ਜਲੰਧਰ(ਮਹੇਸ਼)—ਕਾਜ਼ੀ ਮੰਡੀ ਵਿਖੇ ਬਜ਼ੁਰਗ ਮਾਂ ਨਾਲ ਕੁੱਟਮਾਰ ਕਰਕੇ ਘਰ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਕਰਨ ਵਾਲੇ ਦੋ ਸਕੇ ਭਰਾਵਾਂ ਨੂੰ ਅੱਜ ਥਾਣਾ ਰਾਮਾਮੰਡੀ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਬਲਵਿੰਦਰ ਅਤੇ ਅਸ਼ੋਕ ਰਾਜੂ ਨਾਂ ਦੇ ਇਨ੍ਹਾਂ ਦੋਵਾਂ ਭਰਾਵਾਂ ਨੂੰ ਪੁਲਸ ਨੇ ਅੱਜ ਮਾਣਯੋਗ ਜੱਜ ਐੱਮ. ਮਰਵਾਹਾ ਦੀ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਮਾਂ ਦੇ ਘਰ ਤੋਂ ਚੋਰੀ ਕੀਤੇ ਸਾਮਾਨ ਦੀ ਰਿਕਵਰੀ ਕੀਤੀ ਜਾ ਸਕੇ। ਐੱਸ. ਐੱਚ. ਓ. ਰਾਮਾਮੰਡੀ ਰਾਜੇਸ਼ ਠਾਕੁਰ ਨੇ ਦੱਸਿਆ ਕਿ ਕਾਜ਼ੀ ਮੰਡੀ ਵਾਸੀ ਬਜ਼ੁਰਗ ਔਰਤ ਵਿਦਿਆ ਦੇਵੀ ਪਤਨੀ ਸਵ. ਲਕਸ਼ਮਣ ਬੋਧੀ ਨੇ ਆਪਣੀ ਬੇਟੀ ਨੂੰ ਨਾਲ ਲੈ ਕੇ ਪੁਲਸ ਕਮਿਸ਼ਨਰ ਜਲੰਧਰ ਪੀ. ਕੇ. ਸਿਨ੍ਹਾ ਨੂੰ ਆਪਣੇ ਦੋਵੇਂ ਪੁੱਤਰਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਬਲਵਿੰਦਰ ਅਤੇ ਅਸ਼ੋਕ ਅਤੇ ਉਨ੍ਹਾਂ ਦੀਆਂ ਪਤਨੀਆਂ ਖਿਲਾਫ ਕਰੀਬ ਇਕ ਹਫਤਾ ਪਹਿਲਾਂ 420, 380, 506, 34 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕਰ ਲਿਆ। ਸਾਰੇ ਦੋਸ਼ੀ ਫਰਾਰ ਚੱਲ ਰਹੇ ਸਨ। ਅੱਜ ਏ. ਐੱਸ. ਆਈ. ਜਤਿੰਦਰਬੀਰ ਸਿੰਘ ਅਤੇ ਹੈੱਡ ਕਾਂਸਟੇਬਲ ਜਰਮਨਜੀਤ ਸਿੰਘ ਨੇ ਉਨ੍ਹਾਂ ਦੋਵੇਂ ਭਰਾਵਾਂ ਨੂੰ ਕਾਬੂ ਕਰ ਲਿਆ ਹੈ। ਮਾਂ ਨੇ ਆਪਣੇ ਪੁੱਤਰਾਂ ਅਤੇ ਨੂੰਹਾਂ 'ਤੇ ਘਰ 'ਤੇ ਕਬਜ਼ਾ ਕਰਨ ਅਤੇ ਘਰੇਲੂ ਸਾਮਾਨ ਚੋਰੀ ਕਰਨ ਦਾ ਵੀ ਦੋਸ਼ ਲਾਇਆ ਸੀ। ਬਜ਼ੁਰਗ ਔਰਤ ਨੇ ਆਪਣਾ ਖੂਨ ਹੋਣ ਦੇ ਕਾਰਨ ਪਹਿਲਾਂ ਆਪਣੇ ਪੁੱਤਰਾਂ ਦੀ ਸ਼ਿਕਾਇਤ ਪੁਲਸ ਨੂੰ ਨਹੀਂ ਦਿੱਤੀ ਸੀ ਪਰ ਜਦੋਂ ਉਹ ਧਮਕੀਆਂ 'ਤੇ ਉਤਰ ਆਏ ਤਾਂ ਉਸਨੂੰ ਮਜਬੂਰ ਹੋ ਕੇ ਪੁਲਸ ਕਮਿਸ਼ਨਰ ਕੋਲ ਪਹੁੰਚਣਾ ਪਿਆ।
ਅੱਗ ਲੱਗਣ ਕਾਰਨ ਗੰਨੇ ਦੀ 6 ਏਕੜ ਫਸਲ ਸੜੀ
NEXT STORY