਖਾਲੀ ਬੋਰੀ 'ਚ ਲਾਸ਼ ਪਾ ਕੇ ਡਬਲ ਬੈੱਡ ਦੇ ਹੇਠਾਂ ਛੁਪਾ ਦਿੱਤੀ। ਇਸ ਤੋਂ ਬਾਅਦ ਉਸ ਨੇ ਫੋਨ 'ਤੇ ਆਪਣੇ ਪਿਤਾ ਨੂੰ ਅੰਸ਼ ਦੇ ਲਾਪਤਾ ਹੋਣ ਦੀ ਗੱਲ ਕੀਤੀ। ਸਾਰਾ ਦਿਨ ਅੰਸ਼ ਨੂੰ ਲੱਭਣ ਤੋਂ ਬਾਅਦ ਥੱਕ-ਹਾਰ ਕੇ ਜਦ ਪੂਰਾ ਪਰਿਵਾਰ ਸੌਂ ਗਿਆ ਤਾਂ ਮੌਕਾ ਮਿਲਣ 'ਤੇ ਰੇਣੂ ਨੇ ਬੈੱਡ ਦੇ ਹੇਠੋਂ ਬੋਰੀ ਕੱਢੀ ਅਤੇ ਗੇਟ ਦੇ ਬਾਹਰ ਸੁੱਟ ਦਿੱਤੀ ਹਾਲਾਂਕਿ ਉਹ ਬੋਰੀ ਦੂਰ ਸੁੱਟਣਾ ਚਾਹੁੰਦੀ ਸੀ ਪਰ ਕਿਸੇ ਕਾਰਨ ਸੁੱਟ ਨਹੀਂ ਸਕੀ ਅਤੇ ਕੁਝ ਹੀ ਦੇਰ ਬਾਅਦ ਉਸ ਨੇ ਰੌਲਾ ਪਾ ਦਿੱਤਾ। ਉਸ ਨੂੰ ਪੂਰਾ ਯਕੀਨ ਸੀ ਕਿ ਕੋਈ ਵੀ ਉਸ 'ਤੇ ਸ਼ੱਕ ਨਹੀਂ ਕਰੇਗਾ ਪਰ ਪੁਲਸ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕੀ।
ਪੁਲਸ ਨੇ ਦਾਅਵੇ ਨਾਲ ਕਿਹਾ ਕਿ ਅੰਸ਼ ਨਾਲ ਕੋਈ ਬਦਫੈਲੀ ਨਹੀਂ ਹੋਈ
ਪ੍ਰੈੱਸ ਕਾਨਫਰੰਸ 'ਚ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ 'ਤੇ ਇਕ ਵਾਰ ਫਿਰ ਪੁਲਸ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਅੰਸ਼ ਨਾਲ ਕੋਈ ਬਦਫੈਲੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅੰਸ਼ ਦੀ ਗੁਦਾ 'ਚ ਜੋ 4 ਐੱਮ. ਐੱਮ. ਦਾ ਜ਼ਖ਼ਮ ਦੇਖਿਆ ਗਿਆ। ਉਹ ਦਮ ਘੁੱਟਣ ਦੌਰਾਨ ਮਲ ਨਿਕਲਣ ਨਾਲ ਹੋਇਆ ਹੈ। ਸਵੈਬ ਰਿਪੋਰਟ ਆਉਣ 'ਤੇ ਉਨ੍ਹਾਂ ਦੀ ਗੱਲ 'ਤੇ ਮੋਹਰ ਲੱਗ ਜਾਵੇਗੀ।
ਪ੍ਰੀਤੀ ਨੇ ਕਿਹਾ ਕਿ ਉਸ ਦੀ ਭੈਣ ਤੋਂ ਜਬਰਨ ਅਪਰਾਧ ਮਨਵਾਇਆ ਗਿਆ
ਅੰਸ਼ ਦੀ ਛੋਟੀ ਭੈਣ ਪ੍ਰੀਤੀ ਨੇ ਕਿਹਾ ਕਿ ਉਸ ਦੀ ਵੱਡੀ ਭੈਣ ਰੇਣੂ ਬੇਕਸੂਰ ਹੈ। ਪੁਲਸ ਵਲੋਂ ਬਣਾਈ ਗਈ ਕਹਾਣੀ 'ਤੇ ਉਸ ਨੂੰ ਬਿਲਕੁਲ ਯਕੀਨ ਨਹੀਂ ਹੈ। ਰੇਣੂ ਕਿਸੇ ਵੀ ਹਾਲਤ 'ਚ ਆਪਣੇ ਛੋਟੇ ਭਰਾ ਦਾ ਕਤਲ ਨਹੀਂ ਕਰ ਸਕਦੀ। ਉਸ ਨੂੰ ਬਹੁਤ ਪਿਆਰ ਕਰਦੀ ਸੀ। ਉਸ 'ਤੇ ਥਰਡ ਡਿਗਰੀ ਵਰਤੋਂ ਕਰ ਕੇ ਅਪਰਾਧ ਕਬੂਲ ਕਰਵਾਇਆ ਗਿਆ ਹੈ। ਜਦੋਂ ਕਿ ਪੁਲਸ ਨੇ ਉਸ ਨੂੰ ਵੀ ਹਿਰਾਸਤ ਵਿਚ ਰੱਖ ਕੇ ਟਾਰਚਰ ਕੀਤਾ ਅਤੇ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ। ਜਦਕਿ ਉਸ ਦੇ ਪਿਤਾ ਗਣੇਸ਼ ਦਾ ਕਹਿਣਾ ਹੈ ਕਿ ਉਸ ਨੇ ਇਸ ਬਾਰੇ ਕੁਝ ਨਹੀਂ ਕਹਿਣਾ ਹੈ। ਉਹ ਪੁਲਸ ਦੀ ਕਾਰਵਾਈ ਤੋਂ ਸੰਤੁਸ਼ਟ ਹਨ।
ਪੈਟਰੋਲ-ਡੀਜ਼ਲ 'ਤੇ ਵੈਟ ਨਾ ਘਟਾਉਣ ਦੇ ਵਿਰੋਧ 'ਚ ਭਾਜਪਾ ਨੇ ਕੀਤਾ ਪ੍ਰਦਰਸ਼ਨ
NEXT STORY