ਸਾਹਨੇਵਾਲ(ਜਗਰੂਪ)-ਆਪਣੀ ਪਤਨੀ ਨੂੰ ਪੇਕੇ ਜਾਣ ਤੋਂ ਰੋਕਣ ਦੇ ਮਕਸਦ ਨਾਲ ਇਕ ਵਿਅਕਤੀ ਵਲੋਂ ਆਪਣੇ ਸਹੁਰੇ ਅਤੇ ਸਾਲੇ ਉੱਪਰ ਕਥਿਤ 32 ਬੋਰ ਰਿਵਾਲਵਰ ਨਾਲ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਬਾਅਦ ਥਾਣਾ ਸਾਹਨੇਵਾਲ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਹੌਲਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਹਰਦੇਵ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਮੁਹੱਲਾ ਦਿਉ ਪਰਮ ਆਦਰਸ਼ ਕਾਲੋਨੀ, ਮੁਜ਼ੱਫਰਨਗਰ, ਯੂ. ਪੀ. ਨੇ ਦੱਸਿਆ ਕਿ ਉਸ ਦੇ ਦੋ ਲੜਕੇ ਅਤੇ ਦੋ ਲੜਕੀਆਂ ਹਨ। ਵੱਡੀ ਲੜਕੀ ਪਰਮਿੰਦਰ ਕੌਰ (45) ਦਾ ਵਿਆਹ ਉਸ ਨੇ ਸਾਹਨੇਵਾਲ ਨਿਵਾਸੀ ਵਰਿੰਦਰ ਸਿੰਘ ਸੰਧੂ ਉਰਫ ਵਿੱਕੀ ਪੁੱਤਰ ਭਾਗ ਸਿੰਘ ਸੰਧੂ ਨਾਲ ਕਰੀਬ 21 ਸਾਲ ਪਹਿਲਾਂ ਕੀਤਾ ਸੀ। ਬੀਤੀ 2 ਅਪ੍ਰੈਲ ਨੂੰ ਉਨ੍ਹਾਂ ਦੀ ਨੂੰਹ ਨੇ ਵਰਿੰਦਰ ਨਾਲ ਫੋਨ 'ਤੇ ਗੱਲ ਕਰ ਕੇ ਸੁੱਖ-ਸਾਂਦ ਪੁੱਛਣ ਤੋਂ ਬਾਅਦ ਉਸ ਨੂੰ ਕੁਝ ਦਿਨਾਂ ਵਾਸਤੇ ਉਨ੍ਹਾਂ ਕੋਲ ਲਿਜਾਣ ਬਾਰੇ ਪੁੱਛਿਆ, ਜਿਸ 'ਤੇ ਵਰਿੰਦਰ ਨੇ ਆਪਣੀ ਸਹਿਮਤੀ ਦੇ ਦਿੱਤੀ। ਉਹ ਆਪਣੇ ਲੜਕੇ ਹਰਚੰਦ ਸਿੰਘ ਦੇ ਨਾਲ 3 ਅਪ੍ਰੈਲ ਨੂੰ ਆਪਣੀ ਲੜਕੀ ਨੂੰ ਲੈਣ ਲਈ ਆਏ। ਸਾਡੇ ਆਉਣ ਦੇ ਬਾਅਦ ਪਰਮਿੰਦਰ ਨਾਲ ਜਾਣ ਲਈ ਤਿਆਰ ਹੋਣ ਲੱਗੀ ਪਰ ਕੁੱਝ ਦੇਰ ਬਾਅਦ ਬਾਥਰੂਮ 'ਚੋਂ ਨਹਾ ਕੇ ਨਿਕਲੇ ਉਨ੍ਹਾਂ ਦੇ ਜਵਾਈ ਵਰਿੰਦਰ ਸਿੰਘ ਨੇ ਪੂਰੇ ਪਰਿਵਾਰ ਅਤੇ ਉਨ੍ਹਾਂ ਦੇ ਲੜਕੇ ਹਰਚੰਦ ਨੂੰ ਮਕਾਨ ਦੀ ਛੱਤ 'ਤੇ ਬੁਲਾ ਲਿਆ। ਫਿਰ ਥੋੜ੍ਹੀ ਦੇਰ ਬਾਅਦ ਹਰਚੰਦ ਨੇ ਨੀਚੇ ਆ ਕੇ ਦੱਸਿਆ ਕਿ ਵਰਿੰਦਰ ਦਾ ਕਹਿਣਾ ਹੈ ਕਿ ਉਸ ਨੇ ਪਰਮਿੰਦਰ ਨੂੰ ਉਨ੍ਹਾਂ ਦੇ ਨਾਲ ਨਹੀਂ ਭੇਜਣਾ। ਫਿਰ ਹੇਠਾਂ ਆ ਕੇ ਵਰਿੰਦਰ ਨੇ ਆਪਣਾ 32 ਬੋਰ ਦਾ ਰਿਵਾਲਵਰ ਉਨ੍ਹਾਂ ਉੱਪਰ ਤਾਣ ਦਿੱਤਾ ਪਰ ਸਮੇਂ ਸਿਰ ਉਨ੍ਹਾਂ ਦੇ ਦੋਹਤੇ ਪ੍ਰਭਜੋਤ ਸਿੰਘ ਨੇ ਆਪਣੇ ਪਿਤਾ ਦਾ ਹੱਥ ਫੜ ਕੇ ਉੱਪਰ ਕਰ ਦਿੱਤਾ, ਜਿਸ ਨਾਲ ਗੋਲੀ ਸਿੱਧੀ ਛੱਤ 'ਚ ਜਾ ਵੱਜੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਦੇ ਜਵਾਈ ਨੇ ਬਿਨਾਂ ਕਿਸੇ ਗੱਲ ਦੇ ਉਨ੍ਹਾਂ ਨਾਲ ਗਾਲੀ-ਗਲੋਚ ਕਰਦੇ ਹੋਏ ਫਾਇਰ ਕੀਤਾ ਹੈ। ਓਧਰ ਥਾਣਾ ਪੁਲਸ ਨੇ ਵਰਿੰਦਰ ਸਿੰਘ ਖਿਲਾਫ ਆਰਮਜ਼ ਐਕਟ ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਾਮ ਨੂੰ ਦੋਵੇਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ ਸੀ ਪਰ ਪੁਲਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।
ਲੁਧਿਆਣਾ ਸੈਂਟਰਲ ਜੇਲ ਦੇ 450 ਕੈਦੀਆਂ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
NEXT STORY