ਲਹਿਰਾਗਾਗਾ (ਗਰਗ) : ਲਹਿਰਾਗਾਗਾ ਪੁਲਸ ਨੇ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਵਿਚੋਂ ਚੋਰੀ ਕੀਤੇ 19 ਮੋਟਰਸਾਈਕਲ ਅਤੇ ਇਕ ਐਕਟਿਵਾ ਸਮੇਤ 4 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਕਰਮਜੀਤ ਸਿੰਘ ਅਤੇ ਸਿਟੀ ਇੰਚਾਰਜ ਗੁਰਦੇਵ ਸਿੰਘ ਦੇ ਨਾਲ ਜਾਣਕਾਰੀ ਦਿੰਦਿਆਂ ਡੀਐੱਸਪੀ ਦਪਿੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਪਿਛਲੇ ਦਿਨੀਂ 29 ਅਗਸਤ ਨੂੰ ਸ਼ਹਿਰ ਵਿਚੋਂ ਦੋ ਮੋਟਰਸਾਈਕਲ ਚੋਰੀ ਹੋਏ ਸਨ। ਇਸ ਸਬੰਧੀ ਚੋਰੀ ਹੋਏ ਮੋਟਰਸਾਈਕਲ ਦੇ ਮਾਲਕ ਸੁਖਵਿੰਦਰ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਕਣਕਵਾਲ ਭੰਗੂਆਂ ਦੇ ਬਿਆਨਾਂ 'ਤੇ ਸਿਟੀ ਲਹਿਰਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਬੀਤੇ ਦਿਨੀਂ ਏ. ਐੱਸ. ਆਈ ਸਤਪਾਲ ਸਿੰਘ ਪੁਲਸ ਪਾਰਟੀ ਸਮੇਤ ਲਹਿਰਾਗਾਗਾ ਦੇ ਓਵਰ ਬ੍ਰਿਜ ਨਜ਼ਦੀਕ ਗਸ਼ਤ 'ਤੇ ਸਨ ਤਾਂ ਮੁਖਬਰ ਖਾਸ ਦੀ ਸੂਚਨਾ ਮਿਲਣ 'ਤੇ ਪੁਲਸ ਪਾਰਟੀ ਵੱਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਹਰਨੇਕ ਸਿੰਘ, ਨਿਸ਼ਾਨ ਸਿੰਘ ਅਤੇ ਵਕੀਲ ਸਿੰਘ ਵਾਸੀ ਦੁਗਾਲ ਖੁਰਦ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ।
ਅਦਾਲਤ ਵਿਚ ਦੋਸ਼ੀਆਂ ਦਾ ਰਿਮਾਂਡ ਲੈਣ ਤੋਂ ਬਾਅਦ ਡੂੰਘਾਈ ਵਿਚ ਤਹਿਕੀਕਾਤ ਕਰਨ 'ਤੇ ਪਾਤੜਾਂ ਵਿਖੇ ਰੱਖੇ ਹੋਏ ਚੋਰੀ ਦੇ ਮੋਟਰਸਾਈਕਲਾਂ ਨੂੰ ਬਰਾਮਦ ਕੀਤਾ ਗਿਆ। ਉਕਤ ਦੋਸ਼ੀਆਂ ਦੇ ਖੁਲਾਸੇ ਤੋਂ ਬਾਅਦ ਚੌਥੇ ਦੋਸ਼ੀ ਵਿਜੇ ਕੁਮਾਰ ਨਿਵਾਸੀ ਪਾਤੜਾਂ ਜੋ ਕਿ ਮੋਟਰਸਾਈਕਲ ਰਿਪੇਅਰ ਦਾ ਕੰਮ ਕਰਦਾ ਹੈ, ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਵੀ ਚੋਰੀ ਦੇ ਦੋ ਮੋਟਰਸਾਈਕਲ ਅਤੇ ਇਕ ਐਕਟਿਵਾ ਬਰਾਮਦ ਕੀਤੀ ਗਈ ਹੈ, ਜਿਸ ਚੱਲਦੇ ਪੁਲਸ ਚਾਰੇ ਕਥਿਤ ਦੋਸ਼ੀਆਂ ਕੋਲੋਂ 19 ਚੋਰੀ ਦੇ ਮੋਟਰਸਾਈਕਲ ਤੇ ਇਕ ਐਕਟਿਵਾ ਬਰਾਮਦ ਕਰਨ ਵਿਚ ਸਫਲ ਹੋਈ ਹੈ। ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਆਖਿਆ ਕਿ ਜਿਨ੍ਹਾਂ ਮਹੱਲਿਆਂ ਅਤੇ ਬਾਜ਼ਾਰਾਂ ਵਿਚ ਲੋਕਾਂ ਨੇ ਸੀਸੀਟੀਵੀ ਕੈਮਰੇ ਲਗਾਏ ਹੋਏ ਹਨ, ਉਨ੍ਹਾਂ ਦਾ ਫੋਕਸ ਆਪਣੇ ਸਿਰਫ ਘਰ/ਦੁਕਾਨ ਦੇ ਕੋਲੇ ਨਹੀਂ, ਬਲਕਿ ਦੂਰ ਤੱਕ ਰੱਖਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸਖਾਵੀਂ ਘਟਨਾ ਹੋਣ 'ਤੇ ਪੁਲਸ ਨੂੰ ਸੀਸੀਟੀਵੀ ਕੈਮਰੇ ਤੋਂ ਮਦਦ ਮਿਲ ਸਕੇ।
ਹੜ੍ਹ ਪੀੜਤਾਂ ਨੂੰ 150 ਕਿਸ਼ਤੀਆਂ ਦੇਣ ਵਾਲਾ ਅਲੋਪ ਕਿਉਂ?
NEXT STORY