ਚੰਡੀਗੜ੍ਹ (ਸੁਸ਼ੀਲ) : ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਬਣ ਕੇ ਔਰਤ ਨੂੰ ਡਿਜੀਟਲ ਅਰੈਸਟ ਕਰ ਕੇ 77 ਲੱਖ 42 ਹਜ਼ਾਰ 420 ਰੁਪਏ ਠੱਗਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਸਾਈਬਰ ਸੈੱਲ ਟੀਮ ਨੇ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਾਜਿਦ ਅਹਿਮਦ ਏ ਪਟੇਲ ਤੇ ਸ਼ਾਹਿਦ ਰਫੀਕ ਮੁੱਲਾ ਵਜੋਂ ਹੋਈ ਹੈ, ਜੋ ਮਹਾਰਾਸ਼ਟਰ ਦੇ ਹੀ ਹਨ। ਟੀਮ ਠੱਗਾਂ ਤੋਂ ਨਕਦੀ ਬਰਾਮਦਗੀ ਤੇ ਗਿਰੋਹ ਦੇ ਮੈਂਬਰਾਂ ਬਾਰੇ ਪੁੱਛਗਿੱਛ ਕਰ ਰਹੀ ਹੈ। ਔਰਤ ਨੇ ਸ਼ਿਕਾਇਤ ’ਚ ਦੱਸਿਆ ਸੀ ਕਿ 10 ਜੁਲਾਈ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਆਧਾਰ ਕਾਰਡ ਦੀ ਵਰਤੋਂ ਮੁੰਬਈ ’ਚ ਸਿਮ ਕਾਰਡ ਲੈਣ ਤੇ ਬੈਂਕ ਖਾਤਾ ਖੋਲ੍ਹਣ ਲਈ ਮਨੀ ਲਾਂਡਰਿੰਗ ਨਾਲ ਸਬੰਧਿਤ ਮਾਮਲੇ ’ਚ ਕੀਤੀ ਗਈ ਹੈ।
ਮੁਲਜ਼ਮਾਂ ਨੇ ਵਟਸਐਪ ਕਾਲ ’ਤੇ ਫਰਜ਼ੀ ਵਾਰੰਟ 'ਤੇ ਸੁਪਰੀਮ ਕੋਰਟ ਦੇ ਹੁਕਮ ਦਿਖਾ ਕੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ, ਕੇਸ ’ਚ ਫਸਾਉਣ ਤੇ ਗ੍ਰਿਫ਼ਤਾਰ ਕਰਨ ਦੀ ਧਮਕੀ ਦੇ ਕੇ 77 ਲੱਖ 42 ਹਜ਼ਾਰ 420 ਰੁਪਏ ਟਰਾਂਸਫਰ ਕਰਵਾ ਲਏ। ਜਦੋਂ ਪੀੜਤ ਨੂੰ ਪਤਾ ਲੱਗਾ ਤਾਂ ਤੁਰੰਤ ਪੁਲਸ ਨੂੰ ਸ਼ਿਕਾਇਤ ਦਿੱਤੀ। 15 ਜੁਲਾਈ ਨੂੰ ਸਾਈਬਰ ਕ੍ਰਾਈਮ ਥਾਣਾ ਨੇ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਇੰਚਾਰਜ ਇਰਮ ਰਿਜ਼ਵੀ ਦੀ ਅਗਵਾਈ ’ਚ ਟੀਮ ਨੇ ਕਾਲ ਡਿਟੇਲ, ਸੀ. ਏ. ਐੱਫ. ਤੇ ਬੈਂਕ ਕੇ. ਵਾਈ. ਸੀ. ਦੀ ਮਦਦ ਨਾਲ ਮੁੱਖ ਮੁਲਜ਼ਮ ਮਹਾਰਾਸ਼ਟਰ ਵਾਸੀ ਸਾਜਿਦ ਅਹਿਮਦ ਏ ਪਟੇਲ ਨੂੰ 14 ਅਗਸਤ ਨੂੰ ਗ੍ਰਿਫ਼ਤਾਰ ਕੀਤਾ। ਉਸ ਤੋਂ ਮੋਬਾਇਲ ਫੋਨ, ਸਿਮ ਕਾਰਡ, ਪੈਨ ਕਾਰਡ ਤੇ ਐੱਸ. ਬੀ. ਆਈ. ਏ. ਟੀ. ਐੱਮ. ਕਾਰਡ ਬਰਾਮਦ ਹੋਏ। ਉਸ ਦੀ ਨਿਸ਼ਾਨਦੇਹੀ ’ਤੇ ਸ਼ਹੀਦ ਰਫੀਕ ਮੁੱਲਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਸ ਤੋਂ 2 ਸੈਮਸੰਗ ਫੋਲਡ, 5 ਮੋਬਾਇਲ, ਓੱਪੋ 5ਜੀ ਫ਼ੋਨ, ਆਧਾਰ ਕਾਰਡ, 2 ਪੈਨ ਕਾਰਡ, ਫੈਡਰਲ ਬੈਂਕ ਏ. ਟੀ. ਐੱਮ. ਕਾਰਡ ਤੇ ਡਰਾਈਵਿੰਗ ਲਾਇਸੈਂਸ ਬਰਾਮਦ ਹੋਇਆ।
20 ਲੱਖ ਰੁਪਏ ਖ਼ਾਤਿਆਂ ’ਚ ਫਰੀਜ਼
ਸਾਈਬਰ ਕ੍ਰਾਈਮ ਥਾਣਾ ਨੇ ਸ਼ਿਕਾਇਤ ਤੋਂ ਬਾਅਦ ਬੈਂਕ ਦੀ ਮਦਦ ਨਾਲ ਮੁਲਜ਼ਮਾਂ ਦੇ ਖ਼ਾਤਿਆਂ ’ਚ 20 ਲੱਖ 16 ਹਜ਼ਾਰ 300 ਰੁਪਏ ਦੀ ਰਕਮ ਫਰੀਜ਼ ਕਰਵਾਈ। ਪੁਲਸ ਦਾ ਕਹਿਣਾ ਹੈ ਕਿ ਪੂਰੇ ਵਿੱਤੀ ਟ੍ਰੈਲ ਦੀ ਜਾਂਚ ਕੀਤੀ ਜਾ ਰਹੀ ਹੈ। ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫਰੀਦਕੋਟ ਰਿਆਸਤ ਦੀ 40 ਕਰੋੜ ਦੀ ਜਾਇਦਾਦ ਦਾ ਵਿਵਾਦ ਖ਼ਤਮ, ਜਾਇਦਾਦ ਬਰਾਬਰ ਵੰਡਣ ਦੇ ਹੁਕਮ
NEXT STORY