ਲੁਧਿਆਣਾ(ਅਨਿਲ)-ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਲੁਧਿਆਣਾ ਟੀਮ ਨੇ ਬੀਤੀ ਰਾਤ ਇਕ ਨਸ਼ਾ ਸਮੱਗਲਰ ਨੂੰ 25 ਲੱਖ ਦੀ ਹੈਰੋਇਨ ਸਣੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਕੇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਟੀਮ ਨੇ ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਗੰਦਾ ਨਾਲਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਸੇ ਸਮੇਂ ਸਾਹਮਣਿਓਂ ਉਕਤ ਨੌਜਵਾਨ ਨੂੰ ਚੈਕਿੰਗ ਲਈ ਰੋਕਣਾ ਚਾਹਿਆ ਤਾਂ ਉਕਤ ਨੌਜਵਾਨ ਨੇ ਇਕਦਮ ਆਪਣੀ ਐਕਟਿਵਾ ਪਿੱਛੇ ਮੋੜ ਕੇ ਭਜਾ ਲਈ ਪਰ ਪੁਲਸ ਟੀਮ ਨੇ ਬੜੀ ਮੁਸਤੈਦੀ ਨਾਲ ਉਸ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ। ਜਦੋਂ ਪੁਲਸ ਨੇ ਉਕਤ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ 50 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕਰੀਬ 25 ਲੱਖ ਰੁਪਏ ਕੀਮਤ ਦੱਸੀ ਜਾ ਰਹੀ ਹੈ। ਪੁਲਸ ਨੇ ਉਕਤ ਨੌਜਵਾਨ ਦੀ ਪਛਾਣ ਦਮਨਦੀਪ ਨਾਰੰਗ ਉਮਰ 27 ਸਾਲ ਪੁੱਤਰ ਅਨਿਲ ਕੁਮਾਰ ਨਾਰੰਗ ਵਾਸੀ ਨਿਊ ਬਸੰਤ ਵਿਹਾਰ, ਨੂਰਵਾਲਾ ਰੋਡ, ਲੁਧਿਆਣਾ ਵਜੋਂ ਕੀਤੀ ਗਈ, ਜਿਸ ਦੇ ਖਿਲਾਫ ਥਾਣਾ ਸਲੇਮ ਟਾਬਰੀ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦਿੱਲੀ ਤੋਂ ਲੈ ਕੇ ਆਇਆ ਹੈਰੋਇਨ ਦੀ ਖੇਪ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਉਕਤ ਨਸ਼ਾ ਸਮੱਗਲਰ ਦਮਨਦੀਪ ਪਿਛਲੇ ਲੰਬੇ ਸਮੇਂ ਤੋਂ ਹੈਰੋਇਨ ਦਾ ਕਾਰੋਬਾਰ ਕਰ ਰਿਹਾ ਹੈ, ਜੋ ਕਿ ਇਹ ਖੇਪ ਦਿੱਲੀ ਤੋਂ ਕਿਸੇ ਸਮੱਗਲਰ ਤੋਂ ਸਸਤੇ ਮੁੱਲ ਖਰੀਦ ਕੇ ਲਿਆਇਆ ਹੈ ਅਤੇ ਮਹਾਨਗਰ ਦੇ ਵੱਖ-ਵੱਖ ਹਿੱਸਿਆਂ 'ਚ ਪ੍ਰਚੂਨ ਵਿਚ ਗਾਹਕਾਂ ਨੂੰ ਮਹਿੰਗੇ ਮੁੱਲ ਵੇਚਣ ਆਇਆ ਸੀ ਕਿ ਪੁਲਸ ਨੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਅੱਜ ਪੁਲਸ ਨੇ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ ਤਾਂ ਕਿ ਉਸ ਦੇ ਗਾਹਕਾਂ ਸਬੰਧੀ ਵੀ ਜਾਂਚ ਕੀਤੀ ਜਾ ਸਕੇ।
5ਵੀਂ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਵਾਲਾ ਪੁਲਸ ਰਿਮਾਂਡ 'ਤੇ
NEXT STORY