ਜਲੰਧਰ, (ਮਹੇਸ਼)- ਕੈਨੇਡਾ ਭੇਜਣ ਦੇ ਨਾਂ ’ਤੇ 22 ਲੱਖ ਦੀ ਠੱਗੀ ਕੀਤੇ ਜਾਣ ਦੇ ਮਾਮਲੇ ’ਚ ਥਾਣਾ ਪਤਾਰਾ ਦੀ ਦਿਹਾਤੀ ਪੁਲਸ ਨੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਪ੍ਰਵੀਨ ਕੌਰ ਪਤਨੀ ਅਮਨਦੀਪ ਸਿੰਘ ਰਾਜਾ ਵਾਸੀ ਪਿੰਡ ਪੰਡੋਰੀ ਨਿੱਝਰਾਂ ਥਾਣਾ ਆਦਮਪੁਰ ਜ਼ਿਲਾ ਜਲੰਧਰ ਵਜੋਂ ਹੋਈ ਹੈ।
ਐੱਸ. ਐੱਚ. ਓ. ਪਤਾਰਾ ਸਤਪਾਲ ਸਿੱਧੂ ਨੇ ਦੱਸਿਆ ਕਿ ਪਿੰਡ ਹਜਾਰਾ ਵਾਸੀ ਜਸਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਥਾਣਾ ਆਦਮਪੁਰ ਦੇ ਪਿੰਡ ਪੰਡੋਰੀ ਨਿੱਝਰਾਂ ਵਾਸੀ ਅਮਨਦੀਪ ਸਿੰਘ ਉਰਫ ਰਾਜਾ ਪੁੱਤਰ ਰਾਜਿੰਦਰ ਤੇ ਉਸ ਦੀ ਪਤਨੀ ਪ੍ਰਵੀਨ ਕੌਰ ਤੋਂ ਇਲਾਵਾ ਹਰਜੀਤ ਕੁਮਾਰ ਪੁੱਤਰ ਲਕਸ਼ਮਣ ਦਾਸ ਵਾਸੀ ਨਿਊ ਦੀਪ ਨਗਰ ਮਾਡਲ ਟਾਊਨ ਹੁਸ਼ਿਆਰਪੁਰ ਨੇ ਉਸ ਨੂੰ ਤੇ ਉਸ ਦੇ ਭਰਾ ਹਰਪ੍ਰੀਤ ਸਿੰਘ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਸਾਲ 2011 ’ਚ 22 ਲੱਖ ਰੁਪਏ ਲਏ ਸਨ ਪਰ ਨਾ ਤਾਂ ਉਨ੍ਹਾਂ ਨੂੰ ਕੈਨੇਡਾ ਭੇਜਿਆ ਗਿਆ ਤੇ ਨਾ ਹੀ ਪੈਸੇ ਵਾਪਸ ਕੀਤੇ ਗਏ।
ਐੱਸ. ਐੱਚ. ਓ. ਨੇ ਦੱਸਿਆ ਕਿ ਏ. ਐੱਸ. ਆਈ. ਰਾਮ ਪ੍ਰਕਾਸ਼ ਨੇ ਮੁਲਜ਼ਮਾਂ ’ਚੋਂ ਹਰਜੀਤ ਕੁਮਾਰ ਨੂੰ ਟਾਂਡਾ ਰੋਡ ਹੁਸ਼ਿਆਰਪੁਰ ਤੋਂ ਫੜ ਲਿਆ ਸੀ, ਜਿਸ ਨੂੰ ਪੁਲਸ ਨੇ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਮਾਣਯੋਗ ਜੱਜ ਸਾਹਿਬ ਦੇ ਨਿਰਦੇਸ਼ਾਂ ’ਤੇ ਜੇਲ ਭੇਜ ਦਿੱਤਾ ਸੀ। ਅਮਨਦੀਪ ਸਿੰਘ ਰਾਜਾ ਤੇ ਪ੍ਰਵੀਨ ਕੌਰ ਫਰਾਰ ਚੱਲ ਰਹੇ ਸਨ ਤੇ ਸੂਚਨਾ ਮਿਲੀ ਸੀ ਕਿ ਦੋਵੇਂ ਮੁੰਬਈ ਭੱਜ ਗਏ ਹਨ। ਪ੍ਰਵੀਨ ਕੌਰ ਦੇ ਜਲੰਧਰ ਹੋਣ ਦੀ ਸੂਚਨਾ ਜਿਵੇਂ ਹੀ ਮਿਲੀ ਤਾਂ ਪੁਲਸ ਨੇ ਮਹਿਲਾ ਕਰਮਚਾਰੀ ਦੇ ਸਹਿਯੋਗ ਨਾਲ ਉਸ ਨੂੰ ਕਾਬੂ ਕਰ ਲਿਆ। ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਉਸ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਕਪੂਰਥਲਾ ਭੇਜ ਦਿੱਤਾ ਗਿਆ।
ਅਣਪਛਾਤੇ ਚੋਰਾਂ ਨੇ ਮੋਬਾਇਲਾਂ ਦੀ ਦੁਕਾਨ ਤੇ ਸਕੂਲ ਨੂੰ ਬਣਾਇਆ ਨਿਸ਼ਾਨਾ
NEXT STORY