ਲੁਧਿਆਣਾ(ਸੰਨੀ)-ਹੀਰੋ ਬੇਕਰੀ ਚੌਕ 'ਚ ਰੈੱਡ ਲਾਈਟ ਜੰਪ ਕਰਨ 'ਤੇ ਜਦੋਂ ਬਾਈਕ ਸਵਾਰਾਂ ਨੂੰ ਟਰੈਫਿਕ ਕਰਮਚਾਰੀ ਨੇ ਰੋਕਣਾ ਚਾਹਿਆ ਤਾਂ ਉਨ੍ਹਾਂ ਨੇ ਬਾਈਕ ਭਜਾ ਲਈ ਤੇ ਪਿਛਲੀ ਸੀਟ 'ਤੇ ਬੈਠੇ ਲੜਕੇ ਨੇ ਟਰੈਫਿਕ ਕਰਮਚਾਰੀ ਨੂੰ ਚਿੜਾਉਂਦੇ ਹੋਏ ਅਸ਼ਲੀਲ ਇਸ਼ਾਰੇ ਤੱਕ ਕੀਤੇ। ਟਰੈਫਿਕ ਕਰਮਚਾਰੀਆਂ ਨੇ ਇਕ ਨੂੰ ਤਾਂ ਮੌਕੇ 'ਤੇ ਕਾਬੂ ਕਰ ਲਿਆ, ਜਦੋਂ ਕਿ ਦੂਸਰੇ ਨੂੰ ਰਾਹਗੀਰਾਂ ਦੀ ਸਹਾਇਤਾ ਨਾਲ ਅੱਧਾ ਕਿਲੋਮੀਟਰ ਪਿੱਛੇ ਭੱਜ ਕੇ ਕਾਬੂ ਕਰਦੇ ਹੋਏ ਥਾਣਾ ਸਰਾਭਾ ਨਗਰ ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਟਰੈਫਿਕ ਕਰਮਚਾਰੀ ਸੁਲੱਖਣ ਸਿੰਘ ਦੀ ਸ਼ਿਕਾਇਤ 'ਤੇ ਦੋਵਾਂ ਖਿਲਾਫ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ 'ਤੇ ਮੋਟਰ ਵਹੀਕਲ ਐਕਟ ਤਹਿਤ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ। ਦੋਸ਼ੀਆਂ ਦੀ ਪਛਾਣ ਪਿੰਡ ਸੁਨੇਤ ਦੇ ਰਹਿਣ ਵਾਲੇ ਗਗਨਪ੍ਰੀਤ ਸਿੰਘ ਤੇ ਇਕਬਾਲ ਸਿੰਘ ਦੇ ਤੌਰ 'ਤੇ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਹੋਮਗਾਰਡ ਦੇ ਜਵਾਨ ਸੁਲੱਖਣ ਸਿੰਘ ਅਨੁਸਾਰ ਉਹ ਏ. ਐੱਸ. ਆਈ. ਕਮਲਜੀਤ ਸਿੰਘ ਨਾਲ ਹੀਰੋ ਬੇਕਰੀ ਚੌਕ 'ਚ ਟਰੈਫਿਕ ਡਿਊਟੀ 'ਤੇ ਤਾਇਨਾਤ ਸੀ ਤਾਂ ਰੈੱਡ ਲਾਈਟ ਜੰਪ ਕਰਨ ਵਾਲੇ ਬਾਈਕ ਸਵਾਰ ਦੋ ਲੜਕਿਆਂ ਨੂੰ ਰੋਕਣਾ ਚਾਹਿਆ ਉਸ ਨੂੰ ਦੇਖ ਕੇ ਚਾਲਕ ਨੇ ਬਾਈਕ ਭਜਾ ਲਈ ਪਿੱਛੇ ਬੈਠੇ ਲੜਕੇ ਨੇ ਉਸ ਨੂੰ ਚਿੜਾਉਂਦੇ ਹੋਏ ਅਸ਼ਲੀਲ ਇਸ਼ਾਰੇ ਕੀਤੇ ਪਰ ਲੜਕਿਆਂ ਨੂੰ ਇਹ ਨਹੀਂ ਪਤਾ ਸੀ ਕਿ ਅੱਗੇ ਵੀ ਟਰੈਫਿਕ ਕਰਮਚਾਰੀ ਨਾਕਾ ਲਾ ਕੇ ਖੜ੍ਹੇ ਹਨ। ਅੱਗੇ ਖੜ੍ਹੇ ਟਰੈਫਿਕ ਕਰਮਚਾਰੀਆਂ ਨੇ ਬਾਈਕ ਚਾਲਕ ਲੜਕੇ ਨੂੰ ਤਾਂ ਕਾਬੂ ਕਰ ਲਿਆ ਪਰ ਪਿਛਲੀ ਸੀਟ 'ਤੇ ਬੈਠ ਕੇ ਅਸ਼ਲੀਲ ਇਸ਼ਾਰੇ ਕਰਨ ਵਾਲਾ ਲੜਕਾ ਬਾਈਕ ਤੋਂ ਉਤਰ ਕੇ ਪੈਦਲ ਹੀ ਇਸ਼ਮੀਤ ਚੌਕ ਵੱਲ ਭੱਜਣ ਲੱਗਾ।
ਟਰੈਫਿਕ ਕਰਮਚਾਰੀਆਂ ਨੇ ਇਕ ਰਾਹਗੀਰ ਦੀ ਸਹਾਇਤਾ ਲੈਂਦਿਆਂ ਬਾਈਕ ਨਾਲ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਲੜਕਾ ਰੇਲਵੇ ਲਾਈਨ ਕ੍ਰਾਸ ਕਰ ਕੇ ਬੀ. ਸੀ. ਐੱਮ. ਸਕੂਲ ਨੇੜੇ ਪਹੁੰਚਿਆ ਤਾਂ ਟਰੈਫਿਕ ਕਰਮਚਾਰੀਆਂ ਨੇ ਲੜਕੇ ਨੂੰ ਪਿੱਛੇ ਭੱਜਦਾ ਦੇਖ ਕੇ ਉਥੇ ਖੜ੍ਹੇ ਸਕੂਲ ਬੱਸ ਸੰਚਾਲਕਾਂ ਨੇ ਉਸ ਨੂੰ ਕਾਬੂ ਕਰ ਲਿਆ। ਮਾਮਲੇ ਦੀ ਜਾਣਕਾਰੀ ਤੁਰੰਤ ਏ. ਡੀ. ਸੀ. ਪੀ. ਟਰੈਫਿਕ ਸੁਖਪਾਲ ਸਿੰਘ ਬਰਾੜ ਨੂੰ ਦਿੱਤੀ ਗਈ ਹੈ। ਬਰਾੜ ਦੇ ਹੁਕਮਾਂ ਤੋਂ ਬਾਅਦ ਟਰੈਫਿਕ ਕਰਮਚਾਰੀਆਂ ਨੇ ਫੜੇ ਗਏ ਦੋਵਾਂ ਲੜਕਿਆਂ ਨੂੰ ਥਾਣਾ ਸਰਾਭਾ ਨਗਰ ਦੀ ਪੁਲਸ ਦੇ ਹਵਾਲੇ ਕਰ ਕੇ ਉਥੇ ਲਿਖਤੀ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਬਾਅਦ ਦੋਵੇਂ ਦੋਸ਼ੀਆਂ ਖਿਲਾਫ ਐੱਫ. ਆਈ. ਆਰ. ਦਰਜ ਕਰ ਲਈ ਗਈ।
ਧੀ ਨੂੰ ਲੈਣ ਆਏ ਪਿਤਾ ਅਤੇ ਭਰਾ ਉੱਪਰ ਜਵਾਈ ਨੇ ਕੀਤਾ ਫਾਇਰ
NEXT STORY