ਤਲਵੰਡੀ ਸਾਬੋ (ਮੁਨੀਸ਼)-2017 ਦੇ ਸਭ ਤੋਂ ਚਰਚਿਤ ਮਾਮਲਿਆਂ 'ਚੋਂ ਇਕ ਮੰਨੇ ਜਾਂਦੇ ਕਥਿਤ ਨਸ਼ਾ ਸਮੱਗਲਰ ਮੋਨੂੰ ਅਰੋੜਾ ਦੀ ਵੱਢ-ਟੁਕ ਉਪਰੰਤ ਮੌਤ ਦੇ ਦਰਜ ਮਾਮਲੇ ਵਿਚ ਨਾਮਜ਼ਦ ਮੁਲਜ਼ਮਾਂ 'ਚੋਂ ਤਲਵੰਡੀ ਸਾਬੋ ਪੁਲਸ ਨੇ ਇਕ ਹੋਰ ਕਥਿਤ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਦੋਂ ਕਿ ਇਸ ਮਾਮਲੇ ਵਿਚ ਪਹਿਲਾਂ ਹੀ ਤਿੰਨ ਕਥਿਤ ਮੁਲਜ਼ਮ ਜੇਲ ਵਿਚ ਹਨ। ਜ਼ਿਕਰਯੋਗ ਹੈ ਕਿ ਬੀਤੀ 8 ਜੂਨ ਨੂੰ ਪਿੰਡ ਭਾਗੀਵਾਂਦਰ ਦੀ ਸੱਥ ਵਿਚ ਮੋਨੂੰ ਅਰੋੜਾ ਨਾਮੀ ਕਥਿਤ ਨਸ਼ਾ ਸਮੱਗਲਰ ਬੜੀ ਵੱਢੀ-ਟੁੱਕੀ ਹਾਲਤ ਵਿਚ ਮਿਲਿਆ ਸੀ, ਜਿਸ ਦੀ ਬਾਅਦ ਵਿਚ ਇਲਾਜ ਦੌਰਾਨ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਮੌਤ ਹੋ ਗਈ ਸੀ। ਬੇਰਹਿਮੀ ਨਾਲ ਵੱਢ ਕੇ ਸੱਥ ਵਿਚ ਸੁੱਟੇ ਜਾਣ ਦੀ ਉਕਤ ਕਥਿਤ ਨਸ਼ਾ ਸਮੱਗਲਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਣ ਨਾਲ ਉਕਤ ਮਾਮਲਾ ਸੂਬੇ ਭਰ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਸੀ। ਮੋਨੂੰ ਅਰੋੜਾ ਦੀ ਮੌਤ ਉਪਰੰਤ ਪੁਲਸ ਨੇ ਮ੍ਰਿਤਕ ਦੇ ਭਰਾ ਕੁਲਦੀਪ ਕੁਮਾਰ ਦੇ ਬਿਆਨਾਂ 'ਤੇ ਪਿੰਡ ਭਾਗੀਵਾਂਦਰ ਦੇ ਕਰੀਬ 13 ਵਿਅਕਤੀਆਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ। ਪੀੜਤ ਪਰਿਵਾਰ ਨੂੰ ਉਕਤ ਮਾਮਲੇ ਵਿਚ ਕੁਝ ਮੁਲਜ਼ਮਾਂ ਦੀ ਗ੍ਰਿਫਤਾਰੀ ਕਰਵਾਉਣ ਲਈ ਸੰਘਰਸ਼ ਵੀ ਵਿੱਢਣਾ ਪਿਆ ਸੀ, ਜਿਸ ਤੋਂ ਬਾਅਦ ਉਕਤ ਮਾਮਲੇ ਵਿਚ ਉਦੋਂ ਨਵਾਂ ਮੋੜ ਆ ਗਿਆ ਸੀ ਜਦੋਂ ਮਾਮਲੇ ਵਿਚ ਕਥਿਤ ਤੌਰ 'ਤੇ ਮੁੱਖ ਮੁਲਜ਼ਮ ਦੱਸੇ ਜਾਣ ਵਾਲੇ ਪਿੰਡ ਦੀ ਮਹਿਲਾ ਸਰਪੰਚ ਦੇ ਪੁੱਤਰ ਅਮਰਿੰਦਰ ਸਿੰਘ ਰਾਜੂ ਨੇ ਪੁਲਸ ਅੱਗੇ ਆਤਮ-ਸਮਰਪਣ ਕਰ ਦਿੱਤਾ। ਇਸ ਉਪਰੰਤ ਤਲਵੰਡੀ ਸਾਬੋ ਪੁਲਸ ਨੇ ਦੋ ਹੋਰ ਮੁਲਜ਼ਮਾਂ ਹਰਪਾਲ ਸਿੰਘ ਅਤੇ ਸੰਦੀਪ ਸਿੰਘ ਉਰਫ ਵੱਡਾ ਨੂੰ ਗ੍ਰਿਫਤਾਰ ਕਰ ਲਿਆ ਸੀ। ਉਕਤ ਮਾਮਲੇ ਵਿਚ ਤਿੰਨ ਕਥਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਣ ਉਪਰੰਤ ਬਾਕੀ ਕਥਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਮ੍ਰਿਤਕ ਮੋਨੂੰ ਅਰੋੜਾ ਦੇ ਪਿਤਾ ਵਿਜੇ ਕੁਮਾਰ ਤੇ ਭਰਾ ਕੁਲਦੀਪ ਕੁਮਾਰ ਵਾਰ-ਵਾਰ ਇਹ ਦੋਸ਼ ਲਾਉਂਦੇ ਰਹੇ ਹਨ ਕਿ ਪੁਲਸ ਮਾਮਲੇ ਦੇ ਸਬੰਧਤ ਕਥਿਤ ਮੁਲਜ਼ਮਾਂ ਨੂੰ ਬਚਾ ਰਹੀ ਹੈ ਪਰ ਅੱਜ ਇਹ ਮਾਮਲਾ ਉਸ ਸਮੇਂ ਫਿਰ ਭਖ ਗਿਆ ਜਦੋਂ ਮ੍ਰਿਤਕ ਮੋਨੂੰ ਅਰੋੜਾ ਦੇ ਭਰਾ ਕੁਲਦੀਪ ਦੀ ਇਤਲਾਹ ਤੋਂ ਬਾਅਦ ਏ. ਐੱਸ. ਆਈ. ਗੁਰਮੇਜ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਨੇ ਉਕਤ ਮਾਮਲੇ ਵਿਚ ਨਾਮਜ਼ਦ ਇਕ ਹੋਰ ਕਥਿਤ ਮੁਲਜ਼ਮ ਗੁਰਪ੍ਰੀਤ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਭਾਗੀਵਾਂਦਰ ਨੂੰ ਸਥਾਨਕ ਥਾਣਾ ਚੌਕ ਕੋਲ ਖੜ੍ਹੇ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨਾਲ ਹੁਣ ਉਕਤ ਚਰਚਿਤ ਮਾਮਲੇ ਵਿਚ ਗ੍ਰਿਫਤਾਰ ਹੋਣ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਥਾਣਾ ਤਲਵੰਡੀ ਸਾਬੋ ਮੁਖੀ ਮਹਿੰਦਰਜੀਤ ਸਿੰਘ ਵੱਲੋਂ ਮੁਹੱਈਆ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰੀ ਉਪਰੰਤ ਅਦਾਲਤ ਵਿਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਮੋਨੂੰ ਅਰੋੜਾ ਦੇ ਭਰਾ ਕੁਲਦੀਪ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੇ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫਤਾਰ ਨਾ ਕੀਤਾ ਤਾਂ ਹੁਣ ਉਹ ਖੁਦ ਨਿਗਰਾਨੀ ਕਰ ਕੇ ਉਨ੍ਹਾਂ ਵਿਅਕਤੀਆਂ ਦੀ ਇਤਲਾਹ ਪੁਲਸ ਨੂੰ ਦੇਣਗੇ ਤਾਂ ਕਿ ਸਾਰੇ ਨਾਮਜ਼ਦ ਕਥਿਤ ਮੁਲਜ਼ਮ ਫੜੇ ਜਾ ਸਕਣ।
ਫਾਈਨਲ ਮੈਚ 'ਚ ਰੁੜਕਾ ਕਲਾਂ ਨੇ ਘੱਲ ਕਲਾਂ ਨੂੰ ਹਰਾਇਆ
NEXT STORY