ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਜੁਮਲੇਬਾਜ਼’ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਪ੍ਰਮੁੱਖ ਸਲਾਹਕਾਰ ਨਿਯੁਕਤ ਕਰ ਕੇ ਪੰਜਾਬੀਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਇਸ ਮੌਕੇ ਪਾਰਟੀ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਕਾਂਗਰਸ ਪਾਰਟੀ ਹੁਣ ਲੋਕਾਂ ਨੂੰ ਫਿਰ ਤੋਂ ਮੂਰਖ ਬਣਾਉਣ ਵਾਸਤੇ ਮੁੜ ਝੂਠ ਦੇ ਪੁਲੰਦਿਆਂ ’ਤੇ ਨਿਰਭਰ ਕਰ ਰਹੀ ਹੈ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਕ ਮਿੰਟ ਲਈ ਉਨ੍ਹਾਂ 1500 ਕਿਸਾਨਾਂ ਬਾਰੇ ਸੋਚਣਾ ਚਾਹੀਦਾ ਹੈ ਜਿਨ੍ਹਾਂ ਨੇ ਗੁਟਕਾ ਸਾਹਿਬ ਦੇ ਦਸਮ ਪਿਤਾ ਦੀ ਸਹੁੰ ਦੇ ਨਾਂ ’ਤੇ ਪ੍ਰਸ਼ਾਂਤ ਕਿਸ਼ੋਰ ਵੱਲੋਂ ਉਨ੍ਹਾਂ ਨੂੰ ਵੇਚੇ ਗਏ ਪੂਰਨ ਕਰਜ਼ਾ ਮੁਆਫੀ ਦੇ ‘ਜੁਮਲੇ’ ਕਰ ਕੇ ਆਤਮ ਹੱਤਿਆ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਰਿਸੰਘ ਨੇ ਇਸ ਐਲਾਨ ਨਾਲ ਰਾਜਨੀਤੀ ਨੂੰ ਇਕ ਨਵੇਂ ਨਿਵਾਣ ਵੱਲ ਧੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਹੋਰ ਵੀ ਕੁੜਤਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਬੜੇ ਚਾਅ ਨਾਲ ਇਹ ਐਲਾਨ ਕਰ ਰਹੇ ਹਨ ਕਿ ਉਹ ਪੰਜਾਬ ਦੇ ਲੋਕਾਂ ਦੇ ਭਲੇ ਲਈ ਕਿਸ਼ੋਰ ਨਾਲ ਰਲ ਕੇ ਕੰਮ ਕਰਨ ਵੱਲ ਵੇਖਦੇ ਹਨ। ਮਜੀਠੀਆ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਦੱਸਣ ਕਿ ਕਿਹੜੇ ਭਲੇ ਦੀ ਗੱਲ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਪੁੱਛਿਆ ਕਿ ਕੀ ਉਹ ਉਨ੍ਹਾਂ ਅਨੁਸੂਚਿਤ ਜਾਤੀ ਵਰਗ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਘਰਾਂ ਵਿਚ ਗਏ ਹਨ, ਜਿਨ੍ਹਾਂ ਨੁੰ ਕਿਸ਼ੋਰ ਦੀ ਮਦਦ ਨਾਲ ਉਨ੍ਹਾਂ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਦੀ ਰਾਸ਼ੀ ਅਤੇ ਆਟਾ ਦਾਲ ਸਕੀਮ ਦਾ ਦਾਇਰਾ ਵਧਾਉਣ ਵਰਗੇ ਵਾਅਦੇ ਕਰ ਕੇ ਮੂਰਖ ਬਣਾਇਆ ਸੀ।
ਇਹ ਵੀ ਪੜ੍ਹੋ : ਭਾਰਤ ਸਰਕਾਰ ਵੱਲੋਂ ਸ੍ਰੀ ਨਨਕਾਣਾ ਸਾਹਿਬ ਜਾਣ ਤੋਂ ਰੋਕਣਾ ਸਿੱਖਾਂ ਨੂੰ ਹਮੇਸ਼ਾਂ ਰੜਕਦਾ ਰਹੇਗਾ- ਬੀਬੀ ਜਗੀਰ ਕੌਰ
ਉਨ੍ਹਾਂ ਕਿਹਾ ਕਿ ਕੀ ਤੁਸੀਂ ਤੇ ਤੁਹਾਡਾ ਨਵਾਂ ਪ੍ਰਮੁੱਖ ਸਲਾਹਕਾਰ ਉਨ੍ਹਾਂ ਨੌਜਵਾਨਾਂ ਦੇ ਘਰਾਂ ਵਿਚ ਜਾਣ ਦੀ ਜੁਰੱਅਤ ਵਿਖਾਓਗੇ, ਜਿਨ੍ਹਾਂ ਨੂੰ ਤੁਸੀਂ ਘਰ ਘਰ ਨੌਕਰੀ ਤੇ ਬੇਰੋਜ਼ਾਗਰੀ ਭੱਤੇ ਦਾ ਵਾਅਦਾ ਕੀਤਾ ਸੀ ? ਉਨ੍ਹਾਂ ਕਿਹਾ ਕਿ ਇਹ ਸੋਚਿਆ ਵੀ ਨਹੀਂ ਜਾ ਸਕਦਾ ਕਿ ਤੁਸੀਂ ਇਨ੍ਹਾਂ ਲੋਕਾਂ ਨੂੰ ਨਰਕ ਵਿਚੋਂ ਲੰਘਣ ਲਈ ਮਜਬੂਰ ਕਰ ਕੇ ਆਪ ਆਪਣੇ ਫਾਰਮ ਹਾਊਸ ਵਿਚ ਬੈਠ ਕੇ ਹੋਰ ਨਵੇਂ ਵਾਅਦਿਆਂ ਵਾਲੀਆਂ ਸਕੀਮਾਂ ਘੜਨ ਲੱਗੇ ਹੋ ਜੋ ਤੁਸੀਂ ਕਦੇ ਲਾਗੂ ਨਹੀਂ ਕਰਨੀਆਂ। ਮਜੀਠੀਆ ਨੇ ਕਿਹਾ ਕਿ ਲੋਕਾਂ ਨੇ ਮੁੱਖ ਮੰਤਰੀ ਅਤੇ ਪ੍ਰਸ਼ਾਂਤ ਕਿਸ਼ੋਰ ਨੂੰ ਵੇਖ ਲਿਆ ਹੈ ਅਤੇ ਹੁਣ ਦੋਵਾਂ ਜੁਮਲੇਬਾਜ਼ਾਂ ਨੂੰ ਲੋਕਾਂ ਦੀ ਸਮਝ ਦਾ ਹੋਰ ਅਪਮਾਨ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਪਹਿਲਾਂ ਹੀ ਇਨ੍ਹਾਂ ਦੇ ਸਟੰਟ ਵੇਖ ਲਏ ਹਨ ਤੇ ਹੁਣ ਮੁੜ ਕੇ ਇਨ੍ਹਾਂ ਦੀਆਂ ਧੋਖੇ ਵਾਲੀਆਂ ਚਾਲਾਂ ਵਿਚ ਨਹੀਂ ਫਸਣਗੇ। ਉਨ੍ਹਾਂ ਨੇ ਕਿਸ਼ੋਰ ਨੂੰ ਵੀ ਸਲਾਹ ਦਿੰਤੀ ਕਿ ਉਹ ‘ਜਾਏ ਪੇ ਚਰਚਾ’ ਤੇ ‘ਕੌਫੀ ਵਿਦ ਕੈਪਟਨ’ ਵਰਗੀਆਂ ਆਪਣੀ ਜਾਅਲੀ ਸਕੀਮਾਂ ਕਿਤੇ ਹੋਰ ਲੈ ਜਾਣ ਕਿਉਂਕਿ ਪੰਜਾਬੀਆਂ ਨੇ 2017 ਵਿਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦਿਆਂ ਦਾ ‘ਹਿਸਾਬ’ ਲੈਣਾ ਹੈ। ਉਨ੍ਹਾਂ ਕਿਹਾ ਕਿ ਇਸ ਜ਼ਮੀਨੀ ਹਕੀਕਤ ਦਾ ਤੁਹਾਨੂੰ ਸਾਹਮਣਾ ਕਰਨਾ ਪਵੇਗਾ ਪੰਜਾਬ ਮੰਗੇ ਹਿਸਾਬ ਅਤੇ ਉਨ੍ਹਾਂ ਨੇ ਦੋਹਾਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ : ਸਿਰਫ਼ ਸੱਤਾ ਲਈ ਲੜ ਰਹੀ ਹੈ ਕਾਂਗਰਸ, ਉਸ ਨੂੰ ਲੋਕਾਂ ਦੀ ਪ੍ਰਵਾਹ ਨਹੀਂ : ਮਾਨ
ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਦੇ 635 ਨਵੇਂ ਮਾਮਲੇ ਆਏ ਸਾਹਮਣੇ, 18 ਦੀ ਮੌਤ
NEXT STORY