ਫਾਜ਼ਿਲਕਾ(ਨਾਗਪਾਲ, ਲੀਲਾਧਰ)-ਪੁਲਸ ਕਪਤਾਨ ਮੁਖਤਿਆਰ ਸਿੰਘ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ਼ ਵੱਲੋਂ ਬੀਤੇ ਦਿਨੀਂ ਜਾਅਲੀ ਆਰ. ਸੀ., ਬੀਮਾ, ਡਰਾਈਵਿੰਗ ਲਾਇਸੈਂਸ ਤੇ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ 2 ਵਿਅਕਤੀਆਂ ਨੂੰ ਜਾਅਲੀ ਦਸਤਾਵੇਜ਼ਾਂ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਪੁਲਸ ਕਪਤਾਨ ਮੁਖਤਿਆਰ ਸਿੰਘ ਨੇ ਦੱਸਿਆ ਕਿ ਦੋਸ਼ੀ ਇੰਦਰਜੀਤ ਸਿੰਘ ਤੇ ਸੁਖਦੇਵ ਸਿੰਘ ਜੋ ਬਠਿੰਡਾ ਜ਼ਿਲੇ ਦੇ ਰਹਿਣ ਵਾਲੇ ਹਨ ਤੇ ਬਠਿੰਡਾ ਡੀ. ਟੀ. ਓ. ਦਫ਼ਤਰ ਦੇ ਬਾਹਰ ਆਪਣੀ ਦੁਕਾਨ ਚਲਾਉਂਦੇ ਸਨ। ਪੁਲਸ ਵੱਲੋਂ ਗੁਪਤ ਸੂਚਨਾ ਮਿਲਣ ਦੇ ਆਧਾਰ 'ਤੇ ਇਨ੍ਹਾਂ ਦੋਸ਼ੀਆਂ ਨੂੰ ਬੀਤੇ ਦਿਨੀਂ ਫਾਜ਼ਿਲਕਾ ਮਲੋਟ ਰੋਡ 'ਤੇ ਪੈਂਦੇ ਪਿੰਡ ਅਭੁਨ ਦੇ ਬੱਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ। ਮੌਕੇ 'ਤੇ ਇਨ੍ਹਾਂ ਪਾਸੋਂ ਜਾਅਲੀ ਬੀਮੇ ਤੇ ਜਾਅਲੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਟੀਫਿਕੇਟ ਬਰਾਮਦ ਹੋਏ ਜੋ ਕਿ ਇਹ ਬਠਿੰਡਾ ਤੋਂ ਫਾਜ਼ਿਲਕਾ ਆਪਣੇ ਕਿਸੇ ਗਾਹਕ ਨੂੰ ਦੇਣ ਆ ਰਹੇ ਸਨ ਪਰ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਪੰਜਾਬ ਰਾਮ ਨੇ ਪੁਲਸ ਪਾਰਟੀ ਸਮੇਤ ਇਨ੍ਹਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ।
ਲੋਕਾਂ ਤੋਂ ਫੀਸ ਦੇ ਤੌਰ 'ਤੇ ਵਸੂਲਦੇ ਸਨ 500 ਤੋਂ 2000 ਰੁਪਏ
ਪੁਲਸ ਕਪਤਾਨ ਨੇ ਦੱਸਿਆ ਕਿ ਇਹ ਮੁਲਜ਼ਮ 500 ਤੋਂ 2000 ਰੁਪਏ ਦੀ ਵਸੂਲੀ ਕਰ ਕੇ ਜਾਅਲੀ ਬੀਮੇ ਤੇ ਜਾਅਲੀ ਆਰਸੀਆਂ ਕੰਪਿਊਟਰ ਤੇ ਸਕੈਨਰ ਦੀ ਮਦਦ ਨਾਲ ਬਣਾ ਕੇ ਦਿੰਦੇ ਸਨ, ਜੋ ਕਿ ਇਨ੍ਹਾਂ ਪਾਸੋਂ ਬਰਾਮਦ ਵੀ ਕੀਤੇ ਗਏ ਹਨ।
ਥਾਣਾ ਸਦਰ ਫਾਜ਼ਿਲਕਾ 'ਚ ਮਾਮਲਾ ਦਰਜ
ਇਨ੍ਹਾਂ ਦੋਸ਼ੀਆਂ ਖਿਲਾਫ਼ ਥਾਣਾ ਸਦਰ ਫਾਜ਼ਿਲਕਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ।
ਲੁਟੇਰਾ ਗਿਰੋਹ ਪੁਲਸ ਨੂੰ ਚਕਮਾ ਦੇ ਕੇ ਫਰਾਰ
NEXT STORY