ਬਠਿੰਡਾ(ਸੁਖਵਿੰਦਰ)-ਇਕ ਵਿਧਵਾ ਨੂੰ ਉਸ ਦੇ 4 ਸਾਲਾ ਲੜਕੇ ਸਮੇਤ ਘਰੋਂ ਕੱਢਣ ਦੇ ਮਾਮਲੇ 'ਚ ਪੁਲਸ ਵੱਲੋਂ 2 ਔਰਤਾਂ ਸਮੇਤ 4 ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਕੌਰ ਪਤਨੀ ਸਵ. ਨਵਦੀਪ ਸਿੰਘ ਵਾਸੀ ਨੈਸ਼ਨਲ ਕਾਲੋਨੀ ਨੇ ਥਰਮਲ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕੇ ਬੀਤੀ ਕੱਲ ਮੰਗਲਵਾਰ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਉਸ ਦੇ 4 ਸਾਲਾ ਲੜਕੇ ਸਮੇਤ ਘਰੋਂ ਕੱਢ ਦਿੱਤਾ ਅਤੇ ਉਸ ਦਾ ਸਾਮਾਨ ਵੀ ਘਰੋਂ ਬਾਹਰ ਸੁੱਟ ਦਿੱਤਾ ਸੀ। ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪਤੀ ਦੀ ਮੌਤ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਲਿਖਤੀ ਰੂਪ 'ਚ ਘਰ ਦੀ ਜਾਇਦਾਦ 'ਚੋਂ ਹਿੱਸਾ ਦੇਣ ਦਾ ਸਮਝੌਤਾ ਹੋਇਆ ਸੀ ਪਰ ਬਾਅਦ 'ਚ ਉਸ ਨੂੰ ਜਾਇਦਾਦ 'ਚੋਂ ਹਿੱਸਾ ਨਹੀਂ ਦਿੱਤਾ। ਉਸ ਦੇ ਸਹੁਰੇ ਨੇ ਉਸ ਦੇ ਪੇਕੇ ਤੇ ਉਸ ਦੇ ਖਿਲਾਫ ਮਹਿਲਾ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ। ਮੰਗਲਵਾਰ ਨੂੰ ਉਹ ਉਕਤ ਸ਼ਿਕਾਇਤ ਦੇ ਸੰਬੰਧ 'ਚ ਥਾਣੇ ਗਈ ਹੋਈ ਸੀ। ਜਦੋਂ ਉਹ ਘਰ ਪਹੁੰਚੀ ਤਾਂ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਘਰ ਦਾਖਲ ਨਹੀਂ ਹੋਣ ਦਿੱਤਾ ਗਿਆ ਤੇ ਗੇਟ ਬੰਦ ਕਰ ਲਿਆ। ਇਸ ਤੋਂ ਇਲਾਵਾ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਉਸ ਦੇ ਲੜਕੇ ਦੇ ਕੁਝ ਕੱਪੜੇ ਅਤੇ ਹੋਰ ਸਾਮਾਨ ਵੀ ਗੇਟ ਉਪਰੋਂ ਬਾਹਰ ਸੁੱਟ ਦਿੱਤਾ। ਇਸ ਤੋਂ ਬਾਅਦ ਉਹ ਲੰਮਾ ਸਮਾਂ ਘਰ ਦੇ ਬਾਹਰ ਹੀ ਬੈਠੀ ਰਹੀ। ਬਾਅਦ 'ਚ ਥਾਣਾ ਥਰਮਲ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਉਕਤ ਲੋਕਾਂ ਖਿਲਾਫ ਕਾਰਵਾਈ ਦਾ ਭਰੋਸਾ ਦਿਵਾਇਆ ਗਿਆ ਸੀ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਸਹੁਰੇ ਦਰਸ਼ਨ ਸਿੰਘ, ਜੇਠ ਗੁਰਦੀਪ ਸਿੰਘ, ਸੱਸ ਪਰਮਜੀਤ ਕੌਰ ਤੇ ਜੇਠਾਣੀ ਅਮਨਪ੍ਰੀਤ ਕੌਰ ਖਿਲਾਫ਼ ਮਾਮਲਾ ਦਰਜ ਕਰ ਕੇ ਦਰਸ਼ਨ ਸਿੰਘ ਅਤੇ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਬਾਕੀ ਔਰਤਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
1 ਕੁਇੰਟਲ 20 ਕਿਲੋ ਭੁੱਕੀ ਸਣੇ ਇਕ ਕਾਬੂ
NEXT STORY