ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਸੰਵੇਦਨਸ਼ੀਲ ਸੂਬਾ ਅਤੇ ਇਸ ਦੇ ਇਤਿਹਾਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਵਿਚ ਅਸਲਾ ਲਾਇਸੰਸ ਉਪਰ ਤਿੰਨ ਹਥਿਆਰ ਰੱਖਣ ਦੀ ਗਿਣਤੀ ਘਟਾ ਕੇ ਇਕ ਨਾ ਕੀਤੇ ਜਾਣ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿੱਖ ਕੇ ਆਰਮਜ਼ ਐਕਟ-1959 ਵਿਚ ਸੋਧ ਕਰਨ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਪ੍ਰਸਤਾਵ ਦੀ ਘੋਖ ਕਰਨ ਲਈ ਆਖਿਆ ਹੈ ਕਿਉਂਕਿ ਜੋ ਇਸ ਨਾਲ ਹਥਿਆਰਾਂ ਦੀ ਗਿਣਤੀ ਤਿੰਨ ਤੋਂ ਘੱਟ ਕੇ ਇਕ ਰਹਿ ਜਾਵੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੁੱਝ ਸੂਬੇ ਇਕ ਲਾਇਸੰਸ 'ਤੇ ਰੱਖੇ ਜਾ ਸਕਣ ਵਾਲੇ ਹਥਿਆਰਾਂ ਦੀ ਗਿਣਤੀ ਘਟਾਉਣ ਦੇ ਇੱਛੁਕ ਹਨ ਤਾਂ ਇਨ੍ਹਾਂ ਸੂਬਿਆਂ ਨੂੰ ਇਸ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਪਰ ਇਸ ਨਾਲ ਬਾਕੀ ਸੂਬਿਆਂ ਪ੍ਰਤੀ ਕੋਈ ਪੱਖਪਾਤ ਨਾ ਕੀਤਾ ਜਾਵੇ।
ਆਪਣੇ ਪੱਤਰ 'ਚ ਮੁੱਖ ਮੰਤਰੀ ਨੇ ਦੱਸਿਆ ਕਿ ਹਾਲ ਹੀ ਵਿਚ ਕਰਤਾਰਪੁਰ ਲਾਂਘਾ ਖੋਲ੍ਹਣ ਮੌਕੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਉਨ੍ਹਾਂ ਨਾਲ ਨਿੱਜੀ ਤੌਰ 'ਤੇ ਇਹ ਮੁੱਦਾ ਚੁੱਕਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਸਤਾਵਿਤ ਸੋਧਾਂ ਵਿਚੋਂ ਬਹੁਤੀਆਂ ਸੋਧਾਂ ਨਾਲ ਸਹਿਮਤ ਹੈ ਪਰ ਇਕ ਲਾਇਸੰਸ 'ਤੇ ਹਥਿਆਰਾਂ ਦੀ ਗਿਣਤੀ ਤਿੰਨ ਤੋਂ ਘਟਾ ਕੇ ਇਕ ਕਰਨ ਸਬੰਧੀ ਸੂਬੇ ਦੇ ਸ਼ੰਕੇ ਹਨ।
ਮੁੱਖ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੋਣ ਦੇ ਨਾਤੇ ਅਤੇ ਲੰਮਾ ਸਮਾਂ ਅੱਤਵਾਦ ਦੀ ਹਿੰਸਾ ਦਾ ਸੇਕ ਹੰਢਾਉਣ ਕਰਕੇ ਵੱਡੀ ਗਿਣਤੀ ਵਿਚ ਲੋਕਾਂ ਕੋਲ ਇੱਕ ਤੋਂ ਵੱਧ ਹਥਿਆਰ ਹਨ ਅਤੇ ਇਸੇ ਤਰਾਂ ਜਿਹੜੇ ਕਿਸਾਨ ਪਿੰਡਾਂ ਤੋਂ ਬਾਹਰ ਆਪਣੇ ਖੇਤਾਂ ਵਿੱਚ ਘਰ ਪਾ ਕੇ ਰਹਿੰਦੇ ਹਨ, ਉਨਾਂ ਕੋਲ ਵੀ ਫਸਲਾਂ ਦੀ ਰਾਖੀ ਲਈ ਹਥਿਆਰ ਹਨ। ਕੈਪਟਨ ਅਮਰਿੰਦਰ ਸਿੰਘ ਦਾ ਇਹ ਵੀ ਮੰਨਣਾ ਹੈ ਕਿ ਇਕ ਲਾਇਸੰਸ 'ਤੇ ਹਥਿਆਰਾਂ ਦੀ ਗਿਣਤੀ ਤਿੰਨ ਤੋਂ ਘਟਾ ਕੇ ਇਕ ਕਰਨ ਦੀ ਰੋਕ ਨਾਲ ਅਪਰਾਧ ਨੂੰ ਕਾਬੂ ਕਰਨ ਵਿਚ ਬਹੁਤੀ ਮਦਦ ਨਹੀਂ ਮਿਲ ਸਕਦੀ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਵੱਡੀ ਗਿਣਤੀ ਵਿਚ ਲੋਕਾਂ ਨੂੰ ਆਪਣੇ ਹਥਿਆਰਾਂ ਸਮਰਪਣ ਕਰਨ ਦੀ ਅਸੁਵਿਧਾ ਹੋਵੇਗੀ ਅਤੇ ਕਿਸਾਨ ਭਾਈਚਾਰਾ ਵੀ ਫਸਲਾਂ ਦੀ ਰਾਖੀ ਲਈ ਹਥਿਆਰਾਂ ਦੇ ਸਹਾਰੇ ਤੋਂ ਵਾਂਝਾ ਹੋ ਜਾਵੇਗਾ।
ਹੋਰ ਸੂਬਿਆਂ 'ਚ ਨਸ਼ੇ ਵਾਲੇ ਪਦਾਰਥ ਵੇਚਣ ਵਾਲਾ ਗਿਰੋਹ ਕਾਬੂ
NEXT STORY