ਅੰਮਿ੍ਰਤਸਰ (ਦੀਪਕ ਸ਼ਰਮਾ) : ਗੁਰਦੁਆਰਾ ਸੁਧਾਰ ਲਹਿਰ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਸਮੇਂ ਵਾਪਰੇ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਕੱਲ੍ਹ ਹਰਿਆਣਾ ’ਚ ਪਿੰਡ ਹਾਬੜੀ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਸਾਕਾ ਸ੍ਰੀ ਨਨਕਾਣਾ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸੁਧਾਰ ਲਹਿਰ ਦੇ ਆਗੂਆਂ ਨੂੰ ਯਾਦ ਕਰਦਿਆਂ ਵੱਖ-ਵੱਖ ਥਾਵਾਂ ’ਤੇ ਕਰਵਾਏ ਜਾ ਰਹੇ ਸਮਾਗਮਾਂ ਅਧੀਨ ਇਹ ਸਮਾਗਮ ਹੋਇਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਹੋਰ ਪੰਥਕ ਸ਼ਖ਼ਸੀਅਤਾਂ ਨੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ ਅਤੇ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰ ਜੱਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਸਿੱਖ ਕੌਮ ਦੇ ਸ਼ਾਨਾਂਮੱਤੇ ਇਤਿਹਾਸ ਨਾਲ ਜੋੜਿਆ। ਦੱਸਣਯੋਗ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਅਹਿਮ ਆਗੂ ਜਥੇਦਾਰ ਕਰਤਾਰ ਸਿੰਘ ਝੱਬਰ ਦਾ ਪਰਿਵਾਰ ਦੇਸ਼ ਦੀ ਵੰਡ ਮਗਰੋਂ ਹਰਿਆਣਾ ’ਚ ਕੈਥਲ ਨੇੜਲੇ ਨਗਰ ਹਾਬੜੀ ਵਿਖੇ ਆ ਕੇ ਵੱਸਿਆ ਸੀ। ਇਥੇ ਕੀਤੇ ਗਏ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਦੇਸ਼ ਦੀ ਅਜ਼ਾਦੀ ਦਾ ਮੁੱਢ ਬੰਨਣ ਵਾਲੀ ਸਿੱਖ ਕੌਮ ਹੈ ਅਤੇ ਇਥੇ ਹੀ ਬਸ ਨਹੀਂ ਜਦੋਂ ਵੀ ਕਿਤੇ ਦੇਸ਼ ਅੰਦਰ ਆਫ਼ਤ ਆਈ ਤਾਂ ਸਿੱਖਾਂ ਨੇ ਗੁਰੂ ਸਾਹਿਬਾਨ ਦੀ ਸੋਚ ਅਨੁਸਾਰ ਵੱਡੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸੌ ਸਾਲ ਪਹਿਲਾਂ ਪਾਵਨ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਪਵਿੱਤਰਤਾ ਦੀ ਬਹਾਲੀ ਲਈ ਪੁੱਜੇ ਸਿੱਖਾਂ ’ਤੇ ਬੇਰਹਿਮੀ ਨਾਲ ਨਰੈਣੂ ਮਹੰਤ ਦੇ ਗੁੰਡਿਆਂ ਵੱਲੋਂ ਅੱਤਿਆਚਾਰ ਕਰਨਾ ਸਮੇਂ ਦਾ ਉਹ ਕਰੂਰ ਸੱਚ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ : ਦੋਆਬਾ ਦੀ ਸਭ ਤੋਂ ਵੱਡੀ ਪੈਦਲ ਧਾਰਮਿਕ ਯਾਤਰਾ : ਸ੍ਰੀ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਪੈਦਲ ਸੰਗ ਰਵਾਨਾ
ਇਸ ਦੇ ਨਾਲ ਹੀ ਭਾਰਤ ਦੀ ਮੌਜੂਦਾ ਸਰਕਾਰ ਵੱਲੋਂ ਸੌ ਸਾਲਾ ਮਨਾਉਣ ਸਮੇਂ ਸੰਗਤ ਨੂੰ ਰੋਕਣ ਦਾ ਦੁੱਖਦਾਈ ਪੰਨਾ ਵੀ ਸਿੱਖਾਂ ਨੂੰ ਹਮੇਸ਼ਾ ਰੜਕਦਾ ਰਹੇਗਾ। ਬੀਬੀ ਜਗੀਰ ਕੌਰ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਆਪਣੇ ਇਤਿਹਾਸ ਨਾਲ ਜੋੜਣ ਲਈ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇ। ਉਨ੍ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹਾਬੜੀ ਲਈ ਵਿੱਤੀ ਮਦਦ ਦਾ ਵੀ ਐਲਾਨ ਕੀਤਾ। ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਬਖਸ਼ਿਸ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਸਮੇਂ ਜਥੇਦਾਰ ਝੱਬਰ ਦੇ ਪੋਤਰੇ ਜੋਗਰਾਜ ਸਿੰਘ ਝੱਬਰ, ਅੰਤਿ੍ਰੰਗ ਕਮੇਟੀ ਮੈਂਬਰ ਹਰਭਜਨ ਸਿੰਘ ਮਸਾਣਾਂ, ਭੁਪਿੰਦਰ ਸਿੰਘ ਆਸੰਧ, ਜਗਸੀਰ ਸਿੰਘ ਮਾਂਗੇਆਣਾ, ਬਲਦੇਵ ਸਿੰਘ ਖਾਲਸਾ, ਤੇਜਿੰਦਰਪਾਲ ਸਿੰਘ ਲਾਡਵਾ, ਬੀਬੀ ਅਰਵਿੰਦਰ ਕੌਰ, ਬਾਬਾ ਸੁੱਖਾ ਸਿੰਘ ਕਾਰਸੇਵਾ ਕਰਨਾਲ, ਬਾਬਾ ਪਾਲਾ ਸਿੰਘ, ਸ਼ਰਨਜੀਤ ਸਿੰਘ ਸੋਥਾ, ਸੁਖਬੀਰ ਸਿੰਘ ਮਾਂਡੀ, ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਇੰਚਾਰਜ ਮੰਗਪ੍ਰੀਤ ਸਿੰਘ, ਮਹਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ : ਸਿਰਫ਼ ਸੱਤਾ ਲਈ ਲੜ ਰਹੀ ਹੈ ਕਾਂਗਰਸ, ਉਸ ਨੂੰ ਲੋਕਾਂ ਦੀ ਪ੍ਰਵਾਹ ਨਹੀਂ : ਮਾਨ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਦੋ ਸਾਲ ਤੋਂ ਵੱਖ ਰਹਿ ਰਹੀ ਸੀ ਪਤਨੀ, ਪਤੀ ਨੇ ਨੋਟ ਲਿਖ ਕੇ ਕਰ ਲਈ ਖ਼ੁਦਕੁਸ਼ੀ
NEXT STORY